02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

28-07-26

Ad Position 21
No active advertisement
ਅਜੀਤ ਡੈਸਕ 28-07-2026

 ਮੌਨਸੂਨ ਦੀ ਦਸਤਕ
ਮੌਨਸੂਨ ਦੀ ਦਸਤਕ ਨਾਲ ਹੀ ਸਾਰੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ। ਤੱਤੀ ਧੁੱਪ ਅਤੇ ਲੂਆਂ ਤੋਂ ਬਾਅਦ ਜਦੋਂ ਪਹਿਲੀ ਬਾਰਿਸ਼ ਦੀ ਬੂੰਦ ਧਰਤੀ 'ਤੇ ਡਿਗਦੀ ਹੈ ਤਾਂ ਮਿੱਟੀ ਦੀ ਸੋਹਣੀ ਖੁਸ਼ਬੋ ਮਨ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਖੇਤਾਂ ਵਿਚ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਆ ਜਾਂਦੀ ਹੈ। ਝੋਨੇ ਦੀ ਲਵਾਈ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ। ਦਰੱਖਤ, ਪੌਦੇ ਅਤੇ ਬਾਗ-ਬਗੀਚੇ ਹਰੇ ਹੋ ਜਾਂਦੇ ਹਨ। ਬੱਚੇ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਪਾਣੀ ਵਿਚ ਵਹਾਉਂਦੇ ਹਨ ਅਤੇ ਵੱਡੇ ਛੱਤ 'ਤੇ ਬੈਠ ਕੇ ਪਕੌੜੇ ਅਤੇ ਚਾਹ ਦਾ ਆਨੰਦ ਲੈਂਦੇ ਹਨ। ਮੌਨਸੂਨ ਸਿਰਫ ਬਾਰਿਸ਼ ਹੀ ਨਹੀਂ ਲਿਆਉਂਦਾ, ਇਹ ਤੀਆਂ ਅਤੇ ਸਾਵਣ ਦੇ ਗੀਤਾਂ ਦਾ ਮਹੀਨਾ ਵੀ ਹੈ। ਕੁੜੀਆਂ ਰੰਗ-ਬਰੰਗੇ ਕੱਪੜੇ ਪਾ ਕੇ ਗਿੱਧਾ ਪਾਉਂਦੀਆਂ ਹਨ ਅਤੇ ਝੂਲੇ ਝੂਟਦੀਆਂ ਹਨ। ਪਰ ਇਸਦੇ ਨਾਲ ਹੀ ਸਾਨੂੰ ਸਾਵਧਾਨ ਵੀ ਰਹਿਣਾ ਚਾਹੀਦਾ ਹੈ। ਡੇਂਗੂ, ਮਲੇਰੀਆ ਅਤੇ ਪਾਣੀ ਦੇ ਇਕੱਠੇ ਹੋਣ ਕਾਰਨ ਬਿਮਾਰੀਆਂ ਵਧ ਜਾਂਦੀਆਂ ਹਨ। ਇਸ ਲਈ ਸਾਫ਼-ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੈ। ਸੰਖੇਪ ਵਿਚ ਕਹੀਏ ਤਾਂ ਮੌਨਸੂਨ ਕੁਦਰਤ ਦਾ ਤੋਹਫ਼ਾ ਹੈ। ਇਹ ਖੇਤਾਂ ਨੂੰ ਜੀਵਨ ਦਿੰਦਾ ਹੈ ਅਤੇ ਸਾਡੇ ਮਨਾਂ ਨੂੰ ਖੁਸ਼ੀ। ਆਓ ਮੌਨਸੂਨ ਦਾ ਸਵਾਗਤ ਕਰੀਏ, ਪਰ ਜ਼ਿੰਮੇਵਾਰੀ ਨਾਲ।

-ਗੌਰਵ ਮੁੰਜਾਲ ਪੀ.ਸੀ.ਐਸ

ਬੇਲੋੜੀ ਉਮੀਦ ਨਾ ਰੱਖੋ
ਕਿਸੇ ਤੋਂ ਉਮੀਦ ਜ਼ਰੂਰ ਰੱਖੋ ਪਰ ਲੋੜ ਤੋਂ ਵੱਧ ਨਹੀਂ। ਕਿਸੇ ਤੋਂ ਉਮੀਦ ਤੋ ਵੱਧ ਉਮੀਦ ਰੱਖਦੇ ਹੋ ਤਾਂ ਇਹ ਤੁਹਾਡੀ ਭੁੱਲ ਹੈ। ਕਿਉਂਕਿ ਮਨੁੱਖੀ ਸੁਭਾਅ ਅਕਸਰ ਸਮੇਂ ਦੇ ਅਨਕੂਲ ਚੱਲਦਾ ਹੈ। ਭਾਵ ਜਦੋਂ ਕਿਸੇ ਨੂੰ ਤੁਹਾਡੇ ਤੋਂ ਕੋਈ ਜ਼ਰੂਰਤ ਹੈ ਉਦੋ ਸਥਿਤੀ ਹੋਰ ਹੁੰਦੀ ਹੈ ਤੇ ਜਦੋ ਜ਼ਰੂਰਤ ਨਹੀਂ ਹੁੰਦੀ, ਉਦੋਂ ਪ੍ਰਸਥਿਤੀਆਂ ਹੋਰ ਹੁੰਦੀਆਂ ਹਨ। ਜਿਸ ਦੀ ਵਜ੍ਹਾ ਵਿਅਕਤੀ ਦਾ ਅਕ੍ਰਿਤਘਣ ਸੁਭਾਅ ਹੈ। ਲੋਕ ਅਕਸਰ ਇਹ ਭੁੱਲ ਜਾਂਦੇ ਹਨ ਕਿ ਤੁਸੀਂ ਉਨ੍ਹਾਂ ਲਈ ਕੁਝ ਕੀਤਾ ਹੈ ਤੇ ਤੁਸੀਂ ਇਸੇ ਗੱਲ ਨੂੰ ਸਮਝਦੇ ਹੋ ਕਿ ਮੈਂ ਉਸ ਦੀ ਗਾਹੇ ਬਗਾਹੇ ਮਦਦ ਕੀਤੀ ਹੈ। ਇਸ ਵਾਸਤੇ ਉਹ ਵੀ ਮੇਰੀ ਮਦਦ ਕਰੇਗਾ। ਪਰ ਨਹੀਂ, ਬਹੁਤੇ ਲੋਕਾਂ ਦੀ ਫ਼ਿਤਰਤ ਇਹ ਹੈ ਕਿ ਕੰਮ ਕਢਵਾਓ ਤੇ ਉਹ ਜਾਓ। ਹਾਲਾਂਕਿ ਇਹ ਬਿਲਕੁਲ ਗਲਤ ਹੈ। ਇਸ ਵਾਸਤੇ ਕਿਸੇ 'ਤੇ ਵੀ ਲੋੜ ਤੋਂ ਵੱਧ ਉਮੀਦ ਜਾਂ ਭਰੋਸਾ ਕਰਨਾ ਬੇਵਕੂਫੀ ਹੈ।

-ਲੈਕਚਰਾਰ ਅਜੀਤ ਖੰਨਾ

ਯੋਗਤਾ ਅਨੁਸਾਰ ਮਿਲੇ ਨੌਕਰੀ
ਅੱਜ ਬਹੁਤ ਸਾਰੇ ਵਿਦਿਆਰਥੀ ਸਾਲਾਂ ਤੱਕ ਮਿਹਨਤ ਕਰਕੇ ਡਿਗਰੀਆਂ ਲੈਂਦੇ ਹਨ ਅਤੇ ਸਰਕਾਰੀ ਨੌਕਰੀਆਂ ਲਈ ਤਿਆਰੀ ਕਰਦੇ ਹਨ। ਪਰ ਜਦੋਂ ਭਰਤੀਆਂ ਵਿਚ ਰਿਸ਼ਵਤ ਜਾਂ ਸਿਫ਼ਾਰਸ਼ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ, ਤਾਂ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਦਾ ਹੌਸਲਾ ਟੁੱਟ ਜਾਂਦਾ ਹੈ। ਹਰ ਨੌਕਰੀ ਸਿਰਫ਼ ਯੋਗਤਾ ਅਤੇ ਮਿਹਨਤ ਦੇ ਆਧਾਰ 'ਤੇ ਮਿਲਣੀ ਚਾਹੀਦੀ ਹੈ। ਜੇ ਮਿਹਨਤ ਕਰਨ ਵਾਲਿਆਂ ਨੂੰ ਮੌਕਾ ਨਹੀਂ ਮਿਲੇਗਾ, ਤਾਂ ਨੌਜਵਾਨਾਂ ਦਾ ਭਵਿੱਖ ਪ੍ਰਭਾਵਿਤ ਹੋਵੇਗਾ ਅਤੇ ਉਨ੍ਹਾਂ ਦਾ ਭਰੋਸਾ ਵੀ ਘੱਟ ਹੋ ਜਾਵੇਗਾ। ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਹਰ ਭਰਤੀ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ। ਜੇ ਕੋਈ ਰਿਸ਼ਵਤ ਲੈਂਦਾ ਜਾਂ ਦਿੰਦਾ ਹੈ, ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਨਾਲ ਮਿਹਨਤੀ ਵਿਦਿਆਰਥੀਆਂ ਨੂੰ ਇਨਸਾਫ਼ ਮਿਲੇਗਾ ਅਤੇ ਦੇਸ਼ ਦਾ ਭਵਿੱਖ ਵੀ ਮਜ਼ਬੂਤ ਹੋਵੇਗਾ।

-ਮਨਪ੍ਰੀਤ ਜਲੰਧਰ।

ਹਾਰਮੋਨ
ਮਨੁੱਖੀ ਮਾਨਸਿਕ ਕਿਰਿਆਵਾਂ ਅਤੇ ਵਿਹਾਰ 'ਤੇ ਗਹਿਰਾ ਪ੍ਰਭਾਵ ਪਾ ਕੇ ਹਾਰਮੋਨ ਸਾਡੀ ਸੰਪੂਰਨ ਸ਼ਖ਼ਸੀਅਤ ਨੂੰ ਉਸਾਰਨ ਜਾਂ ਵਿਗਾੜਨ ਲਈ ਜ਼ਿੰਮੇਵਾਰ ਹੁੰਦੇ ਹਨ। ਹਾਰਮੋਨ ਸਾਡੇ ਸਰੀਰ ਅੰਦਰ-ਰਸਾਵੀ ਗ੍ਰੰਥੀਆਂ ਰਾਹੀਂ ਬਣਦੇ ਹਨ। ਹਾਰਮੋਨ ਰਸਾਇਣਕ ਰਸ ਹੁੰਦੇ ਹਨ ਜਿਹੜੇ ਕਿ ਪ੍ਰੋਟੀਨ ਤੋਂ ਬਣਦੇ ਹਨ। ਹਾਰਮੋਨ ਪਾਣੀ ਵਿਚ ਘੁਲਣਸ਼ੀਲ ਹੁੰਦੇ ਹਨ। ਇਨ੍ਹਾਂ ਦਾ ਰਿਸਾਵ ਜਾਂ ਪੈਦਾਵਾਰ ਬਹੁਤ ਹੀ ਘੱਟ ਮਾਤਰਾ ਵਿਚ ਹੁੰਦੀ ਹੈ, ਪਰ ਇਹ ਬਹੁਤ ਹੀ ਅਸਰਦਾਰ ਕੰਮ ਕਰਦੇ ਹਨ। ਇਹ ਸਰੀਰ ਵਿਚ ਬਹੁਤੀ ਦੇਰ ਤੱਕ ਜਮ੍ਹਾਂ ਨਹੀਂ ਹੁੰਦੇ ਅਤੇ ਜਲਦੀ-ਜਲਦੀ ਖ਼ੂਨ ਤੋਂ ਬਾਹਰ ਹੁੰਦੇ ਰਹਿੰਦੇ ਹਨ। ਪੇਸ਼ਾਬ ਰਾਹੀਂ ਇਹ ਬਾਹਰ ਆਉਂਦੇ ਰਹਿੰਦੇ ਹਨ। ਹਾਰਮੋਨ ਨਾੜੀ ਸੈੱਲਾਂ, ਕੋਸ਼ਿਕਾਵਾਂ ਆਦਿ 'ਤੇ ਪ੍ਰਭਾਵ ਪਾ ਕੇ ਸਾਡੀ ਸੰਪੂਰਨ ਸ਼ਖ਼ਸੀਅਤ 'ਤੇ ਗਹਿਰਾ ਅਸਰ ਪਾਉਂਦੇ ਹਨ। ਹਾਰਮੋਨ ਸਾਡੇ ਸਰੀਰ ਵਿਚ ਕਈ ਤਰ੍ਹਾਂ ਦੇ ਕੰਮ ਕਰਦੇ ਹਨ, ਜਿਵੇਂ ਕਿ ਪਾਚਨ ਕਿਰਿਆ, ਸਾਹ ਕਿਰਿਆ ਤੇ ਦਿਲ ਦੀ ਗਤੀ ਨੂੰ ਕੰਟਰੋਲ ਅਤੇ ਸੰਤੁਲਿਤ ਕਰਨਾ। ਹਾਰਮੋਨ ਲੋੜ ਮੁਤਾਬਕ ਸਰੀਰ ਦੇ ਕੁਝ ਅੰਗਾਂ ਨੂੰ ਤੇਜ਼ ਅਤੇ ਕੁਝ ਨੂੰ ਹੌਲੀ ਕਰਦੇ ਹਨ। ਪ੍ਰਜਨਨ ਅੰਗਾਂ ਦਾ ਵਿਕਾਸ ਅਤੇ ਕਾਰਜਵਿਧੀ ਦਾ ਕੰਟਰੋਲ ਹਾਰਮੋਨ ਕੋਲ ਹੀ ਹੁੰਦਾ ਹੈ। ਇਨ੍ਹਾਂ ਦੁਆਰਾ ਹੀ ਸੰਪੂਰਨ ਵਾਧਾ ਕਰਕੇ ਮਨੁੱਖ ਨੂੰ ਵਾਤਾਵਰਨ ਦੇ ਅਨੁਕੂਲ ਬਣਾਇਆ ਜਾਂਦਾ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਗੜ੍ਹਸ਼ੰਕਰ।

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਸੰਘਰਸ਼ ਦੀ ਜਿੱਤ ਦੀ ਖ਼ੁਸ਼ੀ ’ਚ ਬੀਕੇਯੂ ਉਗਰਾਹਾਂ ਵਲੋਂ ਕਿਸਾਨ ਰੈਲੀ ਉਪਰੰਤ ਮੁਜ਼ਾਹਰਾ ਅਗਲੀ ਖ਼ਬਰ ਦੇਸ਼ ਲਈ ਇਕੋ-ਇਕ ਉਮੀਦ ਹੈ ਗਾਂਧੀ ਦਾ ਰਸਤਾ
Ad Position 24
No active advertisement