ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹਰ ਸਾਲ ਮਨਾਈ ਜਾਂਦੀ ਹੈ। ਉਨ੍ਹਾਂ ਦੀ ਬਰਸੀ ਮੌਕੇ ਦੇਸ਼-ਵਿਦੇਸ਼ਾਂ ਵਿਚ ਉਨ੍ਹਾਂ ਦੇ ਮਹਾਨ ਕਾਰਜਾਂ, ਸਿੱਖ ਰਾਜ ਦੇ ਵਿਸਥਾਰ ਅਤੇ ਬਹਾਦਰੀ ਦੇ ਕਾਰਨਾਮਿਆਂ ਬਾਰੇ ਚਰਚਾ ਕੀਤੀ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਇਕ ਅਜਿਹੀ ਸ਼ਖ਼ਸੀਅਤ ਦਾ ਨਾਂਅ ਹੈ, ਜਿਸ ਦੀ ਝਲਕ ਦਰਬਾਰ ਤੇ ਜੰਗ ਦੇ ਮੈਦਾਨ ਦੋਵਾਂ ਵਿਚ ਦੇਖਣ ਨੂੰ ਮਿਲਦੀ ਹੈ। ਸੰਸਾਰ ਪੱਧਰ ਦੇ ਯੋਗ ਸ਼ਾਸਕਾਂ ਵਿਚ ਇਨ੍ਹਾਂ ਦਾ ਨਾਂਅ ਸ਼ੁਮਾਰ ਹੈ। ਸਿੱਖਿਆ ਪੱਖੋਂ ਭਾਵੇਂ ਉਹ ਅਨਪੜ੍ਹ ਸਨ, ਪਰ ਸਿਆਣਪ ਉਨ੍ਹਾਂ ਵਿਚ ਉੱਚ ਪੱਧਰ ਦੀ ਸੀ। ਸਿੱਖਿਆ ਦੇ ਵਿਸਥਾਰ ਲਈ ਉਨ੍ਹਾਂ ਨੇ ਪਿਸ਼ਾਵਰ ਵਿਖੇ ਮੁਸਲਮਾਨ ਸੰਤ ਦੀ ਲਾਇਬ੍ਰੇਰੀ ਨੂੰ ਸੁਰੱਖਿਅਤ ਰੱਖਣ ਦੇ ਆਦੇਸ਼ ਦਿੱਤੇ ਸਨ। ਉਸ ਸਮੇਂ ਸਿੱਖਿਆ ਦਾ ਪ੍ਰਬੰਧ ਬਹੁਤਾ ਵਿਕਸਿਤ ਨਹੀਂ ਸੀ। ਮਦਰੱਸੇ ਤੇ ਗੁਰਦੁਆਰੇ ਹੀ ਵਿੱਦਿਆ ਦਾ ਕੇਂਦਰ ਹੁੰਦੇ ਸਨ। ਹੌਲੀ-ਹੌਲੀ ਸਿੱਖਿਆ ਲਈ ਸਕੂਲਾਂ ਦੀ ਵਿਵਸਥਾ ਕੀਤੀ ਗਈ। ਹਰ ਮਸਜਿਦ, ਮੰਦਰ ਤੇ ਗੁਰਦੁਆਰੇ ਦੇ ਨਾਲ ਇਕ-ਇਕ ਸਕੂਲ ਦਾ ਨਿਰਮਾਣ ਕੀਤਾ ਜਾਣ ਲੱਗਾ। ਇੱਥੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਣ ਲੱਗੀ। ਉਸ ਸਮੇਂ ਰਾਜ ਦੀ ਭਾਸ਼ਾ ਫ਼ਾਰਸੀ ਸੀ, ਜੋ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀ। ਮਹਾਰਾਜਾ ਰਣਜੀਤ ਸਿੰਘ ਸਮੇਂ ਵੀ ਇਹ ਭਾਸ਼ਾ ਸਰਕਾਰੀ ਰਹੀ ਅਤੇ ਇਸ ਦੀ ਵਰਤੋਂ ਸਮਾਜ ਵਿਚ ਨਿੱਜੀ ਪੱਧਰ 'ਤੇ ਵੀ ਕੀਤੀ ਜਾਂਦੀ ਸੀ। ਸਰਕਾਰੀ ਆਦੇਸ਼ ਵੀ ਫ਼ਾਰਸੀ ਭਾਸ਼ਾ 'ਚ ਦਿੱਤੇ ਜਾਂਦੇ। ਗੁਰਮੁਖੀ ਸਕੂਲ ਹੋਰ ਸਕੂਲਾਂ ਦੀ ਤਰ੍ਹਾਂ ਗੁਰਦੁਆਰਿਆਂ 'ਚ ਹੀ ਮਿਲਦੇ ਸਨ। ਸਕੂਲਾਂ 'ਚ ਪਹਿਲਾਂ ਗੁਰਮੁਖੀ ਸਿੱਖਿਆ ਸਬੰਧੀ ਜਪੁਜੀ ਸਾਹਿਬ ਦਾ ਪਾਠ ਪੜ੍ਹਾਇਆ ਜਾਂਦਾ ਸੀ। ਗੁਰਮੁਖੀ ਸਕੂਲਾਂ 'ਚ ਗੁਰਮੁਖੀ ਅੱਖਰਾਂ ਨਾਲ ਰਚਿਤ ਗ੍ਰੰਥ ਵੀ ਪੜ੍ਹਾਏ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਹੁਤੇ ਸਕੂਲ ਗੁਰਮੁਖੀ ਭਾਸ਼ਾ 'ਚ ਸਿੱਖਿਆ ਪ੍ਰਦਾਨ ਕਰਾ ਰਹੇ ਸਨ।
ਅੰਮ੍ਰਿਤਸਰ ਇਨ੍ਹਾਂ ਭਾਸ਼ਾਈ ਕੇਂਦਰਾਂ 'ਚੋਂ ਮੁੱਖ ਸੀ। ਇਸ ਤੋਂ ਇਲਾਵਾ ਕਈ ਹੋਰ ਸਕੂਲ ਜਿਵੇਂ ਭਾਈ ਖੜਕ ਸਿੰਘ ਧੂਪੀਏ ਦਾ ਸਕੂਲ, ਭਾਈ ਰਾਮ ਸਿੰਘ ਦਾ ਸਕੂਲ, ਭਾਈ ਜੂਨ ਸਿੰਘ ਦਾ ਸਕੂਲ ਆਦਿ ਵੀ ਪ੍ਰਸਿੱਧ ਸਨ ਕਿਉਂਕਿ ਇਹ ਵੀ ਗੁਰਮੁਖੀ ਸਿੱਖਿਆ ਦੇ ਕੇਂਦਰ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਭਾਸ਼ਾ ਦੀ ਮਹੱਤਤਾ ਦੇ ਉਹ ਸੰਕਲਪ ਵਿਕਸਿਤ ਨਹੀਂ ਸਨ, ਜੋ ਅਜੋਕੇ ਸਮੇਂ 'ਚ ਹਨ, ਫਿਰ ਵੀ ਮਹਾਰਾਜਾ ਦਾ ਪੰਜਾਬੀ ਭਾਸ਼ਾ ਪ੍ਰਤੀ ਯੋਗਦਾਨ ਰਿਹਾ ਹੈ। ਇਸ ਤਰ੍ਹਾਂ ਜੇ ਅਸੀਂ ਗੱਲ ਕਰੀਏ ਉਸ ਸਮੇਂ ਔਰਤਾਂ ਦੀ ਸਿੱਖਿਆ ਦੀ, ਤਾਂ ਉਦੋਂ ਇਸਤਰੀ 'ਤੇ ਪਰਦੇ ਦਾ ਬੋਝ ਸੀ। ਸਿੱਖਿਆ ਪੱਖੋਂ ਔਰਤਾਂ ਵਿਚ ਉੱਚ ਵਿੱਦਿਆ ਕੇਵਲ ਉੱਚ ਘਰਾਣਿਆਂ ਤੱਕ ਹੀ ਸੀਮਤ ਸੀ। ਅਮੀਰ ਘਰਾਣੇ ਦੀਆਂ ਇਸਤਰੀਆਂ ਨੂੰ ਸਿੱਖਿਆ ਘਰਾਂ 'ਚ ਹੀ ਪ੍ਰਦਾਨ ਕੀਤੀ ਜਾਂਦੀ ਸੀ। ਉਨ੍ਹਾਂ ਨੂੰ ਆਮ ਤੌਰ 'ਤੇ ਸਾਹਿਤ, ਮੁਢਲਾ ਗਣਿਤ ਤੇ ਧਾਰਮਿਕ ਸਾਹਿਤ ਪੜ੍ਹਾਇਆ ਜਾਂਦਾ ਸੀ। ਕੁੜੀਆਂ ਨੂੰ ਘਰੇਲੂ ਕੰਮਾਂਕਾਰਾਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਕਾਇਦੇ ਵੀ ਜਾਰੀ ਕੀਤੇ ਸਨ, ਜਿਸ ਨੂੰ ਪੜ੍ਹ ਕੇ ਗੁਰਮੁਖੀ ਤੇ ਫ਼ਾਰਸੀ ਨੂੰ ਸਿੱਖਿਆ ਜਾ ਸਕਦਾ ਸੀ। ਮਹਾਰਾਜਾ ਨੇ ਇਹ ਕਾਇਦੇ ਪਿੰਡਾਂ ਵਿਚ ਤਹਿਸੀਲਦਾਰਾਂ ਰਾਹੀਂ ਭੇਜੇ ਤੇ ਉਨ੍ਹਾਂ ਨੂੰ ਹਰ ਪਿੰਡ 'ਚ ਵੰਡਣ ਦੇ ਹੁਕਮ ਦਿੱਤੇ। ਪਿੰਡਾਂ ਦੀਆਂ ਔਰਤਾਂ ਲਈ ਇਹ ਕਾਇਦਾ ਪੜ੍ਹਨਾ ਜ਼ਰੂਰੀ ਸੀ। ਇਸ ਤਰ੍ਹਾਂ ਉਸ ਸਮੇਂ ਹਰ ਔਰਤ ਗੁਰਮੁਖੀ ਲਿਖ ਤੇ ਪੜ੍ਹ ਸਕਦੀ ਸੀ। ਮਹਾਰਾਜਾ ਨੇ ਇਹ ਹੁਕਮ ਵੀ ਜਾਰੀ ਕੀਤਾ ਕਿ ਮਹੀਨੇ 'ਚ ਇਹ ਕਾਇਦਾ ਆਪ ਸਿੱਖਣ ਤੋਂ ਬਾਅਦ ਹਰ ਕਿਸੇ ਨੂੰ ਇਸ ਤਰ੍ਹਾਂ ਦੇ ਪੰਜ ਕਾਇਦੇ ਤਿਆਰ ਕਰਕੇ ਪੰਜ ਲੋਕਾਂ ਨੂੰ ਹੋਰ ਪੜ੍ਹਾਉਣਾ ਹੈ ਅਤੇ ਚਿੱਠੀ ਰਾਹੀਂ ਮਹਾਰਾਜਾ ਦੇ ਦਰਬਾਰ ਨੂੰ ਇਸ ਬਾਰੇ ਜਾਣਕਾਰੀ ਦੇਣੀ ਹੈ। ਇਸ ਤਰ੍ਹਾਂ ਕੁਝ ਸਾਲਾਂ ਵਿਚ ਪੰਜਾਬ ਦੇ ਕਾਫ਼ੀ ਲੋਕ ਚਿੱਠੀ ਪੜ੍ਹ-ਲਿਖਣ ਤੇ ਹਿਸਾਬ-ਕਿਤਾਬ ਕਰਨ ਦੇ ਕਾਬਲ ਹੋ ਗਏ।
ਅੰਗਰੇਜ਼ ਪ੍ਰੋਫੈਸਰ ਲਿਟਨਰ ਦਾ ਕਹਿਣਾ ਹੈ ਕਿ ਜਦੋਂ 1849 ਵਿਚ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ ਹੇਠ ਆਇਆ ਤਾਂ ਪੰਜਾਬ ਵਿਚ ਸਿੱਖਿਆ ਪ੍ਰਬੰਧ ਕਮਾਲ ਦਾ ਸੀ। ਇਸ ਤੋਂ ਇਲਾਵਾ ਲਾਹੌਰ ਵਿਚ ਕਲਾ, ਦਸਤਕਾਰੀ ਤੇ ਹੁਨਰ ਲਈ ਵਿਸ਼ੇਸ਼ ਅਦਾਰੇ ਕਾਇਮ ਕੀਤੇ ਗਏ ਸਨ, ਜਿੱਥੇ ਸਿੱਖਿਆ ਪ੍ਰਾਪਤ ਕਰਕੇ ਪੰਜਾਬ ਦੇ ਲੋਕ ਆਪਣੇ ਕਾਰੋਬਾਰ ਸਥਾਪਿਤ ਕਰਦੇ ਸਨ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬੀ ਨੂੰ ਜੜ੍ਹ ਤੋਂ ਪੁੱਟਣ ਲਈ ਅੰਗਰੇਜ਼ੀ ਦਾ ਬੂਟਾ ਲਾਉਣ ਲਈ ਜ਼ੋਰਾਂ-ਸ਼ੋਰਾਂ ਨਾਲ ਕੰਮ ਕੀਤਾ। ਫਿਰ ਸਰ ਡੋਨਲਡ ਨੇ ਪੰਜਾਬ ਦਾ ਗਵਰਨਰ ਬਣਨ ਉਪਰੰਤ ਇਹ ਹੁਕਮ ਜਾਰੀ ਕੀਤੇ ਕਿ ਪੰਜਾਬ ਦੇ ਪੜ੍ਹੇ-ਲਿਖੇ ਲੋਕਾਂ ਨੂੰ ਅੰਗਰੇਜ਼ੀ ਸਿਖਾਈ ਜਾਵੇ। ਮਿਸ਼ਨਰੀ ਸਕੂਲਾਂ ਦੇ ਛਾਪੇਖਾਨਿਆਂ ਦਾ ਗਠਨ ਕੀਤਾ ਗਿਆ ਤੇ ਇਹ ਵੀ ਐਲਾਨ ਕੀਤਾ ਗਿਆ ਕਿ ਜਿਹੜਾ ਬੰਦਾ ਅੰਗਰੇਜ਼ ਸਰਕਾਰ ਕੋਲ ਹਥਿਆਰ ਜਮ੍ਹਾਂ ਕਰਾਏਗਾ, ਉਸ ਨੂੰ ਦੋ ਆਨੇ ਤੇ ਜਿਹੜਾ ਕਾਇਦਾ ਜਮ੍ਹਾਂ ਕਰਾਏਗਾ, ਉਸ ਨੂੰ ਇਸ ਤੋਂ ਤਿੰਨ ਗੁਣਾ ਰਕਮ ਦਿੱਤੀ ਜਾਏਗੀ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਕਾਇਦੇ ਜ਼ਬਤ ਕਰ ਲਏ ਗਏ ਤੇ ਉਨ੍ਹਾਂ 'ਤੇ ਪਾਬੰਦੀ ਲਾ ਕੇ ਫੂਕਣ ਦਾ ਕੰਮ ਸ਼ੁਰੂ ਕੀਤਾ ਗਿਆ। ਪੰਜਾਬੀ ਕਾਇਦੇ 'ਤੇ ਧਾਵਾ ਬੋਲਿਆ ਗਿਆ, ਪਰ ਫਿਰ ਵੀ ਰਾਜ ਸਿੰਘਾਸਨ ਤੋਂ ਬਿਨਾਂ ਪੰਜਾਬੀ ਭਾਸ਼ਾ ਲੋਕਾਂ ਦੇ ਮਨ ਦੇ ਸਿੰਘਾਸਨ 'ਤੇ ਬਿਰਾਜਮਾਨ ਰਹੀ। ਬੇਸ਼ੱਕ ਮਹਾਰਾਜਾ ਨੇ ਆਪ ਵਿੱਦਿਆ ਪ੍ਰਾਪਤ ਨਹੀਂ ਸੀ ਕੀਤੀ, ਪਰ ਇਸ ਘਾਟ ਨੂੰ ਉਨ੍ਹਾਂ ਨੇ ਭਲੀਭਾਂਤ ਮਹਿਸੂਸ ਕੀਤਾ ਤੇ ਵਿੱਦਿਅਕ ਸੰਸਥਾਵਾਂ ਨੂੰ ਖੁੱਲ੍ਹ ਕੇ ਦਾਨ ਦਿੱਤਾ। ਇਸ ਤਰ੍ਹਾਂ ਉਸ ਸਮੇਂ ਸਿੱਖਿਆ ਨੂੰ ਉੱਚਾ ਚੁੱਕਣ ਦੇ ਯਤਨ ਜਾਰੀ ਰਹੇ। ਸੋ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਮਹਾਨ ਕਾਬਲ ਰਾਜਿਆਂ 'ਚੋਂ ਸੀ, ਜਿਸ ਨੂੰ ਸੰਸਾਰ ਦੀ ਰੂਪਰੇਖਾ ਬਦਲਣ ਲਈ ਕੇਵਲ ਮੌਕਾ ਚਾਹੀਦਾ ਹੁੰਦਾ ਸੀ। ਉਹ ਆਪਣੇ ਰਾਜ ਦੇ ਨਿੱਤ ਦੇ ਕੰਮਾਂ ਨੂੰ ਚੰਗੀ ਜੁਗਤ ਨਾਲ ਕਰਦੇ ਸਨ। ਅੰਤ ਮਹਾਰਾਜਾ ਰਣਜੀਤ ਸਿੰਘ ਸਿਹਤ ਖਰਾਬ ਹੋਣ ਕਾਰਨ 27 ਜੂਨ 1839 ਈ. ਨੂੰ ਲਾਹੌਰ ਵਿਖੇ ਅਕਾਲ ਚਲਾਣਾ ਕਰ ਗਏ।
-ਲੁਧਿਆਣਾ।
ਈ-ਮੇਲ : indu.gurbirsingh@gmail.com