ਜਦੋਂ ਔਰਗਜ਼ੇਬ ਨੂੰ ਪਤਾ ਲੱਗਾ ਕਿ ਪਹਾੜੀ ਰਾਜਿਆਂ ਦੀ ਮਦਦ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ (ਉਸ ਸਮੇਂ ਗੁਰੂ ਗੋਬਿੰਦ ਰਾਏ ਜੀ) ਨੇ ਮੁਗ਼ਲ ਸੈਨਾ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਤਾਂ ਉਸ ਨੇ ਗੁਰੂ ਜੀ ਵਿਰੁੱਧ ਸ਼ਾਹੀ ਫੁਰਮਾਨ ਜਾਰੀ ਕਰਕੇ ਲਾਹੌਰ ਦੇ ਸੂਬੇਦਾਰ ਦਿਲਾਵਰ ਖ਼ਾਂ ਨੂੰ ਸ੍ਰੀ ਅਨੰਦਪੁਰ ਸਾਹਿਬ 'ਤੇ ਚੜ੍ਹਾਈ ਕਰਨ ਦਾ ਹੁਕਮ ਦੇ ਦਿੱਤਾ। ਦਿਲਾਵਰ ਖ਼ਾਂ ਨੇ 2 ਜਨਵਰੀ 1695 ਵਿਚ ਆਪਣੇ ਪੁੱਤਰ ਰੁਸਤਮ ਖ਼ਾਂ ਨੂੰ ਵੱਡੀ ਸੈਨਾ ਦੇ ਕੇ ਅਨੰਦਪੁਰ ਸਾਹਿਬ ਵੱਲ ਭੇਜਿਆ, ਪਰ ਉਹ ਸਤਲੁਜ ਦੇ ਕੰਢੇ 'ਤੇ ਬੁਰੀ ਤਰ੍ਹਾਂ ਹਾਰ ਗਿਆ। ਜਦੋਂ ਦਿਲਾਵਰ ਖ਼ਾਂ ਨੂੰ ਪੁੱਤਰ ਦੀ ਹਾਰ ਦਾ ਪਤਾ ਲੱਗਾ ਤਾਂ ਗੁੱਸੇ 'ਚ ਉਸ ਨੇ ਆਪਣੇ ਵੱਡੇ ਜਰਨੈਲ ਗੁਲਾਮ ਹੁਸੈਨ ਖ਼ਾਂ ਨੂੰ 12 ਹਜ਼ਾਰ ਫ਼ੌਜ ਸਮੇਤ ਗੁਰੂ ਸਾਹਿਬ ਨੂੰ ਈਨ ਮਨਾਉਣ ਲਈ ਭੇਜਿਆ। ਬੜੀ ਤੇਜ਼ੀ ਨਾਲ ਹੁਸੈਨ ਖ਼ਾਂ ਗੁਲੇਰ ਵੱਲ ਵਧਿਆ। ਉਸ ਸਮੇਂ ਪਹਾੜੀ ਰਾਜੇ ਭੀਮ ਚੰਦ ਤੇ ਕਿਰਪਾਲ ਚੰਦ ਨੇ ਮੌਕਾ ਦੇਖ ਕੇ ਮੁਗ਼ਲਾਂ ਨਾਲ ਮਿਲਣ ਨੂੰ ਤਰਜੀਹ ਦਿੱਤੀ, ਕਿਉਂਕਿ ਉਹ ਗੁਰੂ ਸਾਹਿਬ ਨੂੰ ਆਪਣੀਆਂ ਰਿਆਸਤਾਂ ਲਈ ਖ਼ਤਰਾ ਮੰਨਦੇ ਸਨ। ਪਹਾੜੀ ਰਾਜਿਆਂ ਦੀ ਸੈਨਾ ਤੇ ਮੁਗ਼ਲ ਸੈਨਾ ਮਿਲ ਕੇ 22 ਹਜ਼ਾਰ ਹੋ ਗਈ। ਕਈ ਹੋਰ ਪਹਾੜੀ ਰਾਜੇ ਵੀ ਉਨ੍ਹਾਂ ਨਾਲ ਮਿਲ ਗਏ, ਪਰ ਗੁਲੇਰ ਦਾ ਰਾਜਾ ਗੋਪਾਲ ਚੰਦ ਮੁਗ਼ਲਾਂ ਵਿਰੁੱਧ ਅੜ ਗਿਆ। ਉਹ ਨਾ ਤਾਂ ਮੁਗ਼ਲਾਂ ਨੂੰ ਕਰ ਦੇਣ ਦੇ ਹੱਕ 'ਚ ਸੀ ਤੇ ਨਾ ਹੀ ਗੁਰੂ ਜੀ ਵਿਰੁੱਧ ਜਾਣਾ ਚਾਹੁੰਦਾ ਸੀ, ਸਗੋਂ ਉਸ ਨੇ ਰਾਜਾ ਭੀਮ ਚੰਦ ਤੇ ਕਿਰਪਾਲ ਚੰਦ ਨੂੰ ਗੁਰੂ ਸਾਹਿਬ ਨਾਲ ਗੱਦਾਰੀ ਕਰਨ ਦਾ ਬੁਰਾ ਮਨਾਇਆ।
ਜਦੋਂ ਗੁਲੇਰ ਦੇੇ ਰਾਜਾ ਗੋਪਾਲ ਚੰਦ ਨੇ ਕਰ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਹੁਸੈਨ ਖ਼ਾਂ ਨੇ 10 ਹਜ਼ਾਰ ਕਰ ਦੀ ਮੰਗ ਰੱਖ ਦਿੱਤੀ। ਕਰ ਨਾ ਦੇਣ ਕਰਕੇ ਭੀਮ ਚੰਦ ਦੀਆਂ ਫੌਜਾਂ ਨਾਲ ਮਿਲ ਕੇ ਹੁਸੈਨ ਖ਼ਾਂ ਨੇ ਗੁਲੇਰ 'ਤੇ ਚੜ੍ਹਾਈ ਕਰ ਦਿੱਤੀ, ਪਰ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਗੋਪਾਲ ਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਮਦਦ ਮੰਗੀ ਤਾਂ ਕਿ ਕਿਸੇ ਨਾ ਕਿਸੇ ਢੰਗ ਨਾਲ ਲੜਾਈ ਨੂੰ ਟਾਲਿਆ ਜਾ ਸਕੇ। ਗੁਰੂ ਜੀ ਨੇ ਸਮਝੌਤਾ ਕਰਾਉਣ ਲਈ ਆਪਣੇ ਬਹੁਤ ਸੂਝਵਾਨ ਤੇ ਨਿਰਭੈ ਯੋਧੇ ਭਾਈ ਸੰਗਤ ਸਿੰਘ (ਉਸ ਸਮੇਂ ਭਾਈ ਸੰਗਤੀਆ) ਨੂੰ 7 ਸਾਥੀਆਂ ਸਮੇਤ ਗੁਲੇਰ ਭੇਜਿਆ। ਗੁਲੇਰ ਪਹੁੰਚ ਕੇ ਭਾਈ ਸੰਗਤੀਆ ਨੇ ਭੀਮ ਚੰਦ ਤੇ ਕਿਰਪਾਲ ਚੰਦ ਨਾਲ ਵੱਖ-ਵੱਖ ਮੁਲਾਕਾਤਾਂ ਕੀਤੀਆਂ। ਪਰ ਉਹ ਆਪਣੀ ਗੱਲ 'ਤੇ ਅੜੇ ਰਹੇ। ਤਦ ਭਾਈ ਸੰਗਤ ਸਿੰਘ ਨੇ ਹੁਸੈਨ ਖ਼ਾਂ ਨਾਲ ਗੱਲਬਾਤ ਕੀਤੀ, ਪਰ ਉਹ ਤਾਂ ਅੰਦਰੋਂ ਅਨੰਦਪੁਰ ਸਾਹਿਬ 'ਤੇ ਚੜ੍ਹਾਈ ਕਰਨਾ ਚਾਹੁੰਦਾ ਸੀ। ਪ੍ਰੋਫੈਸਰ ਬੂਟਾ ਸਿੰਘ ਅਨੁਸਾਰ, ਗੋਪਾਲ ਚੰਦ ਕਈ ਤਰ੍ਹਾਂ ਦੇ ਤੋਹਫ਼ੇ ਤੇ ਖਿੱਲਤਾਂ ਲੈ ਕੇ ਹੁਸੈਨ ਖ਼ਾਂ ਨੂੰ ਮਿਲਿਆ, ਪਰ ਭਾਈ ਸੰਗਤ ਸਿੰਘ ਦੀ ਹਾਜ਼ਰੀ ਦੇਖ ਭੀਮ ਚੰਦ ਗੁੱਸੇ 'ਚ ਆ ਗਿਆ ਤੇ ਉਸ ਨੇ ਹੁਸੈਨ ਖ਼ਾਂ ਨੂੰ 4 ਹਜ਼ਾਰ ਟਕਿਆਂ ਦੀ ਥਾਂ 10 ਹਜ਼ਾਰ ਦੀ ਮੰਗ ਕੀਤੀ। ਭਾਈ ਸੰਗਤ ਸਿੰਘ ਨੇ ਸੁਲਾਹ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੋਈ ਹੱਲ ਨਾ ਨਿਕਲਿਆ। ਦੂਜੇ ਪਾਸੇ ਮੁਗ਼ਲ ਫ਼ੌਜਦਾਰ ਨੇ ਟਕੋਰ ਮਾਰੀ ਕਿ ਉਸ ਤੋਂ ਬਾਅਦ ਗੁਰੂ ਸਾਹਿਬ ਤੋਂ 20 ਹਜ਼ਾਰ ਵਸੂਲਣ ਦੀ ਵਾਰੀ ਹੈ ਤਾਂ ਭਾਈ ਸੰਗਤ ਸਿੰਘ ਗੁੱਸੇ 'ਚ ਆ ਗਏ ਤੇ ਜੰਗ ਲਈ ਲਲਕਾਰਿਆ। ਉਧਰ ਹੁਸੈਨ ਖ਼ਾਂ ਨੇ ਵੀ ਤਲਵਾਰ ਕੱਢ ਲਈ, ਜਿਸ ਕਾਰਨ ਸੁਲਾਹ ਦੀ ਨੀਤੀ ਲੜਾਈ 'ਚ ਬਦਲ ਗਈ।
ਇਹ ਦੇਖ ਪਹਾੜੀ ਰਾਜੇ ਭੀਮ ਚੰਦ ਤੇ ਕਿਰਪਾਲ ਚੰਦ ਨੇ ਵੀ ਤਲਵਾਰਾਂ ਧੂਹ ਲਈਆਂ। ਗੁਲੇਰ ਦੇ ਰਾਜੇ ਨੇ ਭਾਈ ਸੰਗਤ ਸਿੰਘ ਦੀ ਮਦਦ ਲਈ ਯੁੱਧ ਲੜਨ ਦੀ ਤਿਆਰੀ ਕਰ ਲਈ। ਭਾਈ ਸੰਗਤ ਸਿੰਘ ਨੇ ਹੁਸੈਨ ਖ਼ਾਂ ਨਾਲ ਮੁਕਾਬਲਾ ਕੀਤਾ। ਉਸ ਨੇ ਜੋਸ਼ ਤੇ ਸੂਰਬੀਰਤਾ ਨਾਲ ਅਜਿਹੀ ਜੰਗ ਲੜੀ ਕਿ ਨੇੜੇ ਆਉਂਦਾ ਹਰ ਮੁਗ਼ਲ ਢੇਰ ਹੁੰਦਾ ਗਿਆ। ਭਾਈ ਸੰਗਤ ਸਿੰਘ ਨੇ ਕਿਰਪਾਲ ਚੰਦ ਦਾ ਸਿਰ ਵੱਢ ਕੇ ਉਸ ਦੀਆਂ ਫੌਜਾਂ 'ਚ ਦਹਿਸ਼ਤ ਫੈਲਾ ਦਿੱਤੀ। ਉਨ੍ਹਾਂ ਨੇ ਭੀਮ ਚੰਦ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ ਅਤੇ ਹੁਸੈਨ ਖ਼ਾਂ ਦੀ ਧੌਣ ਵੱਢ ਸੁੱਟੀ। ਪਰ ਇਸੇ ਸਮੇਂ ਹਜ਼ਾਰਾਂ ਦੀ ਗਿਣਤੀ 'ਚ ਮੁਗ਼ਲ ਸੈਨਾ ਨੇ ਭਾਈ ਸੰਗਤ ਸਿੰਘ ਤੇ ਸਾਥੀਆਂ ਨੂੰ ਘੇਰ ਲਿਆ, ਪਰ ਉਨ੍ਹਾਂ ਗੁਰੂ ਸਾਹਿਬ ਨੂੰ ਯਾਦ ਕਰਦਿਆਂ ਖੂਬ ਬਹਾਦਰੀ ਦੇ ਜੌਹਰ ਦਿਖਾਏ। ਇਸ ਦੌਰਾਨ ਭਾਈ ਸੰਗਤ ਸਿੰਘ ਨੂੰ 100 ਤੋਂ ਵੱਧ ਗੰਭੀਰ ਫੱਟ ਲੱਗੇ, ਪਰ ਉਹ ਮੈਦਾਨ 'ਚ ਡਟੇ ਰਹੇ।
ਮੁਗ਼ਲ ਜਰਨੈਲ ਹੁਸੈਨ ਖ਼ਾਂ ਦੀ ਮੌਤ ਤੋਂ ਬਾਅਦ ਦੂਜੇ ਮੁਗ਼ਲ ਸਰਦਾਰ ਜਲਾਲ ਖ਼ਾਂ ਨੇ ਭਾਈ ਸੰਗਤ ਸਿੰਘ 'ਤੇ ਵੱਡਾ ਹਮਲਾ ਕੀਤਾ, ਜਿਸ ਨਾਲ ਉਹ ਘੋੜੇ ਤੋਂ ਡਿੱਗ ਪਏ ਪਰ ਸੰਭਲ ਕੇ ਦੁਸ਼ਮਣ ਦੇ ਵਾਰ ਰੋਕਣ ਲੱਗੇ। ਉਨ੍ਹਾਂ ਨੇ ਜ਼ਖ਼ਮੀ ਹੁੰਦੇ ਹੋਏ ਵੀ ਬੜੇ ਜੋਸ਼ ਨਾਲ 200 ਤੋਂ ਵੱਧ ਦੁਸ਼ਮਣਾਂ ਨੂੰ ਮਾਰ ਮੁਕਾਇਆ ਅਤੇ ਜਲਾਲ ਖ਼ਾਂ ਨੂੰ ਆਪਣੀ ਜਾਨ ਬਚਾ ਕੇ ਪਿੱਛੇ ਭੱਜਣਾ ਪਿਆ। ਭਾਈ ਸੰਗਤ ਸਿੰਘ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਗੁਲੇਰ ਦੀ ਧਰਤੀ 'ਤੇ ਸ਼ਹਾਦਤ ਪ੍ਰਾਪਤ ਕਰ ਗਏ। ਉਨ੍ਹਾਂ ਦੇ ਬਾਕੀ ਸਾਥੀ ਵੀ ਇਸੇ ਜੰਗ 'ਚ ਸ਼ਹੀਦੀਆਂ ਪਾ ਗਏ। ਗੋਪਾਲ ਚੰਦ ਆਪਣੀਆਂ ਫ਼ੌਜਾਂ ਨਾਲ ਮੈਦਾਨ 'ਚ ਡਟਿਆ ਹੋਇਆ ਸੀ ਕਿ ਸ਼ਾਹੀ ਫ਼ੌਜਾਂ ਭੱਜ ਗਈਆਂ ਤੇ ਇਹ ਦੇਖ ਰਾਜਾ ਭੀਮ ਚੰਦ ਵੀ ਭੱਜ ਗਿਆ। ਇਸ ਤਰ੍ਹਾਂ ਗੋਪਾਲ ਚੰਦ ਦੀ ਫ਼ਤਹਿ ਹੋਈ, ਪਰ ਉਸ ਨੇ ਸਾਰਾ ਸਿਹਰਾ ਭਾਈ ਸੰਗਤੀਆ ਤੇ ਉਸ ਦੇ 7 ਸਾਥੀਆਂ ਨੂੰ ਦਿੱਤਾ ਕਿਉਂਕਿ ਉਸ ਕੋਲ 2 ਹਜ਼ਾਰ ਦੇ ਕਰੀਬ ਸੈਨਿਕ ਸਨ ਤੇ ਉਹ 7 ਸਿੱਖਾਂ ਦੇ ਹੌਸਲੇ ਨਾਲ ਹੀ ਮੁਗ਼ਲ ਸੈਨਾ ਜਿਸ ਦੀ ਗਿਣਤੀ 22 ਹਜ਼ਾਰ ਦੇ ਲਗਭਗ ਸੀ, ਨਾਲ ਟੱਕਰ ਲੈਣ ਲਈ ਮੈਦਾਨ 'ਚ ਪਹੁੰਚਿਆ ਸੀ।
ਇਸ ਜੰਗ ਦਾ ਬਹੁਤ ਸੋਹਣਾ ਵਰਨਣ ਪ੍ਰੋ. ਬੂਟਾ ਸਿੰਘ ਬੜਾ ਪਿੰਡ ਨੇ ਆਪਣੀ ਪੁਸਤਕ 'ਸ਼੍ਰੋਮਣੀ ਸ਼ਹੀਦ ਭਾਈ ਸੰਗਤ ਸਿੰਘ ਜੀ' ਵਿਚ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਹੈ। ਪ੍ਰਸਿੱਧ ਇਤਿਹਾਸਕਾਰ ਪ੍ਰਿੰ. ਸਤਿਬੀਰ ਸਿੰਘ ਨੇ ਵੀ ਭਾਈ ਸੰਗਤ ਸਿੰਘ ਤੇ ਉਸ ਦੇ 7 ਸਾਥੀਆਂ ਦੇ ਇਸ ਜੰਗ 'ਚ ਸ਼ਹੀਦ ਹੋਣ ਦਾ ਜ਼ਿਕਰ ਕੀਤਾ ਹੈ, ਜਿਹੜੇ ਕਿ ਗੁਰੂ ਜੀ ਵਲੋਂ ਇੱਥੇ ਭੇਜੇ ਗਏ ਸਨ। ਇਸ ਤਰ੍ਹਾਂ ਇਸ ਜੰਗ ਦਾ ਸਿੱਖਾਂ ਲਈ ਬੜਾ ਮਹੱਤਵ ਸੀ ਕਿਉਂਕਿ ਇਸ ਜੰਗ ਵਿਚ ਮੁਗ਼ਲ ਜਰਨੈਲ ਹੁਸੈਨ ਖ਼ਾਂ ਤੇ ਕਟੋਚ ਦਾ ਰਾਜਾ ਕਿਰਪਾਲ ਦਾਸ ਮਾਰਿਆ ਗਿਆ ਸੀ। ਸਿੱਖ ਇਤਿਹਾਸ ਅਨੁਸਾਰ ਇਹ ਲੜਾਈ 20 ਫਰਵਰੀ 1693 ਈ: ਨੂੰ ਹੋਈ ਸੀ। ਭਾਵੇਂ ਇਹ ਜੰਗ ਗੁਲੇਰ ਦੇ ਰਾਜਾ ਗੋਪਾਲ ਚੰਦ ਨੇ ਜਿੱਤ ਲਈ ਸੀ, ਪਰ ਇਸ ਜੰਗ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਹੀ ਨਜ਼ਦੀਕੀ ਤੇ ਯੋਧੇ ਭਾਈ ਸੰਗਤ ਸਿੰਘ ਸਮੇਤ 7 ਸਿੱਖ ਭਾਈ ਦਰਸੋ, ਭਾਈ ਚੰਦਾ, ਭਾਈ ਗੁਰਾ, ਭਾਈ ਮੋਹਨਾ, ਭਾਈ ਲਾਲੂ, ਭਾਈ ਲਹਿਣਿਆ ਅਤੇ ਭਾਈ ਹਨੂੰਮੰਤ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦੀਆਂ ਦੇਹਾਂ ਨੂੰ ਭਾਈ ਗੋਪਾਲ ਚੰਦ ਅਨੰਦਪੁਰ ਸਾਹਿਬ ਲੈ ਆਏ। ਗੋਪਾਲ ਚੰਦ ਨੇ ਗੁਰੂ ਜੀ ਨੂੰ ਸਹਿਯੋਗ ਲਈ ਧੰਨਵਾਦ ਕਰਦਿਆਂ ਇਨ੍ਹਾਂ ਸਿੱਖਾਂ ਦੀ ਬਹਾਦਰੀ ਦਾ ਵੇਰਵਾ ਦਿੱਤਾ। ਗੁਰੂ ਜੀ ਨੇ ਸਿੱਖਾਂ ਹੱਥੋਂ ਕਿਰਪਾਲ ਦਾਸ ਤੇ ਹੁਸੈਨ ਖ਼ਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਖ਼ਬਰ ਸੁਣ ਕੇ ਕਿਹਾ ਸੀ ਕਿ ਮੁਗ਼ਲ ਰਾਜ ਦਾ ਅੰਤ ਹੋਣ ਵਾਲਾ ਹੈ। ਗੁਰੂ ਜੀ ਨੇ ਸਿੱਖਾਂ ਨੂੰ ਕਿਹਾ, 'ਸਾਡੇ ਸ਼ੇਰ ਪੁੱਤਰੋ! ਭਾਈ ਸੰਗਤੀਆ ਵਰਗੇ ਬਣੋ ਅਤੇ ਹਰ ਮੋੜ 'ਤੇ ਮੁਗ਼ਲਾਂ ਨੂੰ ਮਾਤ ਦਿਓ।' ਗੁਰੂ ਸਾਹਿਬ ਨੇ ਇਨ੍ਹਾਂ ਸਿੱਖਾਂ ਦਾ ਅੰਤਿਮ ਸੰਸਕਾਰ ਕਰਨ ਉਪਰੰਤ ਉਨ੍ਹਾਂ ਦੇ ਅਸਤ ਸ੍ਰੀ ਕੀਰਤਪੁਰ ਸਾਹਿਬ ਪਾਏ ਅਤੇ ਉਨ੍ਹਾਂ ਨਾਲ 700 ਦੇ ਕਰੀਬ ਸਿੱਖ ਕੀਰਤਪੁਰ ਗਏ। ਗੁਰੂ ਸਾਹਿਬ ਨੇ ਭਾਈ ਸੰਗਤ ਸਿੰਘ ਦੇ ਦੋ ਪੁੱਤਰਾਂ ਭਾਈ ਰਾਮ, ਭਾਈ ਸ਼ਾਮ ਤੇ ਉਨ੍ਹਾਂ ਦੀ ਵਿਧਵਾ ਬੀਬੀ ਅੰਬੋ ਨੂੰ ਸਤਿਕਾਰ ਦਿੰਦਿਆ ਦਿਲਾਸਾ ਦਿੱਤਾ। ਇਸ ਤਰ੍ਹਾਂ ਇਨ੍ਹਾਂ 7 ਸਿੱਖ ਸੂਰਮਿਆਂ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਹਮੇਸ਼ਾ ਲਈ ਸੁਨਹਿਰੀ ਅੱਖਰਾਂ ਵਿਚ ਲਿਖੀ ਗਈ।
-ਮਕਾਨ ਨੰ-3098, ਸੈਕਟਰ-37 ਡੀ, ਚੰਡੀਗੜ੍ਹ।
ਮੋਬਾਈਲ : 98764-52223