02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸੂਚੇ ਏਹਿ ਨ ਆਖੀਅਹਿ

Ad Position 21
No active advertisement
ਅਜੀਤ ਡੈਸਕ 20-07-2026

ਲਗਭਗ ਜਦੋਂ ਤੋਂ ਮਨੁੱਖ ਨੂੰ ਧਾਰਮਿਕ ਪਹਿਲੂ ਦੀ ਸੋਝੀ ਹੋਈ ਹੈ ਅਰਥਾਤ ਉਸ ਨੇ ਧਾਰਮਿਕ ਖੇਤਰ 'ਚ ਕਦਮ ਰੱਖਿਆ ਹੈ, ਉਦੋਂ ਤੋਂ ਹੀ ਉਸ ਅੰਦਰ ਸੁੱਚੇ ਰਹਿਣ, ਸੁੱਚੇ ਹੋਣ ਤੇ ਸੁੱਚੇ ਲੱਗਣ ਦੀ ਭਾਵਨਾ ਤੀਬਰ ਰੂਪ ਵਿਚ ਕੰਮ ਕਰ ਰਹੀ ਹੈ। ਧਾਰਮਿਕ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਪਤਾ ਲਗਦਾ ਹੈ ਕਿ ਮਨੁੱਖ ਹਰ ਸੰਭਵ ਯਤਨ ਨਾਲ ਸੁੱਚੇ ਹੋਣ ਦੀ ਕੋਸ਼ਿਸ਼ ਵਿਚ ਹੀ ਗ੍ਰਹਿਸਥ ਰਿਹਾ ਹੈ। ਕਿਸੇ ਖ਼ਾਸ ਕਿਸਮ ਦਾ ਪਹਿਰਾਵਾ ਪਾ ਕੇ, ਟਿੱਕੇ ਲਾ ਕੇ, ਪ੍ਰਾਣਯਾਮ ਕਰਕੇ ਅਤੇ ਹੋਰ ਅਨੇਕਾਂ ਢੰਗ-ਤਰੀਕਿਆਂ ਜਾਂ ਸਾਧਨਾਂ ਰਾਹੀਂ ਆਪਣੇ-ਆਪ ਨੂੰ ਪਵਿੱਤਰ ਰੱਖਣ ਦਾ ਦਾਅਵਾ ਕਰਦਾ ਰਿਹਾ ਹੈ, ਜਦਕਿ ਮੁੱਖ ਰੂਪ ਵਿਚ ਸਰੀਰ ਦਾ ਇਸ਼ਨਾਨ ਹੀ ਸੁੱਚੇ ਹੋਣ ਦਾ ਵਧੇਰੇ ਪ੍ਰਚੱਲਿਤ ਸਾਧਨ ਸੀ ਤੇ ਰਿਹਾ ਹੈ। ਸਵਾਲ ਇਹ ਉੱਠਦਾ ਹੈ ਕਿ ਅਸਲ ਵਿਚ ਸੁੱਚਾ ਕਿਵੇਂ ਹੋਇਆ ਜਾ ਸਕਦਾ ਹੈ। ਗੁਰਬਾਣੀ ਵਿਚ ਇਹ ਸੁੱਚਤਾ ਸਰੀਰ ਦੀ ਨਾ ਮੰਨ ਕੇ ਆਤਮਾ ਦੀ ਮੰਨੀ ਗਈ ਹੈ। ਪ੍ਰੰਤੂ ਸਰੀਰਕ ਇਸ਼ਨਾਨ ਕਰਨ ਵਾਲੇ ਇਹ ਦਾਅਵਾ ਕਰਦੇ ਸਨ ਕਿ ਇਸ਼ਨਾਨ ਕਰਨ ਨਾਲ ਤਨ ਅਤੇ ਮਨ ਅਰਥਾਤ ਸਰੀਰ ਤੇ ਆਤਮਾ ਦੋਵੇਂ ਸ਼ੁੱਧ ਹੋ ਜਾਂਦੇ ਹਨ। ਪਰ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਵਿਚ ਅਸਲ ਸ਼ੁੱਧਤਾ ਨੂੰ ਦਰਸਾਉਂਦੇ ਹੋਏ ਫ਼ਰਮਾਉਂਦੇ ਹਨ:-
ਸੂਚੇ ਏਹਿ ਨ ਆਖੀਅਹਿ
ਬਹਨਿ ਜਿ ਪਿੰਡਾ ਧੋਇ॥
ਸੂਚੇ ਸੇਈ ਨਾਨਕਾ
ਜਿਨ ਮਨਿ ਵਸਿਆ ਸੋਇ॥
(ਅੰਗ:472)
ਭਾਵ ਕਿ ਉਨ੍ਹਾਂ ਨੂੰ ਸੁੱਚੇ ਨਹੀਂ ਕਿਹਾ ਜਾਂਦਾ ਜਿਹੜੇ ਨਿਰ੍ਹਾ ਸਰੀਰ ਧੋ ਕੇ ਆਪਣੇ-ਆਪ ਨੂੰ ਪਵਿੱਤਰ ਆਖਦੇ ਹਨ। ਫਿਰ ਅਸਲ ਸੁੱਚਤਾ ਕੀ ਹੈ? ਕਿਵੇਂ ਹਾਸਿਲ ਕੀਤੀ ਜਾ ਸਕਦੀ ਹੈ? ਆਦਿ ਸਵਾਲਾਂ ਦਾ ਜਵਾਬ ਦਿੰਦੇ ਹੋਏ ਗੁਰੂ ਨਾਨਕ ਦੇਵ ਜੀ ਥੋੜ੍ਹੇ ਜਿਹੇ ਸ਼ਬਦਾਂ ਵਿਚ ਹੀ ਦੱਸਦੇ ਹਨ ਕਿ ਜਿਨ ਮਨਿ ਵਸਿਆ ਸੋਇ ਭਾਵ ਜਿਸ ਦੇ ਮਨ ਅੰਦਰ ਉਸ ਸਰਬਵਿਆਪੀ ਪਰਮਾਤਮਾ ਦੇ ਨਾਂਅ ਦੀ ਜੋਤਿ ਜਗਦੀ ਹੈ, ਉਹੀ ਮਨੁੱਖ ਸੁੱਚੇ ਹਨ।
ਆਮ ਲੋਕ ਬਾਹਰੀ ਸੁੱਚਮ 'ਤੇ ਹੀ ਜ਼ੋਰ ਦਿੰਦੇ ਹਨ, ਭਾਵੇਂ ਸੁੱਚਮ ਮਾੜੀ ਨਹੀਂ, ਪਰ ਸਿਰਫ਼ ਬਾਹਰੀ ਸੁੱਚਮ ਹੀ ਕਾਫ਼ੀ ਨਹੀਂ ਹੈ। ਜੇ ਹਿਰਦਾ ਹੀ ਵਿਕਾਰਾਂ ਨਾਲ ਭਰਿਆ ਹੋਇਆ ਹੈ ਤਾਂ ਬਾਹਰੋਂ ਤਨ ਨੂੰ ਸੁੱਚਾ ਰੱਖਣ ਨਾਲ ਕੋਈ ਲਾਭ ਮਿਲਣ ਵਾਲਾ ਨਹੀਂ ਹੈ। ਹਾਂ, ਸਰੀਰ ਦੀ ਸਫ਼ਾਈ ਨਾਲ ਜੇਕਰ ਕਹੀਏ ਕਿ ਆਤਮਿਕ ਸੁੱਚਤਾ ਹਾਸਿਲ ਕੀਤੀ ਜਾ ਸਕਦੀ ਹੈ ਤਾਂ ਇਹ ਬਿਲਕੁਲ ਹੀ ਅਸੰਭਵ ਹੈ। ਨਿਰ੍ਹਾ ਸਰੀਰਕ ਇਸ਼ਨਾਨ ਕਰਨ ਨਾਲ ਹੀ ਆਤਮਾ ਸੁੱਚੀ ਨਹੀਂ ਹੋ ਜਾਂਦੀ, ਆਤਮਾ ਦੀ ਸੁੱਚਤਾ ਵਾਸਤੇ ਗੁਰੂ ਸਾਹਿਬ ਨੇ ਹੋਰ ਸਾਧਨ ਦਰਸਾਇਆ ਹੈ ਕਿ ਆਪਣੇ ਅੰਦਰ ਉਸ ਮਾਲਕ ਅਰਥਾਤ ਸਰਬਵਿਆਪੀ ਪਰਮਾਤਮਾ/ਰਚਨਹਾਰ ਦਾ ਨਾਮ ਤੇ ਪ੍ਰੇਮ ਪੈਦਾ ਕਰਕੇ ਹੀ ਅਸਲ ਸੁੱਚਮ ਹਾਸਿਲ ਕੀਤੀ ਜਾ ਸਕਦੀ ਹੈ।
ਗਹਿਰਾਈ ਨਾਲ ਸੋਚਿਆਂ ਪਤਾ ਲਗਦਾ ਹੈ ਕਿ ਸੱਚਮੁੱਚ ਕੀ ਜਿਸਮ ਨੂੰ ਧੋਣ ਨਾਲ ਹੀ ਸ਼ੁੱਧਤਾ ਹਾਸਿਲ ਕੀਤੀ ਜਾ ਸਕਦੀ ਹੈ? ਜੇਕਰ ਇੰਝ ਹੀ ਹੋਵੇ ਤਾਂ ਪਾਣੀ ਵਿਚ ਰਹਿਣ ਵਾਲੇ ਸਾਰੇ ਹੀ ਜੀਵ ਕਦੋਂ ਦੀ ਮੁਕਤੀ ਹਾਸਿਲ ਕਰ ਚੁੱਕੇ ਹੁੰਦੇ। ਭਗਤ ਕਬੀਰ ਜੀ ਆਪਣੀ ਰਚਿਤ ਬਾਣੀ ਵਿਚ ਫ਼ਰਮਾਉਂਦੇ ਹਨ:-
ਨਾਮ ਜਪਤੁ ਕੋਹੜੀ ਭਲਾ
ਚੂੰ ਚੂੰ ਪੜੇ ਜੋ ਚਾਮ॥
ਕੰਚਨ ਦੇਹਿ ਕਿਸ ਕਾਮ ਕੀ
ਜਾ ਮੁਖਿ ਨਾਹੀ ਨਾਮ॥
ਕਹਿਣ ਤੋਂ ਭਾਵ ਅਸਲ ਵਿਚ ਜੂਠ ਸਰੀਰ ਦੀ ਨਹੀਂ, ਮਨ ਦੀ ਹੈ। ਝੂਠ ਬੋਲਣ ਨਾਲ ਜੀਭ ਤੇ ਸਰੀਰ ਜੂਠੇ ਹੋ ਜਾਂਦੇ ਹਨ। ਸੱਚੀ ਸੁੱਚਮ ਪ੍ਰਾਪਤ ਕਰਨ ਲਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰਾਂ ਨੂੰ ਤਿਆਗਣਾ ਪਵੇਗਾ। ਸੱਚੇ ਗੁਰਸਿੱਖ ਨੂੰ ਗੁਰਮਤਿ ਸਿਧਾਂਤਾਂ 'ਤੇ ਚਲਦਿਆਂ ਅੰਤਰ-ਰੂਪੀ ਸਫ਼ਾਈ ਕਰਨ ਦੀ ਲੋੜ ਹੈ। ਅਸਲ ਵਿਚ ਉਹ ਤਨ ਹੀ ਸੁੱਚਾ ਹੈ, ਜੋ ਅਕਾਲ ਪੁਰਖ ਦੀ ਭਗਤੀ ਵਿਚ ਲੀਨ ਰਹਿੰਦਾ ਹੈ। ਉਹ ਸਥਾਨ ਹੀ ਸੁੱਚਾ ਹੈ, ਜਿੱਥੇ ਉਸ ਰਚਨਹਾਰ-ਮਾਲਕ ਦੀ ਭਗਤੀ ਹੋ ਰਹੀ ਹੈ। ਇਸ ਤੱਥ ਨੂੰ ਉਜਾਗਰ ਕਰਦਿਆਂ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:-
ਤਨੁ ਸੂਚਾ ਸੋ ਆਖੀਐ
ਜਿਸੁ ਮਹਿ ਸਾਚਾ ਨਾਉ॥
ਭੈ ਸਚਿ ਰਾਤਿ ਦੇਹੁਰੀ
ਜਿਹਵਾ ਸਚੁ ਸੁਆਉ॥
(ਅੰਗ:19)
-ਮੋਬਾਈਲ : 99152-37599

Ad Position 22
No active advertisement
ਪਿਛਲੀ ਖ਼ਬਰ ਸੁਰੀਲਾ ਰਾਗੀ ਭਾਈ ਗੁਰਪ੍ਰੀਤ ਸਿੰਘ ਬੰਗਿਆਂ ਵਾਲੇ ਅਗਲੀ ਖ਼ਬਰ ਮੀਰੀ-ਪੀਰੀ ਦਾ ਸਿਧਾਂਤ ਅਤੇ ਪੰਜਾਬ
Ad Position 24
No active advertisement