ਸ਼ਹੀਦ ਭਾਈ ਮਨੀ ਸਿੰਘ, ਜਿਨ੍ਹਾਂ ਨੇ ਸਿੱਖੀ ਲਈ ਆਪਣਾ-ਆਪਣਾ ਬੰਦ ਬੰਦ ਕਟਵਾਇਆ, ਦਾ ਜਨਮ 10 ਮਾਰਚ 1644 ਵਿਚ ਪਿਤਾ ਭਾਈ ਸਾਈ ਦਾਸ ਤੇ ਮਾਤਾ ਬੀਬੀ ਮਾਧਰੀ ਬਾਈ ਦੇ ਘਰ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ੱਫ਼ਰਗੜ੍ਹ ਪੱਛਮੀ ਪੰਜਾਬ (ਅੱਜ ਪਾਕਿਸਤਾਨ 'ਚ) ਵਿਚ ਹੋਇਆ। 1657 ਵਿਚ ਉਹ ਆਪਣੇ ਪਿਤਾ ਨਾਲ ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਕੋਲ ਕੀਰਤਪੁਰ ਸਾਹਿਬ ਗਏ। ਭਾਈ ਮਨੀ ਸਿੰਘ ਵਲੋਂ ਗੁਰੂ ਘਰ ਦੀ ਸੇਵਾ ਕਰਦਿਆਂ ਉੱਥੇ ਦੋ ਸਾਲ ਲੰਘ ਗਏ। 15 ਸਾਲ ਦੀ ਉਮਰ ਵਿਚ ਭਾਈ ਮਨੀ ਸਿੰਘ ਦਾ ਵਿਆਹ ਪਿੰਡ ਖੈਰਪੁਰ ਸਯਦਾ ਜ਼ਿਲ੍ਹਾ ਮੁਜ਼ੱਫ਼ਰਗੜ੍ਹ ਵਿਖੇ ਹੋਇਆ। ਵਿਆਹ ਦੇ ਕੁਝ ਸਮਾਂ ਪਿੱਛੋਂ ਉਹ ਆਪਣੇ ਦੋ ਭਰਾਵਾਂ ਭਾਈ ਜੇਠਾ ਤੇ ਭਾਈ ਦਿਆਲਾ ਸਮੇਤ ਕੀਰਤਪੁਰ ਸਾਹਿਬ ਆ ਗਏ। ਜਦੋਂ ਅੱਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਗਏ ਤਾਂ ਇਹ ਤਿੰਨੇ ਭਰਾ ਗੁਰੂ ਜੀ ਦੇ ਨਾਲ ਹੀ ਸਨ। ਗੁਰੂ ਜੀ ਦਾ ਦਿੱਲੀ ਵਿਖੇ ਦਿਹਾਂਤ ਹੋ ਗਿਆ ਤੇ ਉਨ੍ਹਾਂ ਦੀ ਅੰਤਿਮ ਹਦਾਇਤ ਮੁਤਾਬਕ ਜੋ ਜਥਾ ਬਾਬਾ ਬਕਾਲਾ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਤਿਲਕ ਦੇਣ ਗਿਆ, ਉਸ ਜਥੇ 'ਚ ਭਾਈ ਮਨੀ ਸਿੰਘ ਵੀ ਸ਼ਾਮਿਲ ਸਨ। ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਸੰਭਾਲਣ ਬਾਅਦ ਉਹ ਕੁਝ ਸਮੇਂ ਲਈ ਪਿੰਡ ਚਲੇ ਗਏ ਤੇ ਫਿਰ ਮਾਰਚ 1672 ਵਿਚ ਅਨੰਦਪੁਰ ਸਾਹਿਬ ਚਲੇ ਗਏ। ਇੱਥੇ ਰਹਿੰਦਿਆਂ ਭਾਈ ਮਨੀ ਸਿੰਘ ਦਾ ਮੁੱਖ ਕੰਮ ਗੁਰਬਾਣੀ ਦੀਆਂ ਸੰਚੀਆਂ ਲਿਖਣ ਦਾ ਸੀ। ਜਦੋਂ 1675 ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਗਿਆ ਤਾਂ ਭਾਈ ਮਨੀ ਸਿੰਘ ਅਨੰਦਪੁਰ ਸਾਹਿਬ ਵਿਖੇ ਬਾਲ ਗੋਬਿੰਦ ਰਾਇ ਜੀ ਕੋਲ ਸਨ। ਇਸ ਸਮੇਂ ਭਾਈ ਮਨੀ ਸਿੰਘ ਦੀ ਉਮਰ 35 ਸਾਲ ਸੀ। ਪਾਉਂਟਾ ਸਾਹਿਬ ਵਿਖੇ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਕੋਲ ਜੋ 52 ਕਵੀ ਸਨ, ਭਾਈ ਮਨੀ ਸਿੰਘ ਵੀ ਉਨ੍ਹਾਂ 'ਚੋਂ ਇਕ ਵਿਦਵਾਨ ਸਨ। 1691 ਵਿਚ ਨਦੌਣ ਦੀ ਲੜਾਈ ਵਿਚ ਵੀ ਭਾਈ ਮਨੀ ਸਿੰਘ ਨੇ ਹਿੱਸਾ ਲਿਆ। ਜੰਗ ਪਿੱਛੋਂ ਜਦੋਂ ਰਿਵਾਲਸਰ ਦੇ ਅਸਥਾਨ 'ਤੇ ਗੁਰੂ ਜੀ ਦੇ ਸਤਿਕਾਰ ਵਿਚ ਪਹਾੜੀ ਰਾਜਿਆਂ ਦੀ ਸਾਂਝੀ ਕਾਨਫਰੰਸ ਹੋਈ ਤਾਂ ਉੱਥੇ ਗੁਰੂ ਜੀ ਨੇ ਇਨ੍ਹਾਂ ਨੂੰ ਵਿਦਵਾਨ ਦੀ ਪਦਵੀ ਬਖਸ਼ੀ। ਭਾਈ ਮਨੀ ਸਿੰਘ ਇਕੱਲੇ ਹੀ ਯੁੱਧ ਵਿਚ ਨਹੀਂ ਜਾਂਦੇ ਸਨ, ਉਨ੍ਹਾਂ ਦੇ ਪੰਜ ਪੁੱਤਰ ਵੀ ਨਾਲ ਜਾਂਦੇ ਸਨ। ਜਿਹੜਾ ਮਸਤ ਹਾਥੀ ਕਿਲ੍ਹਾ ਅਨੰਦਗੜ੍ਹ ਦੇ ਦਰਵਾਜ਼ਿਆਂ ਨੂੰ ਤੋੜਨ ਲਈ ਪਹਾੜੀ ਰਾਜਿਆਂ ਨੇ ਭੇਜਿਆ ਸੀ, ਉਸ ਦਾ ਮੁਕਾਬਲਾ ਕਰਨ ਵਾਲਾ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦਾ ਪੁੱਤਰ ਹੀ ਸੀ।
ਜਦੋਂ ਦਸਮ ਪਾਤਿਸ਼ਾਹ ਅਨੰਦਪੁਰ ਸਾਹਿਬ ਛੱਡ ਕੇ ਸਾਬੋ ਕੀ ਤਲਵੰਡੀ ਪਹੁੰਚੇ ਤਾਂ ਇੱਥੇ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ 1705-1706 ਈ. ਵਿਚ ਭਾਈ ਮਨੀ ਸਿੰਘ ਤੋਂ ਲਿਖਵਾਈ। 1699 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸਾ ਪੰਥ ਦੀ ਸਾਜਨਾ ਪਿੱਛੋਂ ਭਾਈ ਮਨੀ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ ਅੰਮ੍ਰਿਤਸਰ ਭੇਜ ਦਿੱਤਾ। 1734 ਵਿਚ ਭਾਈ ਮਨੀ ਸਿੰਘ ਨੇ ਲਾਹੌਰ ਦੇ ਗਵਰਨਰ ਨੂੰ ਇਕ ਪੱਤਰ ਰਾਹੀਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ 26 ਅਕਤੂਬਰ 1733 ਨੂੰ ਦੀਵਾਲੀ ਵਾਲੇ ਦਿਨ ਸਮਾਗਮ ਕਰਨ ਦੀ ਆਗਿਆ ਮੰਗੀ। ਸਰਕਾਰ ਨੇ ਭਾਈ ਮਨੀ ਸਿੰਘ ਨੂੰ ਸਮਾਗਮ ਕਰਨ ਦੀ ਆਗਿਆ ਦੇ ਦਿੱਤੀ, ਪਰ ਸਮਾਗਮ ਦੀ ਸਮਾਪਤੀ ਮਰਗੋਂ ਟੈਕਸ ਵਜੋਂ 5 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਵੀ ਆਖ ਦਿੱਤਾ। ਭਾਈ ਮਨੀ ਸਿੰਘ ਨੇ ਸੰਗਤਾਂ ਨੂੰ ਸੱਦੇ ਪੱਤਰ ਭੇਜ ਦਿੱਤੇ। ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਵੱਲ ਚਾਲੇ ਪਾ ਦਿੱਤੇ, ਪਰ ਗਵਰਨਰ ਨੇ ਲਖਪਤ ਰਾਏ ਦੀ ਅਗਵਾਈ ਵਿਚ ਸਮਾਗਮ ਦੌਰਾਨ ਇਕੱਠੀ ਹੋਣ ਵਾਲੀ ਸੰਗਤ 'ਤੇ ਹਮਲਾ ਕਰਨ ਲਈ ਅੰਮ੍ਰਿਤਸਰ ਵਿਖੇ ਫ਼ੌਜ ਭੇਜ ਦਿੱਤੀ। ਜਦੋਂ ਇਸ ਗੱਲ ਦੀ ਭਿਣਕ ਭਾਈ ਮਨੀ ਸਿੰਘ ਨੂੰ ਪਈ ਤਾਂ ਉਨ੍ਹਾਂ ਨੇ ਸਮਾਗਮ ਮੁਲਤਵੀ ਕਰ ਦਿੱਤਾ ਅਤੇ ਰਸਤੇ ਵਿਚ ਆ ਰਹੇ ਜਥਿਆਂ ਨੂੰ ਸੁਨੇਹੇ ਭੇਜ ਕੇ ਰਸਤੇ 'ਚੋਂ ਹੀ ਵਾਪਸ ਮੁੜ ਜਾਣ ਦੀ ਬੇਨਤੀ ਕਰ ਦਿੱਤੀ ਅਤੇ ਜਿਹੜੇ ਜਥੇ ਪਹੁੰਚ ਗਏ, ਉਨ੍ਹਾਂ ਨੂੰ ਹਾਲਾਤ ਮੁਤਾਬਕ ਵਾਪਸ ਭੇਜਿਆ ਗਿਆ। ਸਮਾਗਮ ਦੇ ਸਮੇਂ ਤੋਂ ਬਾਅਦ ਸਰਕਾਰ ਨੇ ਟੈਕਸ ਦੀ ਮੰਗ ਕੀਤੀ ਤਾਂ ਸੰਗਤਾਂ ਵਲੋਂ ਭੇਟਾ ਘੱਟ ਇਕੱਠੀ ਹੋਈ ਹੋਣ ਕਰਕੇ ਭਾਈ ਮਨੀ ਸਿੰਘ ਨੇ ਸਰਕਾਰ ਤੋਂ ਵਿਸਾਖੀ 1734 ਤੱਕ ਦੀ ਮੁਹਲਤ ਲੈ ਲਈ, ਪਰ ਸਰਕਾਰ ਨੇ ਵਿਸਾਖੀ ਨੂੰ ਵੀ ਇਕੱਠ ਨਾ ਹੋਣ ਦਿੱਤਾ ਤੇ ਭਾਈ ਮਨੀ ਸਿੰਘ ਟੈਕਸ ਦੀ ਰਕਮ ਨਾ ਦੇ ਸਕੇ। ਇਸ ਗੱਲ 'ਤੇ ਮੁਗ਼ਲਾਂ ਦਾ ਵਜ਼ੀਰ ਲਖਪਤ ਰਾਏ ਫ਼ੌਜ ਲੈ ਕੇ ਅੰਮ੍ਰਿਤਸਰ ਆ ਗਿਆ ਅਤੇ ਭਾਈ ਮਨੀ ਸਿੰਘ, ਉਨ੍ਹਾਂ ਦੀ ਸਿੰਘਣੀ ਤੇ ਕੁਝ ਹੋਰ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਲੈ ਗਿਆ। ਟੈਕਸ ਨਾ ਦੇ ਸਕਣ ਦੇ ਬਦਲੇ ਭਾਈ ਮਨੀ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਪਿੱਛੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਮੌਤ ਕਬੂਲ ਕਰ ਲੈਣ ਜਾਂ ਇਸਲਾਮ ਧਰਮ ਕਬੂਲ ਕਰਨ, ਪਰ ਸਿਦਕਵਾਨ ਸਿੱਖ ਨੇ ਮੌਤ ਕਬੂਲ ਕਰ ਲਈ। 24 ਜੂਨ 1734 ਨੂੰ ਨਖਾਸ ਚੌਕ ਲਾਹੌਰ ਵਿਖੇ ਉਨ੍ਹਾਂ ਨੂੰ ਸਰੀਰ ਦਾ ਅੰਗ-ਅੰਗ ਕੱਟ ਕੇ ਸ਼ਹੀਦ ਕਰ ਦਿੱਤਾ। ਗੁਰੂ ਦੇ ਸਿੱਖ ਭਾਈ ਗੁਲਜ਼ਾਰ ਸਿੰਘ ਦੀ ਪੁੱਠੀ ਖੱਲ ਲਾਹੀ ਗਈ। ਭੂਪਤ ਸਿੰਘ ਦੀਆਂ ਅੱਖਾਂ ਕੱਢ ਕੇ ਉਸ ਨੂੰ ਚਰਖੜੀ 'ਤੇ ਚਾੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਬਾਕੀ ਸਿੰਘਾਂ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।
ਭਾਈ ਮਨੀ ਸਿੰਘ ਦੇ ਦਾਦਾ ਭਾਈ ਬਲੂ ਰਾਏ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫ਼ੌਜ ਵਿਚ ਜਰਨੈਲ ਰਹੇ ਸਨ ਤੇ ਮੁਗ਼ਲਾਂ ਨਾਲ ਟੱਕਰ ਲੈਂਦਿਆਂ 1628 ਵਿਚ ਅੰਮ੍ਰਿਤਸਰ ਵਿਖੇ ਸ਼ਹੀਦੀ ਪਾ ਗਏ ਸਨ। ਭਾਈ ਮਨੀ ਸਿੰਘ 12 ਭਰਾ ਸਨ, ਜਿਨ੍ਹਾਂ 'ਚੋਂ 11 ਸ਼ਹੀਦ ਹੋਏ। ਭਾਈ ਮਨੀ ਸਿੰਘ ਦੇ 10 ਪੁੱਤਰ ਸਨ, ਜਿਨ੍ਹਾ 'ਚੋਂ 7 ਸ਼ਹੀਦ ਹੋਏ। ਦੂਜੇ ਭਰਾਵਾਂ ਦੇ ਪੋਤਿਆਂ ਸਮੇਤ ਭਾਈ ਮਨੀ ਸਿੰਘ ਦੇ 10 ਪੋਤਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਨ੍ਹਾਂ ਦੇ ਪਰਿਵਾਰ ਦੇ 29 ਮੈਂਬਰ ਸ਼ਹੀਦ ਹੋਏ। ਗੁਰੂ ਘਰ ਵਿਚ ਇਨ੍ਹਾਂ ਦੇ ਪਰਿਵਾਰ ਦੀ ਸ਼ਹੀਦੀ ਦੀ ਮਿਸਾਲ ਹੋਰ ਕਿਤੇ ਵੀ ਨਹੀਂ ਮਿਲਦੀ। ਭਾਈ ਮਨੀ ਸਿੰਘ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਮਣੇ ਰੇਲਵੇ ਸਟੇਸ਼ਨ ਲਾਹੌਰ ਵਿਖੇ ਸੁਸ਼ੋਭਿਤ ਹੈ। ਇਨ੍ਹਾਂ ਮਹਾਨ ਸ਼ਹੀਦ ਦੀ ਯਾਦਗਾਰ ਦੇਸ਼ ਦੀ ਵੰਡ ਵੇਲੇ ਪਾਕਿਸਤਾਨ ਵਿਚ ਰਹਿ ਗਈ।\
ਕੈਲਪੁਰ ਰੋਡ, ਮੁੱਲਾਂਪੁਰ ਦਾਖਾ (ਲੁਧਿਆਣਾ)।
ਮੋਬਾਈਲ : +91 8428464104