ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਗੁਰੂ ਸਾਹਿਬਾਨ ਦਾ ਸ਼ਬਦ ਪ੍ਰਤੀ ਸਤਿਕਾਰ

Ad Position 21
No active advertisement
ਅਜੀਤ ਡੈਸਕ 13-07-2026

ਸ਼ਬਦ ਨੂੰ ਆਰੰਭ ਤੋਂ ਹੀ ਬਹੁਤ ਮਾਣ ਦਿੱਤਾ ਗਿਆ ਹੈ। ਗ਼ੈਰ-ਸਿੱਖ ਮੱਤਾਂ ਵਿਚ ਵੀ ਸ਼ਬਦ ਨੂੰ ਕਾਫੀ ਸਤਿਕਾਰ ਦਿੱਤਾ ਗਿਆ। ਸ੍ਰਿਸ਼ਟੀ ਦੀ ਸਾਜਨਾ ਵੀ ਸ਼ਬਦ ਤੋਂ ਹੀ ਹੋਈ ਮੰਨੀ ਜਾਂਦੀ ਹੈ। ਪਰ ਸਿੱਖ ਧਰਮ ਵਿਚ ਤਾਂ ਸ਼ਬਦ ਨੂੰ ਗੁਰੂ ਕਿਹਾ ਗਿਆ ਹੈ। ਸਾਰੀ ਕੌਮ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਨਿਵਾਉਂਦੀ ਹੈ। ਇਸ ਲੇਖ ਵਿਚ ਇਸ ਵਿਸ਼ੇ 'ਤੇ ਕੇਂਦਰਿਤ ਹੋਵਾਂਗੇ ਕਿ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਵਿਚ ਤੇ ਆਪਣੀ ਰਚਨਾ ਵਿਚ ਸ਼ਬਦ-ਬਾਣੀ ਨੂੰ ਕਿੰਨਾ ਮਾਣ ਦਿੱਤਾ ਹੈ।
ਗੁਰੂ ਨਾਨਕ ਦੇਵ ਜੀ ਨੇ ਹੀ ਸ਼ਬਦ ਨੂੰ ਗੁਰੂ ਕਿਹਾ ਹੈ। ਉਨ੍ਹਾਂ ਨੇ ਆਪ ਸ਼ਬਦ ਨੂੰ ਪਛਾਣਿਆ। ਸ਼ਬਦ ਨੂੰ ਲਿਖਿਆ ਤੇ ਸ਼ਬਦ ਦਾ ਪ੍ਰਚਾਰ ਕੀਤਾ। ਜਦੋਂ ਉਨ੍ਹਾਂ ਨੇ ਉਦਾਸੀਆਂ ਕੀਤੀਆਂ ਤਾਂ ਭਾਈ ਗੁਰਦਾਸ ਜੀ ਉਨ੍ਹਾਂ ਦੇ ਕੋਲ ਇਕ ਕਿਤਾਬ ਹੋਣ ਦਾ ਜ਼ਿਕਰ ਕਰਦੇ ਹਨ। ਇਸ ਵਿਚ ਉਨ੍ਹਾਂ ਤੋਂ ਪਹਿਲੇ ਭਗਤਾਂ ਦੀ ਬਾਣੀ ਸੀ, ਜੋ ਉਹ ਵੱਖ-ਵੱਖ ਥਾਂ ਤੋਂ ਇਕੱਠੀ ਕਰ ਰਹੇ ਸਨ ਤੇ ਉਹ ਸਾਰੇ ਸ਼ਬਦ ਵੀ, ਜੋ ਉਨ੍ਹਾਂ ਆਪਣੀ ਕਲਮ ਤੋਂ ਲਿਖੇ। ਭਾਈ ਗੁਰਦਾਸ ਜੀ ਦੇ ਸ਼ਬਦਾਂ ਹਨ:-
ਬਾਬਾ ਫਿਰਿ ਮਕੇ ਗਇਆ ਨੀਲ
ਬਸਤ੍ਰ ਧਾਰੇ ਬਨਵਾਰੀ।
ਆਸਾ ਹਥਿ ਕਿਤਾਬ ਕਛਿ
ਕੂਜਾ ਬਾਂਗ ਮੁਸਲਾ ਧਾਰੀ।
(ਵਾਰ:1, ਪਉੜੀ:32)
ਇਹ ਸ਼ਬਦ ਦਾ ਸਤਿਕਾਰ ਹੀ ਸੀ, ਜਿਸ ਕਾਰਨ ਉਨ੍ਹਾਂ ਵੱਖ-ਵੱਖ ਥਾਵਾਂ ਤੋਂ ਭਗਤਾਂ ਦੀ ਰਚੀ ਬਾਣੀ ਨੂੰ ਇਕੱਤਰ ਕੀਤਾ। ਗੁਰੂ ਜੀ ਆਪਣੀ ਰਚਨਾ ਵਿਚ ਸ਼ਬਦ ਨੂੰ ਬਹੁਤ ਉੱਚਾ ਸਥਾਨ ਦਿੰਦੇ ਹਨ ਤੇ ਉਹ ਇਸ ਨੂੰ ਪਰਮਾਤਮਾ ਦੀ ਬਾਣੀ ਆਖਦੇ ਹਨ:-
ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ॥
(ਤਿਲੰਗ, ਮ:1, ਅੰਗ: 722)
ਜਦੋਂ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਕਿ ਤੇਰਾ ਗੁਰੂ ਕੌਣ ਹੈ ਤਾਂ ਗੁਰੂ ਸਾਹਿਬ ਨੇ ਸ਼ਬਦ ਨੂੰ ਹੀ ਆਪਣਾ ਗੁਰੂ ਕਿਹਾ ਸੀ:-
ਪਵਨ ਅਰੰਭੁ ਸਤਿਗੁਰ ਮਤਿ ਵੇਲਾ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਰਾਮਕਲੀ, ਮ:1, ਅੰਗ:938)
ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਬਣਨ ਦੀ ਘਟਨਾ ਸਿਰਫ਼ ਸ਼ਬਦ ਕਰਕੇ ਹੀ ਹੋ ਸਕੀ ਸੀ। ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ ਭਾਈ ਜੋਧ ਦੇ ਮੁੱਖੋਂ ਸੁਣੇ ਆਸਾ ਦੀ ਵਾਰ ਦੇ ਸ਼ਬਦਾਂ ਨੇ ਉਨ੍ਹਾਂ ਨੂੰ ਬੰਨ੍ਹ ਲਿਆ ਸੀ ਅਤੇ ਉਹ ਇਨ੍ਹਾਂ ਸ਼ਬਦਾਂ ਦੇ ਰਚੇਤਾ ਨੂੰ ਲੱਭਣ ਲਈ ਕਰਤਾਰਪੁਰ ਜਾ ਪੁੱਜੇ ਸਨ। ਗੁਰੂ ਬਣਨ ਉਪਰੰਤ ਉਨ੍ਹਾਂ ਨੇ ਗੁਰਮੁਖੀ ਅੱਖਰਾਂ ਨੂੰ ਸੋਧਿਆ, ਤਰਤੀਬ ਦਿੱਤੀ ਤੇ ਇਨ੍ਹਾਂ ਅੱਖਰਾਂ 'ਚ ਹੀ ਬਾਣੀ ਰਚੀ। ਗੁਰੂ ਅੰਗਦ ਦੇਵ ਜੀ ਦੇ ਸ਼ਬਦ-ਸੁਰਤ ਵਿਚ ਰੱਤੇ ਹੋਣ ਦਾ ਜ਼ਿਕਰ ਇੰਝ ਹੈ:-
ਨਾਨਕਿ ਨਾਮੁ ਨਿਰੰਜਨ ਜਾਨ੍ਹਉ
ਕੀਨੀ ਭਗਤਿ ਪ੍ਰੇਮ ਲਿਵ ਲਾਈ॥
ਤਾ ਤੇ ਅੰਗਦੁ ਅੰਗ ਸੰਗਿ ਭਯੋ
ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ॥
(ਸਵਈਏ ਮਹਲੇ ਚਉਥੇ ਕੇ, ਅੰਗ:1405)
ਗੁਰਬਾਣੀ ਦੇ ਸ਼ਬਦ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ (ਜੋ ਗੁਰੂ ਅਮਰਦਾਸ ਜੀ ਦੇ ਭਾਣਜੇ ਦੀ ਪਤਨੀ ਸਨ) ਤੋਂ ਸੁਣ ਕੇ ਹੀ ਅਮਰਦਾਸ ਜੀ ਨੂੰ ਪ੍ਰੇਮ ਜਾਗਿਆ ਦੇ ਜੋ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਉਪਰੰਤ ਹੋਰ ਗੂੜ੍ਹਾ ਹੋ ਗਿਆ। ਇਹ ਸ਼ਬਦ ਦਾ ਕਮਾਲ ਹੀ ਸੀ ਕਿ ਉਹ ਨਿਥਾਵਿਆਂ ਦੇ ਥਾਂ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਗੁਰੂ ਬਣ ਗਏ। ਆਪਣੇ ਦੋਹਤੇ (ਗੁਰੂ) ਅਰਜਨ ਦੇਵ ਜੀ ਨੂੰ ਗੁਰੂ ਅਮਰਦਾਸ ਜੀ ਮਾਲ-ਧਨ ਜਾਂ ਅਹੁਦੇ ਪ੍ਰਾਪਤ ਹੋਣ ਦੀ ਅਸੀਸ ਨਹੀਂ ਦਿੰਦੇ, ਸਗੋਂ ਦੋਹਿਤਾ ਬਾਣੀ ਕਾ ਬੋਹਿਥਾ ਆਖ ਕੇ ਬਖਸ਼ਿਸ਼ ਕਰਦੇ ਹਨ। ਉਨ੍ਹਾਂ ਦੀ ਬਾਣੀ 'ਚ ਸ਼ਬਦ ਬਾਰੇ ਫੁਰਮਾਨ ਹਨ:-
ਇਕਾ ਬਾਣੀ ਇਕੁ ਗੁਰੁ
ਇਕੋ ਸਬਦੁ ਵੀਚਾਰਿ
(ਸੋਰਠਿ, ਮ:3, ਅੰਗ:646)
ਭਾਈ ਜੇਠਾ ਜਦ ਤੋਂ ਗੁਰੂ ਅਮਰਦਾਸ ਜੀ ਦੇ ਸੰਪਰਕ ਵਿਚ ਆਏ, ਉਨ੍ਹਾਂ ਨੂੰ ਸ਼ਬਦ ਗਿਆਨ ਹੋ ਗਿਆ ਤੇ ਸ਼ਬਦ ਨਾਲ ਏਨਾ ਗੂੜ੍ਹਾ ਪਿਆਰ ਹੋ ਗਿਆ ਕਿ ਉਨ੍ਹਾਂ ਨੇ 30 ਰਾਗਾਂ ਵਿਚ ਬਾਣੀ ਰਚੀ। ਉਨ੍ਹਾਂ ਨੇ ਸ਼ਬਦ ਨੂੰ ਗੁਰੂ ਆਖ ਸੰਗਤ ਨੂੰ ਵੀ ਇਸ ਦੇ ਲੜ ਲਾਇਆ। ਉਨ੍ਹਾਂ ਦੀ ਬਾਣੀ 'ਚ ਸ਼ਬਦ ਸਤਿਕਾਰ ਦੀਆਂ ਤੇਜ਼ ਕਿਰਨਾਂ ਹਰ ਭਟਕਦੀ ਆਤਮਾ ਲਈ ਮਾਰਗਦਰਸ਼ਕ ਦਾ ਕੰਮ ਕਰਦੀਆਂ ਹਨ।
ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰ ਬਾਣੀ ਕਹੈ ਸੇਵਕੁ ਜਨੁ ਮਾਨੈ
ਪਰਤਖਿ ਗੁਰੂ ਨਿਸਤਾਰੇ॥ (ਨਟ, ਮ:4, ਅੰਗ:982)
ਆਪਣੇ ਨਾਨਾ ਜੀ ਤੋਂ ਮਿਲੇ ਅਸ਼ੀਰਵਾਦ ਅਨੁਸਾਰ ਹੀ ਗੁਰੂ ਅਰਜਨ ਦੇਵ ਜੀ ਬਾਣੀ ਦੇ ਬੋਹਿਥ ਹੋਏ। ਗੁਰੂ ਗ੍ਰੰਥ ਸਾਹਿਬ 'ਚ ਉਨ੍ਹਾਂ ਦੀ ਬਾਕੀ ਗੁਰੂ ਸਾਹਿਬਾਨ ਨਾਲੋਂ ਵੱਧ ਬਾਣੀ ਹੈ। ਆਦਿ ਗ੍ਰੰਥ ਦੀ ਸੰਪਾਦਨਾ ਕਰਕੇ ਉਨ੍ਹਾਂ ਨੇ ਸਾਰੀ ਲੋਕਾਈ 'ਤੇ ਵੱਡਾ ਉਪਕਾਰ ਕੀਤਾ। ਉਨ੍ਹਾਂ ਦੀ ਬਾਣੀ ਵਿਚ ਸ਼ਬਦ ਨੂੰ ਗੁਰੂ ਮੰਨਿਆ ਗਿਆ ਹੈ:-
ਧੁਰ ਕੀ ਬਾਣੀ ਆਈ॥
ਤਿਨਿ ਸਗਲੀ ਚਿੰਤ ਮਿਟਾਈ॥ (ਸੋਰਠਿ, ਮ:5, ਅੰਗ:627)
ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਵੀ ਬਾਣੀ ਨੂੰ ਪੂਰਨ ਸਤਿਕਾਰ ਦਿੱਤਾ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕੋਈ ਕਰਾਮਾਤ ਕਰ ਕੇ ਦਿਖਾਉਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਆਖਿਆ ਕਿ ਸ਼ਬਦ ਹੀ ਕਰਾਮਾਤ ਹੈ। ਗੁਰੂ ਜੀ ਫ਼ਰਮਾਉਂਦੇ ਹਨ:-
ਹਰਿ ਕੋ ਨਾਮੁ ਸਦਾ ਸੁਖਦਾਈ॥
ਜਾ ਕਉ ਸਿਮਰਿ ਅਜਾਮਲੁ ਉਧਰਿਓ
ਗਨਿਕਾ ਹੂ ਗਤਿ ਪਾਈ॥ (ਮਾਰੂ, ਮ:9, ਅੰਗ:1008)
ਭਾਵ ਸ਼ਬਦ ਵਿਚ ਏਨੀ ਤਾਕਤ ਹੈ ਕਿ ਅਜਾਮਲ ਵੀ ਨਾਮ ਸ਼ਬਦ ਨਾਲ ਵਿਕਾਰਾਂ ਤੋਂ ਬਚ ਗਿਆ ਅਤੇ ਇਸ ਨਾਮ ਨੂੰ ਸਿਮਰ ਕੇ ਇਕ ਵੇਸਵਾ ਨੇ ਵੀ ਉਚ ਆਤਮਕ ਅਵਸਥਾ ਹਾਸਲ ਕਰ ਲਈ ਸੀ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਆਦਿ ਗ੍ਰੰਥ ਵਿਚ ਉਸੇ ਤਰਤੀਬ 'ਚ ਚੜ੍ਹਾਇਆ, ਜਿਸ ਤਰਤੀਬ ਵਿਚ ਗੁਰੂ ਅਰਜਨ ਦੇਵ ਜੀ ਨੇ ਸੰਪਾਦਿਤ ਕੀਤਾ ਸੀ। ਉਪਰੰਤ ਇਸ ਗ੍ਰੰਥ ਨੂੰ ਹੀ ਗੁਰਗੱਦੀ ਦਿੱਤੀ ਤੇ ਸੰਗਤ ਦੇ ਸਾਹਮਣੇ ਇਸ ਗ੍ਰੰਥ ਨੂੰ ਸਿਰ ਨਿਵਾ ਕੇ ਸਭ ਸਿੱਖਾਂ ਲਈ ਇਹ ਹੁਕਮ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਗੁਰੂ ਗ੍ਰੰਥ ਨੂੰ ਹੀ ਗੁਰੂ ਮੰਨਣਾ ਹੈ। ਭਾਈ ਮਨੀ ਸਿੰਘ ਜੀ ਅਤੇ ਹੋਰ ਸਿੱਖਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਕਰਾਉਣੇ ਉਨ੍ਹਾਂ ਦੇ ਸ਼ਬਦ ਬਾਣੀ ਪ੍ਰਤੀ ਸਤਿਕਾਰ ਨੂੰ ਹੀ ਪਰਗਟ ਕਰਦੇ ਹਨ।
ਉਪਰੋਕਤ ਵਿਚਾਰ ਚਰਚਾ ਤੋਂ ਅਸੀਂ ਦੇਖਦੇ ਹਾਂ ਕਿ ਸਾਰੇ ਗੁਰੂ ਸਾਹਿਬਾਨ ਨੇ ਹੀ ਆਪਣੇ ਜੀਵਨ ਵਿਚ ਸ਼ਬਦ-ਬਾਣੀ ਨੂੰ ਸਤਿਕਾਰ ਦਿੱਤਾ ਅਤੇ ਆਪਣੀ ਰਚੀ ਹੋਈ ਬਾਣੀ ਵਿਚ ਵੀ ਸ਼ਬਦ ਨੂੰ ਗੁਰੂ ਅਤੇ ਪਾਰਬ੍ਰਹਮ ਤੱਕ ਕਿਹਾ ਹੈ। ਉਦੋਂ ਦੁੱਖ ਲਗਦਾ ਹੈ ਜਦੋਂ ਅੱਜ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਵੱਖ-ਵੱਖ ਰੰਗ ਬਿਰੰਗੇ ਡੇਰਿਆਂ ਅਤੇ ਬਾਬਿਆਂ ਕੋਲ ਜਾਂਦੇ ਦੇਖਦੇ ਹਾਂ। ਭਗਤ ਕਬੀਰ ਜੀ ਫ਼ਰਮਾਉਂਦੇ ਹਨ:-
ਜਾ ਕੋ ਠਾਕੁਰੁ ਊਚਾ ਹੋਈ॥
ਸੋ ਜਨੁ ਪਰ ਘਰ ਜਾਤ ਨ ਸੋਹੀ॥ (ਗਉੜੀ ਤੇ ਸੋਰਠਿ, ਭਗਤ ਕਬੀਰ ਜੀ, ਅੰਗ:330)
ਭਾਵ ਜਿਸ ਮਨੁੱਖ ਦਾ ਮਾਲਕ ਵੱਡਾ ਹੋਵੇ, ਉਹ ਹੋਰ ਘਰੀਂ ਜਾਂਦਾ ਚੰਗਾ ਨਹੀਂ ਲਗਦਾ। ਪਾਤਿਸ਼ਾਹ ਬਖਸ਼ਿਸ ਕਰਨ ਕਿ ਸਾਨੂੰ ਜਿਸ ਸ਼ਬਦ ਦੇ ਲੜ ਲਾਇਆ ਹੈ, ਸਾਨੂੰ ਉਸ ਦਾ ਸਤਿਕਾਰ ਕਰਨਾ ਆ ਜਾਵੇ, ਸ਼ਬਦ ਦੀ ਸਮਝ ਆ ਜਾਵੇ, ਸ਼ਬਦ ਨੂੰ ਕਮਾਉਣਾ ਸਿੱਖ ਸਕੀਏ ਅਤੇ ਸ਼ਬਦ ਅਨੁਸਾਰ ਆਪਣਾ ਜੀਵਨ ਢਾਲ ਸਕੀਏ।
-ਮੋਬਾਈਲ : 98147-15796

Ad Position 22
No active advertisement
ਪਿਛਲੀ ਖ਼ਬਰ ਜਦੋਂ ਗੁਲੇਰ ਦੇ ਰਾਜੇ ਨੇ ਭਾਈ ਸੰਗਤ ਸਿੰਘ ਤੇ 7 ਸਿੱਖਾਂ ਦੇ ਹੌਂਸਲੇ ਨਾਲ ਜੰਗ ਜਿੱਤੀ ਅਗਲੀ ਖ਼ਬਰ ਡੂੰਘੇ ਅਰਥ ਰੱਖਦੀ ਹੈ ਸ੍ਰੀ ਹਰਿਮੰਦਰ ਸਾਹਿਬ ਦੀ ਭਵਨ ਨਿਰਮਾਣ ਕਲਾ
Ad Position 24
No active advertisement