ਬਠਿੰਡਾ, 27 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (25/11) ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਰੋਜ਼ਾ ਹੜ੍ਹਤਾਲ ਕਰਨ ਦਾ ਐਲਾਨ ਕੀਤਾ ਹੈ, ਜਿਸ ਕਾਰਨ 3, 4 ਅਤੇ 5 ਅਗਸਤ ਨੂੰ ਪੰਜਾਬ ਭਰ ’ਚ ਬੱਸਾਂ ਦਾ ਚੱਕਾ ਜਾਮ ਰਹੇਗਾ ਤੇ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ। ਹੜ੍ਹਤਾਲ ਦੌਰਾਨ ਯੂਨੀਅਨ ਨੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਦੇ ਘਰਾਂ ਮੂਹਰੇ ਗੱਜਣ ਦਾ ਵੀ ਐਲਾਨ ਕੀਤਾ ਹੈ, ਜਿਸ ਦੀ ਕੜੀ ਵਜੋਂ ਅੱਜ ਪੰਜਾਬ ਭਰ ਦੇ 27 ਬੱਸ ਡਿੱਪੂਆਂ ’ਤੇ ਗੇਟ ਰੈਲੀਆਂ ਕੀਤੀਆਂ ਗਈਆਂ। ਬਠਿੰਡਾ ਡਿੱਪੂ ਵਿਖੇ ਗੇਟ ਰੈਲੀ ਦੌਰਾਨ ਯੂਨੀਅਨ ਦੇ ਸੂਬਾ ਆਗੂ ਸਰਬਜੀਤ ਸਿੰਘ ਭੁੱਲਰ, ਡਿੱਪੂ ਪ੍ਰਧਾਨ ਹਰਤਾਰ ਸ਼ਰਮਾ ਤੇ ਜਨਰਲ ਸਕੱਤਰ ਅੰਗਰੇਜ਼ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇਦਾਰੀ ਪ੍ਰਣਾਲੀ ਖਤਮ ਕਰਨ, ਪੂਰੀਆਂ ਤਨਖ਼ਾਹਾਂ ਦੇਣ ਦੇ ਵਾਅਦੇ ਨੂੰ ਸਾਢੇ ਚਾਰ ਸਾਲ ਬੀਤਣ ’ਤੇ ਵੀ ਪੂਰਾ ਨਹੀਂ ਕੀਤਾ। ਜਦਕਿ ਬੀਤੀ 24 ਜੂਨ ਦੀ ਮੀਟਿੰਗ ’ਚ ਸਰਕਾਰ ਨੇ 10 ਦਿਨਾਂ ਅੰਦਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਖਰੜਾ ਤਿਆਰ ਕਰਨ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ’ਤੇ ਲਿਆਉਣ ਲਈ ਤਿੰਨ ਸਾਲ ਦੀ ਸਮਾਂ-ਸੀਮਾ ਤੈਅ ਕਰਨ ਦਾ ਭਰੋਸਾ ਦਿੱਤਾ ਸੀ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਜਿਸ ਦੇ ਰੋਸ ਵਜੋਂ ਉਨ੍ਹਾਂ ਨੇ 3, 4 ਅਤੇ 5 ਅਗਸਤ ਨੂੰ ਤਿੰਨ ਰੋਜ਼ਾ ਹੜ੍ਹਤਾਲ ਕਰਕੇ ਬੱਸਾਂ ਦਾ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ਦਿੱਤੇ ਜਾਣਗੇ ਤੇ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਭੁੱਖ ਹੜ੍ਹਤਾਲ ਕੀਤੀ ਜਾਵੇਗੀ, ਜੇਕਰ ਫੇਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਹੜ੍ਹਤਾਲ ਨੂੰ ਅਣਮਿੱਥੇ ਸਮੇਂ ’ਚ ਬਦਲਿਆ ਜਾ ਸਕਦਾ।
ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਠੇਕਾ ਮੁਲਾਜ਼ਮਾਂ ਵਲੋਂ ਤਿੰਨ ਰੋਜ਼ਾ ਹੜਤਾਲ ਦਾ ਐਲਾਨ
ਅਜੀਤ ਡੈਸਕ
28-07-2026