ਸਿੱਖ ਧਰਮ ਵਿਚ ਜਿੱਥੇ ਅਸੰਖ (ਅਨੇਕ) ਮਹਾਨ ਸੂਰਬੀਰ ਯੋਧੇ, ਸ਼ਹੀਦ, ਸਮਾਜ-ਸੇਵਕ ਗੁਰਸਿੱਖ, ਗੁਰੂ ਘਰ ਦੇ ਪ੍ਰੇਮੀ ਹੋਏ ਹਨ, ਉੱਥੇ ਹੀ ਅਣਗਿਣਤ ਮਹਾਨ-ਵਿਲੱਖਣ ਸੇਵਕ ਵੀ ਹੋਏ ਹਨ, ਜਿਨ੍ਹਾਂ ਨੇ ਵੱਖ-ਵੱਖ ਢੰਗਾਂ ਨਾਲ ਗੁਰੂ-ਘਰਾਂ, ਸਿੱਖ ਸੰਗਤਾਂ ਅਤੇ ਹੋਰ ਜ਼ਰੂਰਤਮੰਦਾਂ ਦੀ ਨਿਸ਼ਕਾਮ ਤੇ ਨਿਰਸੁਆਰਥ ਸੇਵਾ ਕੀਤੀ ਹੈ। ਅਜਿਹੇ ਹੀ ਇਕ ਮਹਾਨ ਸੇਵਕ, ਗੁਰੂ ਘਰ ਦੇ ਪ੍ਰੇਮੀ ਹੋਏ ਹਨ, ਜਿਨ੍ਹਾਂ ਦਾ ਨਾਂਅ ਭਾਈ ਸਾਲ੍ਹੋ ਜੀ ਹੈ। ਭਾਈ ਸਾਲ੍ਹੋ ਜੀ ਤਿੰਨ ਗੁਰੂ ਸਾਹਿਬਾਨ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਪੂਰੀ ਸ਼ਰਧਾ-ਭਾਵਨਾ ਅਤੇ ਲਗਨ ਨਾਲ ਗੁਰੂ ਘਰ ਦੀ ਸੇਵਾ ਕਰਦੇ ਰਹੇ, ਆਪਣਾ ਫ਼ਰਜ਼ ਨਿਭਾਉਂਦੇ ਰਹੇ। ਜ਼ਿਕਰਯੋਗ ਹੈ ਕਿ ਭਾਈ ਸਾਲ੍ਹੋ ਜੀ ਨੇ ਵਿਲੱਖਣ ਢੰਗ ਨਾਲ ਗੁਰੂ ਘਰ ਵਿਚ ਸੇਵਾ-ਕਾਰਜ ਕੀਤਾ। ਗੱਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ (ਗੁਰੂ ਕਾ ਚੱਕ) ਵਿਖੇ ਪਵਿੱਤਰ ਅੰਮ੍ਰਿਤ ਸਰੋਵਰ ਦੀ ਕਾਰ-ਸੇਵਾ ਦਾ ਕੰਮ ਚੱਲ ਰਿਹਾ ਸੀ। ਸਰੋਵਰ ਨੂੰ ਪੱਕਾ ਕਰਨ ਲਈ ਇੱਟਾਂ ਦਾ ਇਸਤੇਮਾਲ ਹੋ ਰਿਹਾ ਸੀ। ਇੱਟਾਂ ਨੂੰ ਪਕਾਉਣ ਲਈ ਭੱਠਿਆਂ 'ਚ ਵਰਤਿਆ ਜਾਂਦਾ ਬਾਲਣ ਖ਼ਤਮ ਹੋ ਗਿਆ। ਇਸ ਮੁਤੱਲਕ ਗੁਰੂ ਅਰਜਨ ਦੇਵ ਨੇ ਭਾਈ ਸਾਲ੍ਹੋ ਜੀ ਨੂੰ ਬਾਲਣ ਦਾ ਇੰਤਜ਼ਾਮ ਕਰਨ ਦਾ ਹੁਕਮ ਕੀਤਾ। ਗੁਰੂ ਜੀ ਦੇ ਹੁਕਮ ਮੁਤਾਬਿਕ ਭਾਈ ਸਾਲ੍ਹੋ ਜੀ ਪਿੰਡ-ਪਿੰਡ ਜਾ ਕੇ ਪਾਥੀਆਂ ਤੇ ਲੱਕੜਾਂ ਇਕੱਠੀਆਂ ਕਰਨ ਵਿਚ ਜੁੱਟ ਗਏ। ਉਨ੍ਹਾਂ ਨੇ ਪੰਡੋਰੀ ਵੜੈਚ ਆਦਿ ਪਿੰਡਾਂ ਵਿਚ ਜਾ ਕੇ ਆਖਿਆ ਕਿ ਜੋ ਕੋਈ ਵੀ ਪਵਿੱਤਰ ਕਾਰਜ ਲਈ ਲੱਕੜਾਂ, ਪਾਥੀਆਂ ਦੇਣਗੇ, ਉਨ੍ਹਾਂ ਨੂੰ ਸੰਤਾਨ ਦੀ ਪ੍ਰਾਪਤੀ ਹੋਵੇਗੀ। ਸਿੱਖ-ਰਵਾਇਤ (ਕਥਾ) ਮੁਤਾਬਿਕ ਭਾਈ ਸਾਲ੍ਹੋ ਜੀ ਨੇ (ਭੱਠਿਆ ਲਈ) ਵੱਧ ਤੋਂ ਵੱਧ ਬਾਲਣ ਜੁਟਾਉਣ ਤੇ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਾਉਣ ਵਾਸਤੇ ਪਿੰਡ ਵਾਸੀਆਂ ਨੂੰ ਕਿਹਾ। ਭਾਵ ਗੁਰੂ ਘਰ ਦੀਆਂ ਖ਼ੁਸ਼ੀਆਂ, ਗੁਰੂ ਦੀ ਮਿਹਰ ਹਾਸਿਲ ਕਰਨ ਲਈ ਆਖਿਆ।
ਭਾਈ ਸਾਲ੍ਹੋ ਜੀ ਦੇ ਬਚਨਾਂ ਤੋਂ ਪ੍ਰੇਰਿਤ ਹੋ ਕੇ ਤੇ ਗੁਰੂ ਘਰ ਪ੍ਰਤੀ ਸੱਚੀ ਸ਼ਰਧਾ ਹੋਣ ਕਾਰਨ ਲੋਕਾਂ ਨੇ ਵੱਡੀ ਮਿਕਦਾਰ ਵਿਚ ਲੱਕੜਾਂ, ਪਾਥੀਆਂ ਇਕੱਠੀਆਂ ਕਰਕੇ ਅਤੇ ਗੱਡਿਆਂ ਉੱਪਰ ਲੱਦ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਾ ਦਿੱਤੀਆਂ। ਸਰਵੋਰ ਲਈ ਭੱਠਿਆਂ ਵਿਚ ਇੱਟਾਂ ਪਕਾਉਣ ਦਾ ਕੰਮ ਰਫ਼ਤਾਰ ਫੜਨ ਲੱਗਾ। ਭਾਈ ਸਾਲ੍ਹੋ ਜੀ ਦਾ ਮਨ ਖ਼ੁਸ਼ੀ ਤੇ ਸੰਤੁਸ਼ਟੀ ਨਾਲ ਭਰ ਉੱਠਿਆ। ਉਨ੍ਹਾਂ ਦੀ ਸ਼ਰਧਾ (ਅਕੀਦਤ), ਮਿਹਨਤ, ਲਗਨ ਨੇ ਪਵਿੱਤਰ ਸਰੋਵਰ ਨੂੰ ਪੱਕਿਆਂ ਕਰਨ ਵਿਚ ਕਾਫ਼ੀ ਮਦਦ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਸਾਲ੍ਹੋ ਜੀ ਦੀ ਸ਼ਰਧਾ ਤੇ ਮਿਹਨਤ ਤੋਂ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ ਲੋਕਾਂ ਵਲੋਂ ਕੀਤੀ ਗਈ ਨਿਰਸੁਆਰਥ ਮਦਦ ਤੇ ਨਿਸ਼ਕਾਮ ਸੇਵਾ ਦੀ ਵੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਭਾਈ ਸਾਲ੍ਹੋ ਜੀ ਦੇ ਨਾਂਅ 'ਤੇ ਇਕ ਟੋਭਾ ਬਣਾਉਣ ਦੀ ਅਸੀਸ ਦਿੱਤੀ। ਇਹ ਇਤਿਹਾਸਕ ਸਰੋਵਰ ਗੁਰਦੁਆਰਾ ਟੋਭਾ ਭਾਈ ਸਾਲ੍ਹੋ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਮੌਜੂਦ ਹੈ। ਆਪਣੀਆਂ ਮੁਰਾਦਾਂ ਹਿੱਤ ਅੱਜ ਵੀ ਇੱਥੇ ਬੇਸ਼ੁਮਾਰ ਸ਼ਰਧਾਵਾਨ ਲੋਕ ਦੂਰ-ਦੂਰ ਤੋਂ ਸੀਸ ਨਿਵਾਉਣ ਆਉਂਦੇ ਹਨ। ਪਿੰਡ ਪੰਡੋਰੀ ਵੜੈਚ ਜਿੱਥੇ ਭਾਈ ਸਾਲ੍ਹੋ ਜੀ ਨੇ ਇਕ ਦਰੱਖ਼ਤ ਹੇਠਾਂ ਬੈਠ ਕੇ ਲੋਕਾਂ ਨੂੰ ਲੱਕੜਾਂ ਤੇ ਪਾਥੀਆਂ ਜਮ੍ਹਾਂ ਕਰਨ ਦੀ, ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਾਉਣ ਦੀ ਬੇਨਤੀ ਕੀਤੀ ਸੀ, ਉੱਥੋਂ ਦੇ ਵਾਸੀਆਂ ਵਾਸਤੇ ਗੁਰੂ ਘਰ ਨਾਲ ਸੰਬੰਧ ਇਕ ਖ਼ਾਸ ਅਰਥ ਅਤੇ ਮਹੱਤਵ ਰੱਖਦਾ ਹੈ। ਗੁਰੂ ਸਾਹਿਬ ਦੇ ਪਵਿੱਤਰ ਸਰੋਵਰ ਦੀ ਮਹਿਮਾ ਤੇ ਮਹਾਨਤਾ ਉਨ੍ਹਾਂ ਲਈ ਸ਼ਰਧਾ ਦਾ ਆਧਾਰ ਤਾਂ ਹੈ ਹੀ, ਅਗੰਮੀ ਖ਼ੁਸ਼ੀ ਦਾ ਆਧਾਰ ਵੀ ਹੈ।
ਭਾਈ ਸਾਲ੍ਹੋ ਜੀ ਦਾ ਜਨਮ 29 ਸਤੰਬਰ 1554 ਈ. ਨੂੰ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਧੌਲਾ ਕਿੰਗਰਾ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂਅ ਭਾਈ ਦਿਆਲਾ ਜੀ ਅਤੇ ਮਾਤਾ ਦਾ ਸੁਖਦੇਈ ਜੀ ਸੀ। ਉਨ੍ਹਾਂ ਦੇ ਪਿਤਾ ਤੇ ਮਾਤਾ ਪਹਿਲਾਂ ਪੀਰ ਸਖੀ ਸਰਵਰ (ਸੁਲਤਾਨੀਆ) ਦੇ ਪੈਰੋਕਾਰ ਸਨ। ਬਾਅਦ ਵਿਚ ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ-ਦੀਦਾਰ ਕਰਕੇ ਤੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਸ਼ਰਧਾਵਾਨ ਸਿੱਖ ਬਣ ਗਏ। ਫਿਰ ਭਾਈ ਸਾਲ੍ਹੋ ਜੀ ਦੇ ਮਾਤਾ-ਪਿਤਾ ਸ੍ਰੀ ਅੰਮ੍ਰਿਤਸਰ ਦੇ ਪਿੰਡ ਮਜੀਠਾ ਵਿਚ ਜਾ ਕੇ ਵੱਸ ਗਏ। ਉੱਥੇ ਉਹ ਆਖ਼ਰੀ ਸੁਆਸਾਂ ਤੱਕ ਨਿਵਾਸ ਕਰਦੇ ਰਹੇ ਪਰ ਭਾਈ ਸਾਲ੍ਹੋ ਜੀ ਜੋ ਉਸ ਸਮੇਂ ਨੌਜਵਾਨ ਸਨ, ਸ੍ਰੀ ਗੁਰੂ ਰਾਮਦਾਸ ਜੀ ਦੀ ਸੇਵਾ ਤੇ ਸ਼ਰਨ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਰਹੇ। ਗੁਰੂ ਘਰ ਵਿਚ ਰਹਿ ਕੇ ਉਨ੍ਹਾਂ ਨੇ ਨਿਰਸੁਆਰਥ ਸੇਵਾ ਕਰਨ ਦਾ ਕੰਮ ਸ਼ੁਰੂ ਕੀਤਾ ਅਤੇ ਨਾਲੋ-ਨਾਲ ਪ੍ਰਭੂ ਦੇ ਨਾਮ ਸਿਮਰਨ ਵੀ ਜਾਰੀ ਰੱਖਿਆ। ਸੰਨ 1589 ਈ.'ਚ ਉਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਦੇ ਵਿਆਹ ਵਿਚ ਅਤੇ ਫਿਰ ਕਾਫ਼ੀ ਸਮਾਂ ਬਾਅਦ ਸਾਲ 1605 ਈ. ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਵਿਚ ਸ਼ਾਮਿਲ ਹੋਣ ਦਾ ਸੁਭਾਗ ਹਾਸਿਲ ਹੋਇਆ। ਅੰਤ ਭਾਈ ਸਾਲ੍ਹੋ ਜੀ 74 ਵਰ੍ਹਿਆਂ ਦੀ ਉਮਰ ਭੋਗ ਕੇ ਸਾਲ 1628 ਈ. ਵਿਚ ਪ੍ਰਭੂ ਚਰਨਾਂ ਵਿਚ ਹਮੇਸ਼ਾ ਲਈ ਲੀਨ ਹੋ ਗਏ। ਗੁਰਦੁਆਰਾ ਟੋਭਾ ਭਾਈ ਸਾਲ੍ਹੋ ਜੀ ਗੁਰਦੁਆਰਾ ਗੁਰੂ ਕੇ ਮਹਿਲ ਕੋਲ ਮੌਜੂਦ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ ਸੀ।
-ਬੀ. ਐਕਸ/925, ਮੁਹੱਲਾ ਸੰਤੋਖਪੁਰਾ, ਹੁਸ਼ਿਆਰਪੁਰ ਰੋਡ, ਜਲੰਧਰ-144008 ਮੋਬਾ. : 98722-5499