ਬਠਿੰਡਾ, 27 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ‘ਨੀਟ’ ਪੇਪਰ ਘੁਟਾਲੇ ਖ਼ਿਲਾਫ਼ ਜੰਤਰ ਮੰਤਰ ‘ਤੇ ਹੋਏ ਵਿਦਿਆਰਥੀ ਸੰਘਰਸ਼ ਦੀ ਜਿੱਤ ਨੂੰ ਸਲਾਮ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਅੱਜ ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਵਿਸ਼ਾਲ ਰੈਲੀ ਕੀਤੀ ਗਈ ਉਪਰੰਤ ਸ਼ਹਿਰ ਵਿਚ ਮੁਜ਼ਾਹਰਾ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਆਗੂ ਹਰਪ੍ਰੀਤ ਕੌਰ ਜੇਠੂਕੇ ਨੇ ਕਿਹਾ ਕਿ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਮਨਵਾਉਣਾ, ਵਿਦਿਆਰਥੀ ਅੰਦੋਲਨ ਦੀ ਅਹਿਮ ਜਿੱਤ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਅਕਸਰ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਝੂਠੇ ਕੇਸ ਵਾਪਸ ਲੈਣ ਤੋਂ ਟਾਲਾ ਵੱਟਦੀਆਂ ਰਹੀਆਂ ਹਨ, ਇਸ ਲਈ ਵਿਦਿਆਰਥੀ ਵਰਗ ਨੂੰ ਸੁਚੇਤ ਰਹਿ ਕੇ ਏਕੇ ਨਾਲ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਇਸ ਜਿੱਤ ਦੇ ਹੌਸਲੇ ਨੂੰ ਸਿੱਖਿਆ ਤੇ ਰੁਜ਼ਗਾਰ ਦੇ ਹੱਕ ਲਈ ਵੱਡੇ ਸੰਘਰਸ਼ ਇਰਾਦਿਆਂ ‘ਚ ਬਦਲਣ ਦੀ ਲੋੜ ਹੈ। ਸਿੱਖਿਆ ਮੰਤਰੀ ਦੇ ਅਸਤੀਫ਼ੇ ਰਾਹੀਂ ਚਾਹੇ ਸਰਕਾਰ ਨੂੰ ਵਿਦਿਆਰਥੀਆਂ ਨੇ ਕਟਹਿਰੇ ‘ਚ ਖੜ੍ਹੇ ਕਰਕੇ ਟੈੱਸਟ ਪ੍ਰਣਾਲੀ ਦੇ ਭ੍ਰਿਸ਼ਟਾਚਾਰ ਅੰਦਰ ਉਸ ਦੀ ਜਵਾਬਦੇਹੀ ਤੈਅ ਕਰਵਾਈ ਹੈ ਪਰ ਇਕ ਮੰਤਰੀ ਦੇ ਬਦਲੇ ਜਾਣਾ ਆਪਣੇ ਆਪ ਵਿਚ ਸਿੱਖਿਆ ਖੇਤਰ ਅੰਦਰ ਕਿਸੇ ਬਦਲਾਅ ਦਾ ਸਾਧਨ ਨਹੀਂ ਬਣਨ ਲੱਗਿਆ। ਇਸ ਤਬਦੀਲੀ ਲਈ ਸਿੱਖਿਆ ਖੇਤਰ ਅੰਦਰ ਲਾਗੂ ਹੋ ਰਹੀਆਂ ਮੌਜੂਦਾ ਕਾਰਪੋਰੇਟ ਪੱਖੀ ਸਾਮਰਾਜੀ ਨੀਤੀਆਂ ਦੇ ਹੱਲੇ ਨੂੰ ਰੋਕਣ ਦੀ ਲੋੜ ਹੈ। ਰੈਲੀ ਦੌਰਾਨ ਪੰਜਾਬ ਸਰਕਾਰ ਵਲੋਂ ਸਫ਼ਾਈ ਕਰਮਚਾਰੀਆਂ, ਮਨਰੇਗਾ ਕਰਮਚਾਰੀਆਂ ਤੇ ਹੋਰਨਾਂ ਮਿਹਨਤਕਸ਼ ਵਰਗਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਕੀਤੇ ਜਾ ਰਹੇ ਜਬਰ ਦੀ ਸਖ਼ਤ ਨਿੰਦਾ ਕਰਦਿਆਂ 30 ਜੁਲਾਈ ਨੂੰ ਪੰਜਾਬ ਬੰਦ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਨਛੱਤਰ ਸਿੰਘ ਢੱਡੇ, ਮਾਲਣ ਕੌਰ ਕੋਠਾ ਗੁਰੂ, ਹਰਪ੍ਰੀਤ ਕੌਰ ਜੇਠੂਕੇ, ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ, ਰਾਮ ਸਿੰਘ ਕੋਟਗੁਰੂ, ਜਸਪਾਲ ਸਿੰਘ ਕੋਠਾ ਗੁਰੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਪੀਐਸਯੂ (ਸ਼ਹੀਦ ਰੰਧਾਵਾ) ਦੇ ਆਗੂ ਬਿੰਦਰ ਸਿੰਘ ਬਠਿੰਡਾ ਨੇ ਵੀ ਸੰਬੋਧਨ ਕੀਤਾ।
ਵਿਦਿਆਰਥੀ ਸੰਘਰਸ਼ ਦੀ ਜਿੱਤ ਦੀ ਖ਼ੁਸ਼ੀ ’ਚ ਬੀਕੇਯੂ ਉਗਰਾਹਾਂ ਵਲੋਂ ਕਿਸਾਨ ਰੈਲੀ ਉਪਰੰਤ ਮੁਜ਼ਾਹਰਾ
ਅਜੀਤ ਡੈਸਕ
28-07-2026