ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸਿੱਖ ਇਤਿਹਾਸ ਦੀ ਸਤਿਕਾਰਤ ਸ਼ਖ਼ਸੀਅਤ ਬੀਬੀ ਵੀਰੋ

Ad Position 21
No active advertisement
ਅਜੀਤ ਡੈਸਕ 06-07-2026

19 ਜੂਨ 1595 ਈ: ਨੂੰ ਗੁਰੂ ਦੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ਵਾਨ ਹੋਏ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖੀ ਦੇ ਉਪਦੇਸ਼ ਦੇ ਨਾਲ ਸਿੱਖਾਂ ਨੂੰ ਦਲੇਰ ਤੇ ਨਿਡਰ ਬਣਨ ਦੀ ਸੇਧ ਵੀ ਦਿੱਤੀ। ਜੇ ਅਸੀਂ ਉਨ੍ਹਾਂ ਦੇ ਵਿਆਹਾਂ ਦੀ ਗੱਲ ਕਰੀਏ ਤਾਂ ਇਤਿਹਾਸ ਦੱਸਦਾ ਹੈ ਕਿ ਉਨ੍ਹਾਂ ਦਾ ਪਹਿਲਾ ਵਿਆਹ ਡੱਲਾ ਨਿਵਾਸੀ ਸ੍ਰੀ ਨਰਾਇਣ ਦਾਸ ਦੀ ਸਪੁੱਤਰੀ ਦਮੋਦਰੀ ਜੀ ਨਾਲ ਸੰਮਤ 1661 ਵਿਚ ਹੋਇਆ, ਜਦਕਿ ਦੂਜਾ ਵਿਆਹ ਬਾਬਾ ਬਕਾਲਾ ਦੇ ਸ੍ਰੀ ਹਰੀ ਚੰਦ ਦੀ ਸਪੁੱਤਰੀ ਨਾਨਕੀ ਜੀ ਨਾਲ ਸੰਮਤ 1670 'ਚ ਹੋਇਆ। ਇਸੇ ਤਰ੍ਹਾਂ ਤੀਜਾ ਵਿਆਹ ਸੰਮਤ 1672 'ਚ ਮੰਡਿਆਲੀ ਦੇ ਸ੍ਰੀ ਦਇਆ ਰਾਮ ਦੀ ਸਪੁੱਤਰੀ ਮਹਾਦੇਵੀ ਜੀ ਨਾਲ ਹੋਇਆ। ਛੇਵੇਂ ਪਾਤਿਸ਼ਾਹ ਜੀ ਦੇ ਘਰ ਪੰਜ ਪੁੱਤਰਾਂ ਬਾਬਾ ਗੁਰਦਿੱਤਾ ਜੀ, ਸ੍ਰੀ ਸੂਰਜ ਮੱਲ ਜੀ, ਸ੍ਰੀ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਇਕ ਸਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ। ਬੀਬੀ ਵੀਰੋ ਦਾ ਜਨਮ ਸੰਮਤ 1672 'ਚ ਮਾਤਾ ਦਮੋਦਰੀ ਜੀ ਦੀ ਕੁੱਖੋ ਹੋਇਆ। ਬੀਬੀ ਵੀਰੋ ਦੀ ਸਿੱਖ ਇਤਿਹਾਸ ਵਿਚ ਬਹੁਤ ਮਹੱਤਤਾ ਰਹੀ ਹੈ। ਇਕ ਦਿਨ ਗੁਰੂ ਜੀ ਦੇ ਦੀਵਾਨ ਵਿਚ ਮਲੇਪੁਰ ਪਿੰਡ ਦਾ ਰਹਿਣ ਵਾਲਾ ਭਾਈ ਧਰਮ ਚੰਦ ਖੋਸਲਾ ਖੱਤਰੀ ਆਪਣੇ ਪੁੱਤਰ ਸਾਧੂ ਰਾਮ ਨਾਲ ਗੁਰੂ ਜੀ ਦੇ ਉਪਦੇਸ਼ ਸੁਣਨ ਆਇਆ ਤੇ ਉਹ ਸਮਾਪਤੀ ਤੱਕ ਬੈਠੇ ਰਹੇ। ਗੁਰੂ ਜੀ ਨੇ ਮਾਤਾ ਜੀ, ਬਾਬਾ ਬੁੱਢਾ ਜੀ ਅਤੇ ਹੋਰ ਕਈ ਗੁਰਸਿੱਖਾਂ ਨਾਲ ਸਲਾਹ ਕਰ ਕੇ ਬੀਬੀ ਵੀਰੋ ਦੀ ਮੰਗਣੀ ਸਾਧੂ ਰਾਮ ਨਾਲ ਕਰ ਕੇ ਵਿਆਹ ਦੀ ਤਰੀਖ 26 ਜੇਠ ਸੰਮਤ 1685 ਨਿਯਤ ਕਰ ਦਿੱਤੀ। ਪਰ ਵਿਆਹ ਤੋਂ ਪਹਿਲਾਂ ਹੀ ਤੁਰਕ ਸੈਨਾ ਚੜ੍ਹ ਕੇ ਆ ਗਈ ਤੇ ਗੁਰੂ ਜੀ ਨੇ ਆਪਣੇ ਕੁਝ ਯੋਧਿਆਂ ਨੂੰ ਮਹਿਲਾਂ 'ਚੋਂ ਸਾਰੇ ਪਰਿਵਾਰ ਨੂੰ ਕੱਢ ਕੇ ਰਾਮਸਰ ਵੱਲ ਲਿਜਾਣ ਲਈ ਕਿਹਾ। ਸਿੱਖਾਂ ਯੋਧਿਆਂ ਨੇ ਬੜੀ ਜਲਦੀ ਇੰਝ ਕਰ ਕੇ ਪੂਰੇ ਪਰਿਵਾਰ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾ ਦਿੱਤਾ। ਪਰ ਤੁਰਕ ਸੈਨਾ ਨੇ ਸ਼ਹਿਰ ਵਿਚ ਦਾਖ਼ਲ ਹੋ ਕੇ ਉਹ ਮਠਿਆਈ ਵੀ ਲੁੱਟ ਕੇ ਖਾ ਲਈ, ਜੋ ਬੀਬੀ ਵੀਰੋ ਦੇ ਵਿਆਹ ਲਈ ਤਿਆਰ ਕੀਤੀ ਸੀ। ਉੱਧਰ ਗੁਰੂ ਜੀ ਨੇ ਇਕ ਜਥੇ ਨਾਲ ਸਾਰਾ ਪਰਿਵਾਰ ਝਬਾਲ ਵਿਖੇ ਭੇਜ ਦਿੱਤਾ।
ਸਿੱਖਾਂ ਯੋਧਿਆਂ ਨੇ ਲੋਹਗੜ੍ਹ ਦੇ ਕਿਲ੍ਹੇ ਤੋਂ ਮੁਗਲਾਂ ਦਾ ਮੁਕਾਬਲਾ ਕੀਤਾ ਤੇ ਇਹ ਯੁੱਧ ਰਾਤੋ-ਰਾਤ ਗੁਰੂ ਦੇ ਮਹਿਲਾਂ ਅਤੇ ਰਾਮਸਰ ਤੋਂ ਹੁੰਦਾ ਹੋਇਆ ਤਰਨ ਤਾਰਨ ਨੇੜੇ ਚੱਬੇ ਪਿੰਡ ਤੱਕ ਪਹੁੰਚ ਗਿਆ। ਇਸ ਲੜਾਈ 'ਚ ਮੁਗਲ ਅਹਿਲਕਾਰ ਮੁਖ਼ਲਿਸ ਖ਼ਾਂ ਬਹੁਤ ਸਾਰੇ ਮੁਗਲ ਸੈਨਿਕਾਂ ਸਮੇਤ ਮਾਰਿਆ ਗਿਆ। ਉੱਧਰ ਗੁਰੂ ਜੀ ਨੇ ਜੰਝ ਝਬਾਲ ਵਿਖੇ ਬੁਲਾ ਕੇ 26 ਜੇਠ ਸੰਮਤ 1685 ਬਿਕਰਮੀ ਨੂੰ ਬੀਬੀ ਵੀਰੋ ਦਾ ਵਿਆਹ ਸਾਧੂ ਰਾਮ ਨਾਲ ਕਰ ਦਿੱਤਾ ਅਤੇ ਬਾਕੀ ਪਰਿਵਾਰ ਤੇ ਸਿੱਖਾਂ ਦੇ ਜਥੇ ਨੂੰ ਲੈ ਕੇ ਗੋਇੰਦਵਾਲ ਪਹੁੰਚ ਗਏ। ਸਮਾਂ ਬੀਤਣ 'ਤੇ ਬੀਬੀ ਵੀਰੋ ਦੇ ਪੰਜ ਪੁੱਤਰ ਹੋਏ, ਜੋ ਬੜੇ ਸੂਰਬੀਰ ਸਨ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨਿਵਾਸ ਕੀਤਾ ਤਾਂ ਉਨ੍ਹਾਂ ਨੇ ਆਪਣੇ ਕੋਲ ਚੰਗੇ ਯੋਧੇ, ਸ਼ਸਤਰ ਤੇ ਘੋੜੇ ਇਕੱਠੇ ਕਰਨੇ ਸ਼ੁਰੂ ਕੀਤੇ ਤਾਂ ਉਨ੍ਹਾਂ ਕੋਲ ਬੀਬੀ ਵੀਰੋ ਦੇ ਪੰਜ ਪੁੱਤਰ, ਸੂਰਜਮੱਲ ਦੇ ਦੋ ਪੋਤਰੇ ਅਤੇ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਪ੍ਰੋਹਤ ਦਾ ਪੁੱਤਰ ਦਇਆ ਨੰਦ ਆ ਗਏ ਅਤੇ ਗੁਰੂ ਜੀ ਉਨ੍ਹਾਂ ਨਾਲ ਯੁੱਧ ਵਿੱਦਿਆ ਦਾ ਅਭਿਆਸ ਕਰਨ ਲੱਗੇ। ਭੰਗਾਣੀ ਦੇ ਯੁੱਧ ਵਿਚ ਪਹਾੜੀ ਰਾਜਿਆਂ ਦੀ ਬੁਰੀ ਤਰ੍ਹਾਂ ਹਾਰ ਹੋਈ ਪਰ ਇਸ ਲੜਾਈ ਵਿਚ ਬੀਬੀ ਵੀਰੋ ਦੇ ਦੋ ਪੁੱਤਰ ਜੀਤ ਮੱਲ ਤੇ ਸੰਗੋ ਸ਼ਾਹ ਸ਼ਹੀਦ ਹੋ ਗਏ। ਬੀਬੀ ਵੀਰੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਭੂਆ ਸਨ। ਗੁਰੂ ਜੀ ਨੇ ਬਾਕੀ ਯੋਧਿਆਂ ਸਮੇਤ ਬੀਬੀ ਵੀਰੋ ਦੇ ਬਾਕੀ ਤਿੰਨ ਪੁੱਤਰਾਂ ਮਾਹਰੀ ਚੰਦ, ਗੁਲਾਬ ਚੰਦ ਅਤੇ ਗੰਗਾ ਰਾਮ ਦਾ ਕੀਮਤੀ ਵਸਤਾਂ ਤੇ ਯਾਦਗਾਰੀ ਵਸਤੂਆਂ ਭੇਟ ਕਰਕੇ ਬਖਸ਼ਿਸ਼ਾਂ ਕੀਤੀਆਂ। ਇਹ ਗੱਲ ਵਿਸਾਖ ਸੰਮਤ 1746 ਦੀ ਹੈ। ਬੀਬੀ ਵੀਰੋ ਜੀ ਸੰਨ 1705 ਈ. ਵਿਚ ਅਕਾਲ ਚਲਾਣਾ ਕਰ ਗਏ। ਜਿਸ ਸਥਾਨ 'ਤੇ ਬੀਬੀ ਵੀਰੋ ਜੀ ਦਾ ਵਿਆਹ ਹੋਇਆ ਸੀ, ਉੱਥੇ ਅੱਜ ਗੁਰਦੁਆਰਾ ਬੀਬੀ ਵੀਰੋ ਜੀ ਸੁਸ਼ੋਭਿਤ ਹੈ।

-ਮਕਾਨ ਨੰਬਰ 3098, ਸੈਕਟਰ 37-ਡੀ, ਚੰਡੀਗੜ੍ਹ।
ਮੋਬਾਈਲ : 98764-52223

Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਿਆ ਪ੍ਰਬੰਧ ਅਗਲੀ ਖ਼ਬਰ ਬਾਲਣ ਦੀ ਤੋਟ ਅਤੇ ਭਾਈ ਸਾਲ੍ਹੋ
Ad Position 24
No active advertisement