ਮਾਨਸਾ, 1 ਅਗਸਤ (ਸ.ਰਿ.)- ਸਿਹਤ ਵਿਭਾਗ ਵਲੋਂ ‘ਮਾਂ ਦੇ ਦੁੱਧ ਦੀ ਮਹੱਤਤਾ’ ਸਬੰਧੀ ਵਿਸ਼ੇਸ਼ ਜਾਗਰੂਕਤਾ ਹਫ਼ਤਾ 1 ਅਗਸਤ ਤੋਂ 7 ਅਗਸਤ ਤੱਕ ਮਨਾਇਆ ਜਾ ਰਿਹਾ ਹੈ। ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਸਰਬੋਤਮ ਅਤੇ ਸੰਪੂਰਨ ਆਹਾਰ ਹੁੰਦਾ ਹੈ, ਜੋ ਬੱਚਿਆਂ ਨੂੰ ਕੁਪੋਸ਼ਣ ਅਤੇ ਡਾਇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ‘ਚ ਵੀ ਸਹਾਇਕ ਹੁੰਦਾ ਹੈ। ਇਸ ਸਬੰਧੀ ਜਿਲ੍ਹੇ ਦੇ ਸਿਹਤ ਕੇਂਦਰਾਂ ‘ਚ ਕੈਂਪ ਲਗਾ ਕੇ ‘ਮਾਂ ਦੇ ਦੁੱਧ ਮਹੱਤਤਾ’ ਸਬੰਧੀ ਦੁੱਧ ਪਿਲਾਉਣ ਸਮੇਂ ਕੁਝ ਖ਼ਾਸ ਧਿਆਨ ਰੱਖਣ ਯੋਗ ਗੱਲਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ।