ਮੈਂ ਦਿੱਲੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ ਇਕ ਨੌਜਵਾਨ ਲੜਕੀ ਨਾਲ ਗੱਲ ਕਰ ਰਿਹਾ ਸੀ, ਜੋ ਵਾਰ-ਵਾਰ ਆਪਣਾ ਇੰਸਟਾਗ੍ਰਾਮ ਅਕਾਊਂਟ ਚੈੱਕ ਕਰਕੇ ਸਾਨੂੰ ਜੰਤਰ-ਮੰਤਰ 'ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਬਾਰੇ ਲਗਾਤਾਰ ਜਾਣਕਾਰੀ ਦੇ ਰਹੀ ਸੀ। ਭਾਵੇਂ ਉਹ ਵਿਦੇਸ਼ 'ਚ ਸੀ, ਪਰ ਉਸ ਦਾ ਦਿਲ ਤੇ ਦਿਮਾਗ ਜੰਤਰ-ਮੰਤਰ 'ਤੇ ਅਟਕਿਆ ਹੋਇਆ ਸੀ ਤੇ ਉਸ ਨੂੰ ਉੱਥੇ ਦੀ ਹਰ ਛੋਟੀ ਤੋਂ ਛੋਟੀ ਗੱਲ ਬਾਰੇ ਪਤਾ ਲੱਗ ਰਿਹਾ ਸੀ। ਉਹ ਵਿਦੇਸ਼ 'ਚ ਹੋਣ ਦੇ ਬਾਵਜੂਦ ਸਾਨੂੰ ਮਹਾਭਾਰਤ ਦੇ ਸੰਜੇ ਵਾਂਗ ਲਗਾਤਾਰ ਅੱਖੀਂ ਦੇਖਿਆ ਹਾਲ ਸੁਣਾ ਰਹੀ ਸੀ। ਉਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਜੰਤਰ-ਮੰਤਰ 'ਤੇ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਸਰਕਾਰ ਦੀਆਂ ਨੀਂਹਾਂ ਨੂੰ ਹਿਲਾ ਕੇ ਵੱਡਾ ਝਟਕਾ ਜ਼ਰੂਰ ਦੇਵੇਗਾ। ਇਹ ਮਾਸੂਮ ਲੜਕੀ ਦਿਲੋਂ ਬਹੁਤ ਸੁਹਿਰਦ ਹੈ, ਪਰ ਦੇਸ਼ ਦੇ ਸਿਆਸੀ ਮਾਹੌਲ ਤੋਂ ਪ੍ਰੇਸ਼ਾਨ ਸੀ। ਕਾਕਰੋਚ ਅੰਦੋਲਨ ਨੇ ਉਸ ਲਈ ਇਕ ਉਮੀਦ ਜਗਾਈ ਹੈ, ਉਹ ਆਪਣੇ ਲਈ ਨਹੀਂ ਸਗੋਂ ਦੇਸ਼ ਲਈ ਚਿੰਤਤ ਸੀ। ਜੇ ਮੈਂ ਇਸ ਲੜਕੀ ਨੂੰ ਨਾ ਮਿਲਦਾ ਤਾਂ ਸ਼ਾਇਦ ਕਾਕਰੋਚ ਅੰਦੋਲਨ ਦੀ ਤੀਬਰਤਾ ਦਾ ਮੈਨੂੰ ਵੀ ਅੰਦਾਜ਼ਾ ਨਹੀ ਲੱਗਣਾ ਸੀ। ਜੰਤਰ-ਮੰਤਰ ਪਹੁੰਚੇ ਵਿਦਿਆਰਥੀਆਂ ਦਾ ਉਤੇਜਿਤ ਹੋ ਜਾਣਾ ਸੁਭਾਵਿਕ ਸੀ, ਪਰ ਵਿਰੋਧ ਪ੍ਰਦਰਸ਼ਨ ਵਾਲੇ ਸਥਾਨ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੋ ਕੇ ਵੀ ਅੰਦੋਲਨ ਨਾਲ ਜੁੜੇ ਰਹਿ ਕੇ ਪਲ-ਪਲ ਦੀ ਖ਼ਬਰ ਰੱਖਦਿਆਂ ਇਸ 'ਤੇ ਪ੍ਰਤੀਕਿਰਿਆ ਦੇਣਾ, ਇਸ ਗੱਲ ਦਾ ਸਬੂਤ ਹੈ ਕਿ ਅੰਦੋਲਨ ਨੇ ਦੇਸ਼ ਦੇ ਹਰ ਨੌਜਵਾਨ ਨੂੰ ਭਾਵਨਾਤਮਿਕ ਤੌਰ 'ਤੇ ਆਪਣੇ ਨਾਲ ਜੋੜ ਲਿਆ ਸੀ, ਜਿਨ੍ਹਾਂ ਨੂੰ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਿਨਾਂ ਕੁਝ ਵੀ ਮਨਜ਼ੂਰ ਨਹੀਂ ਸੀ ।
ਪ੍ਰਧਾਨ ਮੰਤਰੀ ਮੋਦੀ ਨੂੰ ਇਹ ਗੱਲ ਬਹੁਤ ਦੇਰ ਨਾਲ ਸਮਝ ਆਈ, ਜਦੋਂ ਤੱਕ ਉਹ ਸਥਿਤੀ ਦੀ ਗੰਭੀਰਤਾ ਨੂੰ ਸਮਝੇ ਉਦੋਂ ਤੱਕ ਤਾਂ ਉਨ੍ਹਾਂ ਦੀ ਸਰਕਾਰ ਤੇ ਪਾਰਟੀ ਦੇ ਵੱਕਾਰ ਦਾ ਵੱਡਾ ਨੁਕਸਾਨ ਹੋ ਚੁੱਕਾ ਸੀ। ਉਸ ਨੁਕਸਾਨ ਦੀ ਭਰਪਾਈ ਅੱਧੀ ਰਾਤ ਨੂੰ ਵੀਡੀਓ ਬਣਾ ਕੇ ਪਾਉਣ ਨਾਲ ਨਹੀਂ ਹੋ ਸਕੇਗੀ। ਕਾਕਰੋਚਾਂ ਨੇ ਸਿਰਫ਼ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ਾ ਦੇਣ ਲਈ ਹੀ ਮਜਬੂਰ ਨਹੀਂ ਕੀਤਾ, ਸਗੋਂ ਪੂਰੇ ਰਾਜਨੀਤਿਕ ਸਿਸਟਮ ਨੂੰ ਵੀ ਸੁਨੇਹਾ ਦੇ ਦਿੱਤਾ ਹੈ ਕਿ ਮੋਦੀ ਸਰਕਾਰ ਤੇ ਇਸ ਦੇ ਸਿਸਟਮ ਨਾਲ ਲੜਨ ਲਈ ਕਿਸੇ ਵੱਡੇ ਸੰਗਠਨ, ਕਿਸੇ ਪਾਰਟੀ, ਕਿਸੇ ਨੇਤਾ ਦੀ ਬਜਾਏ ਇਕ ਮਜ਼ਬੂਤ ਇਰਾਦੇ ਤੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਕੁਝ ਵੀ ਕਰਨ ਦੀ ਭਾਵਨਾ ਦੀ ਲੋੜ ਹੈ। ਅਜਿਹੀ ਭਾਵਨਾ ਨਾ ਕਿਸੇ ਤੋਂ ਡਰਦੀ ਹੈ ਤੇ ਨਾ ਕਿਸੇ ਅੱਗੇ ਝੁਕਦੀ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਕਿਤਾਬ 'ਡਿਸਕਵਰੀ ਆਫ਼ ਇੰਡੀਆ' ਵਿਚ ਲਿਖਿਆ ਹੈ ਕਿ ਆਜ਼ਾਦੀ ਅੰਦੋਲਨ 'ਚ ਮਹਾਤਮਾ ਗਾਂਧੀ ਦਾ ਸਭ ਤੋਂ ਵੱਡਾ ਯੋਗਦਾਨ ਲੋਕਾਂ ਨੂੰ 'ਨਿਡਰਤਾ' ਪ੍ਰਦਾਨ ਕਰਨਾ ਸੀ।
ਗਾਂਧੀ ਜੀ ਨੇ ਲੋਕਾਂ ਦੇ ਦਿਲਾਂ 'ਚੋਂ ਬ੍ਰਿਟਿਸ਼ ਸਾਮਰਾਜ ਦਾ ਡਰ ਦੂਰ ਕਰ ਦਿੱਤਾ ਸੀ ਅਤੇ ਅੰਗਰੇਜ਼ਾਂ ਤੋਂ ਡਰ ਕੇ ਆਪਣੇ ਘਰਾਂ 'ਚ ਲੁਕ ਕੇ ਬੈਠੇ ਲੋਕ ਗਾਂਧੀ ਜੀ ਦੇ ਸੱਦੇ 'ਤੇ ਸੜਕਾਂ 'ਤੇ ਉਤਰ ਆਏ ਸਨ। ਲੋਕ ਜੇਲ੍ਹ ਜਾਣ ਤੋਂ ਡਰਨਾ ਛੱਡ ਕੇ ਪੁਲਿਸ ਦੇ ਡੰਡਿਆਂ ਦਾ ਸਾਹਮਣਾ ਕਰਨਾ ਸਿੱਖ ਗਏ ਸਨ। ਇਹ ਗਾਂਧੀ ਦੀ ਅਹਿੰਸਾ ਦਾ ਚਮਤਕਾਰ ਸੀ ਕਿ ਜਦੋਂ ਡਾਂਡੀ ਮਾਰਚ ਦੌਰਾਨ ਪੁਲਿਸ ਨੇ ਗਾਂਧੀ ਦੇ ਵਲੰਟੀਅਰਾਂ 'ਤੇ ਲਾਠੀਚਾਰਜ ਕੀਤਾ ਤਾਂ ਉਨ੍ਹਾਂ ਦੇ ਸਿਰ ਫਟ ਗਏ, ਸਰੀਰਾਂ ਤੋਂ ਖੂਨ ਵਹਿ ਰਿਹਾ ਸੀ, ਕਈ ਬੇਹੋਸ਼ ਹੋ ਗਏ ਪਰ ਕਿਸੇ ਨੇ ਇਕ ਵੀ ਸ਼ਬਦ ਨਾ ਬੋਲਿਆ। ਇਹੀ ਚਮਤਕਾਰ ਅਸੀਂ ਜੰਤਰ-ਮੰਤਰ 'ਤੇ ਵੀ ਦੇਖਿਆ ਹੈ। ਪੁਲਿਸ ਵਲੋਂ ਲਾਠੀਚਾਰਜ ਕਰਨ 'ਤੇ ਵੀ ਬੱਚਿਆਂ ਨੇ ਉੱਥੋਂ ਭੱਜਣ ਤੋਂ ਇਨਕਾਰ ਕਰ ਦਿੱਤਾ, ਕਈਆਂ ਨੇ ਚੀਕਦਿਆਂ 'ਮੈਨੂੰ ਹੋਰ ਮਾਰੋ' ਕਿਹਾ ਤਾਂ ਸ਼ਰਮਿੰਦਾ ਹੋਈ ਪੁਲਿਸ ਦਾ ਲਾਠੀਚਾਰਜ ਰੁਕ ਗਿਆ। ਗਾਂਧੀ ਜੀ ਵਾਂਗ ਇਸ ਅੰਦੋਲਨ ਨੇ ਦੇਸ਼ ਨੂੰ ਇਕ ਵਾਰ ਫਿਰ 'ਨਿਡਰਤਾ' ਪ੍ਰਦਾਨ ਕਰ ਦਿੱਤੀ ਹੈ।
ਮੋਦੀ ਸਰਕਾਰ ਦੇ ਖੌਫ ਤੋਂ ਸਿਰਫ਼ ਰਾਜਨੀਤਿਕ ਪਾਰਟੀਆਂ ਹੀ ਨਹੀਂ, ਸਗੋਂ ਆਮ ਲੋਕ ਵੀ ਡਰ ਗਏ ਸਨ। ਮੈਂ 2014 ਤੋਂ ਬਾਅਦ ਪਹਿਲੀ ਵਾਰ ਦੇਖਿਆ ਤੇ ਅਨੁਭਵ ਕੀਤਾ ਹੈ ਕਿ ਜਨਤਕ ਸਥਾਨ 'ਤੇ ਮੋਦੀ ਦੀ ਆਲੋਚਨਾ ਕਰਨ ਦਾ ਮਤਲਬ ਦੁਰਵਿਵਹਾਰ ਦਾ ਸਾਹਮਣਾ ਕਰਨਾ ਹੈ। ਲੋਕ ਮਰਨ ਮਾਰਨ ਲਈ ਤਿਆਰ ਹੋ ਜਾਂਦੇ ਸਨ, ਮੇਰੇ ਨਾਲ ਵੀ ਇਹ ਕਈ ਵਾਰ ਹੋਇਆ ਹੈ। ਮੈਂ ਦੋਸਤਾਂ ਵਿਚਕਾਰ ਬੈਠਿਆ ਮੋਦੀ ਬਾਰੇ ਆਲੋਚਨਾਤਮਕ ਟਿੱਪਣੀ ਕਰ ਦਿੰਦਾ ਤਾਂ ਦੋਸਤ ਹੋਣ ਦਾ ਢੋਂਗ ਕਰਨ ਵਾਲੇ ਵਿਰੋਧੀ ਬਣ ਕੇ ਗਾਲੀ-ਗਲੋਚ 'ਤੇ ਉਤਰ ਆਉਂਦੇ। ਮੇਰੇ ਨਾਲ ਇਕ ਵਾਰ ਨਿਊਯਾਰਕ ਦੇ ਰੈਸਟੋਰੈਂਟ 'ਚ ਵੀ ਅਜਿਹੀ ਘਟਨਾ ਵਾਪਰੀ ਸੀ, ਜਦੋਂ ਇਕ ਨਾਮਵਰ ਵਿਅਕਤੀ ਗੁੱਸੇ 'ਚ ਆ ਕੇ ਮਾੜਾ ਬੋਲਣ ਲੱਗ ਪਿਆ ਸੀ। ਸਰਕਾਰੀ ਏਜੰਸੀਆਂ ਨੇ ਰਾਜਨੀਤਿਕ ਪਾਰਟੀਆਂ ਨੂੰ ਇਸ ਹੱਦ ਤੱਕ ਡਰਾਇਆ ਹੈ, ਕਿ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਲੜਨ ਦੀ ਸਮਰੱਥਾ ਹੀ ਖ਼ਤਮ ਹੋ ਗਈ ਹੈ। ਪਹਿਲਾਂ ਵੀ ਸਿਆਸੀ ਪਾਰਟੀਆਂ ਟੁੱਟਦੀਆਂ ਸਨ, ਪਰ ਹੁਣ ਤਾਂ ਪੂਰੀ-ਪੂਰੀ ਪਾਰਟੀ ਨੂੰ ਕਬਜ਼ੇ 'ਚ ਲਿਆ ਜਾ ਰਿਹਾ ਹੈ, ਤ੍ਰਿਣਮੂਲ ਕਾਂਗਰਸ, ਸ਼ਿਵ ਸੈਨਾ ਤੇ ਐਨ.ਸੀ.ਪੀ. ਇਸ ਦੀਆਂ ਤਾਜ਼ਾ ਉਦਾਹਰਨਾਂ ਹਨ। ਅਜਿਹੇ ਮਾਹੌਲ 'ਚ ਜਦੋਂ ਮੁੱਖ ਮੰਤਰੀ ਤੱਕ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੋਵੇ ਤਾਂ ਉਸ ਸਮੇਂ ਵਿਦਿਆਰਥੀਆਂ ਦੁਆਰਾ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਕੇ ਸਿੱਖਿਆ ਮੰਤਰੀ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰ ਦੇਣ ਨਾਲ ਸਰਕਾਰ ਦੇ ਡਰ ਨੂੰ ਵੱਡਾ ਝਟਕਾ ਲੱਗਾ ਹੈ।
ਜੰਤਰ-ਮੰਤਰ 'ਤੇ ਪ੍ਰਧਾਨ ਮੰਤਰੀ ਵਿਰੁੱਧ ਅਪਮਾਨਜਨਕ ਭਾਸ਼ਾ ਵਰਤੇ ਜਾਣ ਦੀਆਂ ਕਈ ਵੀਡੀਓਜ਼ ਹਨ, ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਦਰਅਸਲ ਅੰਦੋਲਨ ਦੀ ਅਸਲ ਤਸਵੀਰ ਤਾਂ ਉਹ ਵਿਦਿਆਰਥੀ ਸਨ, ਜੋ ਸੋਨਮ ਵਾਂਗਚੁਕ ਦੇ ਮਰਨ ਵਰਤ ਤੋੜਨ ਤੋਂ ਬਾਅਦ ਵੀ ਇਸ ਗੱਲ 'ਤੇ ਅੜੇ ਰਹੇ ਕਿ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ਾ ਦੇਣ ਤੱਕ ਉਨ੍ਹਾਂ ਦਾ ਅਦੋਲਨ ਜਾਰੀ ਰਹੇਗਾ। ਇਹ ਸੰਭਵ ਸੀ ਕਿ ਵਿਦਿਆਰਥੀ ਸਰਕਾਰ ਤੋਂ ਡਰ ਕੇ ਅੰਦੋਲਨ ਨਾ ਕਰਦੇ ਤੇ ਭੁੱਖ ਹੜਤਾਲ ਵੀ ਡਰ ਕੇ ਅੱਧ ਵਿਚਾਲੇ ਤੋੜ ਦਿੰਦੇ। ਪਰ ਅਜਿਹਾ ਨਹੀਂ ਹੋਇਆ, ਕਿਉਂਕਿ ਸਰਕਾਰ ਦਾ ਡਰ ਉਨ੍ਹਾਂ ਦੇ ਦਿਲਾਂ ਤੋਂ ਨਿਕਲ ਚੁੱਕਾ ਸੀ, ਇਹੀ ਇਸ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ, ਬਾਕੀ ਤਾਂ ਸਿਰਫ਼ ਇਕ ਟ੍ਰੇਲਰ ਹੈ। ਗਾਂਧੀ ਦਾ ਵੀ ਇਹੀ ਤਰੀਕਾ ਹੈ, ਜਿਸ ਨੇ ਅੰਗਰੇਜ਼ਾਂ ਨੂੰ ਝੁਕਾ ਕੇ ਭਾਰਤ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਦੇਸ਼ ਦੇ ਨੌਜਵਾਨਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜਿਸ ਵਿਚਾਰਧਾਰਾ ਨੇ 30 ਜਨਵਰੀ 1948 ਨੂੰ ਗਾਂਧੀ ਜੀ ਇਹ ਸਰੀਰਕ ਤੌਰ 'ਤੇ ਸਾਡੇ ਤੋਂ ਖੋਹ ਲਿਆ ਸੀ ਤੇ ਜਿਨ੍ਹਾਂ ਨੂੰ ਪਿਛਲੇ 12 ਸਾਲਾਂ ਤੋਂ ਇਹ ਭਰਮ 'ਚ ਸੀ ਕਿ ਉਨ੍ਹਾਂ ਨੇ ਗਾਂਧੀ ਦੀ ਸੋਚ ਤੇ ਅਹਿੰਸਾ ਨੂੰ ਸਥਾਈ ਤੌਰ 'ਤੇ ਤਬਾਹ ਕਰ ਦਿੱਤਾ ਹੈ, ਪਰ ਅੰਤ 'ਚ ਉਹ ਇਕ ਵਾਰ ਫਿਰ ਗਾਂਧੀ ਤੋਂ ਹਾਰ ਗਏ ਹਨ। ਸੱਤਾਧਾਰੀ ਪਾਰਟੀ ਭਾਵੇਂ ਕੁਝ ਵੀ ਕਹੇ, ਉਨ੍ਹਾਂ ਦੇ ਚਾਪਲੂਸ ਪੱਤਰਕਾਰ ਕੋਈ ਵੀ ਬਿਰਤਾਂਤ ਬਣਾ ਲੈਣ, ਪਰ ਸੱਚ ਇਹ ਹੈ ਕਿ ਕਾਕਰੋਚ ਅੰਦੋਲਨ ਪੂਰੀ ਤਰ੍ਹਾਂ ਅਹਿੰਸਕ ਸੀ, ਗਾਂਧੀ ਦੇ ਰਸਤੇ 'ਤੇ ਚੱਲਿਆ ਤੇ ਇਸੇ ਲਈ ਸਰਕਾਰ ਇਕ ਨਿਸਚਿਤ ਬਿੰਦੂ ਤੋਂ ਅੱਗੇ ਤਾਕਤ ਦੀ ਵਰਤੋਂ ਕਰਨ ਤੋਂ ਅਸਮਰੱਥ ਰਹੀ ਹੈ। ਜੇਕਰ ਇਹ ਅੰਦੋਲਨ ਹਿੰਸਕ ਹੁੰਦਾ ਤਾਂ ਮੋਦੀ ਸਰਕਾਰ ਇਸ ਨੂੰ ਕੁਚਲਣ ਲਈ 2 ਮਿੰਟ ਵੀ ਨਾ ਲਗਾਉਂਦੀ। ਸਰਕਾਰ ਅਜਿਹਾ ਨਾ ਕਰ ਸਕੀ, ਕਿਉਂਕਿ ਅੰਦੋਲਨ ਦੀ ਨੈਤਿਕ ਤੇ ਅਧਿਆਤਮਿਕ ਸ਼ਕਤੀ ਸਾਹਮਣੇ ਉਸ ਦੀ ਸਾਰੀ ਤਾਕਤ ਮਾਮੂਲੀ ਬਣ ਕੇ ਰਹਿ ਗਈ, ਜਿਵੇਂ ਅੰਗਰੇਜ਼ ਪ੍ਰਸ਼ਾਸਨ ਅਕਸਰ ਗਾਂਧੀ ਦੀ ਨੈਤਿਕ ਤਾਕਤ ਸਾਹਮਣੇ ਲਾਜਵਾਬ ਹੋ ਜਾਂਦਾ ਸੀ।
ਗਾਂਧੀ ਦਾ ਰਸਤਾ ਸਾਡੇ ਦੇਸ਼ ਲਈ ਇਕੋ ਉਮੀਦ ਹੈ, ਇਕ ਰੌਸ਼ਨੀ ਦੀ ਕਿਰਨ ਹੈ। ਕਾਕਰੋਚ ਅੰਦੋਲਨ ਨੇ ਦੇਸ਼ ਦੇ ਬਜ਼ੁਰਗਾਂ ਨੂੰ ਤਾਨਾਸ਼ਾਹੀ ਨੂੰ ਦੂਰ ਕਰਨ ਦਾ ਮੰਤਰ ਦੇ ਦਿੱਤਾ ਹੈ। ਉਸ ਨੇ ਦਿਖਾ ਦਿੱਤਾ ਹੈ ਕਿ ਜਦੋਂ ਵੀ ਦੇਸ਼ 'ਤੇ ਕੋਈ ਸੰਕਟ ਆਵੇਗਾ ਤੇ ਲੋਕਤੰਤਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਗਾਂਧੀ ਮੁੜ ਖੜ੍ਹੇ ਹੋ ਜਾਣਗੇ। ਉਨ੍ਹਾਂ ਦਾ ਅਹਿੰਸਾ ਦਾ ਮਾਰਗ ਹੀ ਰਾਸ਼ਟਰ ਨੂੰ ਮੁਕਤੀ ਦਾ ਰਸਤਾ ਦਿਖਾਏਗਾ। ਅੰਦੋਲਨ ਨੇ ਜੋ ਇਤਿਹਾਸਕ ਭੂਮਿਕਾ ਨਿਭਾਉਣੀ ਸੀ, ਉਹ ਨਿਭਾਅ ਚੁੱਕਾ ਹੈ। ਹੁਣ ਵਿਰੋਧੀ ਧਿਰ, ਰਾਜਨੀਤਿਕ ਪਾਰਟੀਆਂ, ਸਿਵਲ ਸਮਾਜ ਤੇ ਉਨ੍ਹਾਂ ਸੰਸਥਾਵਾਂ ਦੀ ਵਾਰੀ ਹੈ, ਜਿਨ੍ਹਾਂ ਨੇ ਡਰ ਦੇ ਕਾਰਨ ਆਪਣੀਆਂ ਸਮਰੱਥਾਵਾਂ ਨੂੰ ਗਿਰਵੀ ਰੱਖ ਦਿੱਤਾ ਹੈ। ਉਨ੍ਹਾਂ ਨੂੰ ਇਸ ਸੰਘਰਸ਼ ਨੂੰ ਅੱਗੇ ਲਿਜਾਣਾ ਹੋਵੇਗਾ। ਇਸ ਦੇਸ਼ ਲਈ ਤੇ ਇਸ ਦੇ ਹਰ ਨਾਗਰਿਕ ਲਈ, ਉਸ ਲੜਕੀ ਲਈ ਜਿਸ ਦੀ ਆਤਮਾ ਹਜ਼ਾਰਾਂ ਕਿਲੋਮੀਟਰ ਦੂਰ ਰਹਿਣ ਦੇ ਬਾਵਜੂਦ ਵੀ ਭਾਰਤ ਵਿਚ ਵਸਦੀ ਹੈ, ਕਿਉਂਕਿ ਉਹ ਆਪਣੇ ਦੇਸ਼ ਨੂੰ ਪਿਆਰ ਕਰਦੀ ਹੈ। ਜੋ ਆਪਣੇ ਦੇਸ਼ ਨੂੰ ਗਾਂਧੀ ਦੇ ਰਸਤੇ ਤੋਂ ਭਟਕਣ ਨਹੀਂ ਦੇਣਾ ਚਾਹੁੰਦੀ ਹੈ!
ashutosh83b@gmail.com