ਝੋਨੇ ਦੀ ਕਾਸ਼ਤ ਹੇਠ ਰਕਬਾ ਘਟਾ ਕੇ ਫ਼ਸਲੀ ਭਿੰਨਤਾ ਲਿਆਉਣ ਲਈ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਪਰ ਸਫ਼ਲਤਾ ਨਹੀਂ ਮਿਲੀ। ਝੋਨੇ ਦੀ ਕਾਸ਼ਤ ਹੇਠ ਰਕਬਾ ਹਰ ਸਾਲ ਵਧਦਾ ਜਾ ਰਿਹਾ ਹੈ ਜੋ ਹੁਣ 32 ਲੱਖ ਹੈਕਟੇਅਰ ਤੋਂ ਟੱਪ ਚੁੱਕਾ ਹੈ। ਇਸ ਨਾਲ ਜ਼ਮੀਨ ਦੇ ਪਾਣੀ ਦਾ ਪੱਧਰ ਘਟਦਾ ਗਿਆ ਹੈ ਤੇ ਕਿਸਾਨਾਂ ਨੂੰ ਸਬਮਰਸੀਬਲ ਪੰਪ ਲਗਾਉਣੇ ਪਏ ਹਨ। ਸੰਗਰੂਰ ਜ਼ਿਲ੍ਹੇ ਦੇ ਕਣਕਵਾਲ ਪਿੰਡ 'ਚ ਝੋਨਾ, ਕਣਕ ਦੀ ਖੇਤੀ ਕਰਦਾ ਅਗਾਂਹਵਧੂ 'ਆਈ.ਏ.ਆਰ.ਆਈ. ਫੈਲੋ ਫਾਰਮਰ' ਪੁਰਸਕਾਰ ਨਾਲ ਸਨਮਾਨਿਤ ਕਿਸਾਨ ਸੁਖਜੀਤ ਸਿੰਘ ਭੰਗੂ ਕਹਿੰਦਾ ਹੈ ਕਿ ਕਿਸਾਨ ਝੋਨੇ ਦੀ ਫ਼ਸਲ ਹੇਠ ਰਕਬਾ ਇਸ ਲਈ ਨਹੀਂ ਘਟਾ ਰਹੇ ਕਿਉਂਕਿ ਖ਼ਰੀਫ਼ ਦੇ ਮੌਸਮ 'ਚ ਕੋਈ ਹੋਰ ਅਜਿਹੀ ਬਦਲਵੀਂ ਫ਼ਸਲ ਨਹੀਂ ਜੋ ਝੋਨੇ ਜਿੰਨਾ ਮੁਨਾਫ਼ਾ ਦੇਵੇ। ਝੋਨੇ 'ਤੇ ਐਮ.ਐਸ.ਪੀ. ਹੈ ਤੇ ਸਰਕਾਰੀ ਖਰੀਦ ਹੈ। ਪਿਛਲੇ ਕੁੱਝ ਸਮੇਂ ਤੋਂ ਕੁਝ ਰਕਬਾ ਬਾਸਮਤੀ ਦੀ ਕਾਸ਼ਤ ਹੇਠ ਜ਼ਰੂਰ ਆਇਆ, ਪਰ ਇਸ ਸਾਲ ਘਟ ਗਿਆ। ਭਾਵੇਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਕਹਿੰਦੇ ਹਨ ਕਿ ਇਹ ਪਿਛਲੇ ਸਾਲ ਦੇ 6.70 ਲੱਖ ਹੈਕਟੇਅਰ ਰਕਬੇ ਨੂੰ ਛੂਹ ਜਾਵੇਗਾ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਪੂਸਾ ਬਾਸਮਤੀ 1509 ਕਿਸਮ ਜੋ ਪੱਕਣ ਨੂੰ ਥੋੜ੍ਹਾ ਸਮਾਂ ਲੈਂਦੀ ਹੈ ਤੇ ਬਰਾਮਦ ਕੀਤੀ ਜਾਣ ਕਰਕੇ ਮੰਡੀਕਰਨ 'ਚ ਕੋਈ ਮੁਸ਼ਕਿਲ ਨਹੀਂ ਆਉਂਦੀ, ਤੇਜ਼ੀ ਨਾਲ ਲੱਗ ਰਹੀ ਹੈ ਤੇ ਇਸ ਦੀ ਲੁਆਈ ਜੁਲਾਈ ਤੋਂ ਬਾਅਦ ਵੀ 2-3 ਅਗਸਤ ਤੱਕ ਹੁੰਦੀ ਰਹੇਗੀ। ਪੱਛਮੀ ਏਸ਼ੀਆ 'ਚ ਈਰਾਨ-ਅਮਰੀਕਾ ਜੰਗ ਦੇ ਬਾਵਜੂਦ ਬਾਸਮਤੀ ਦੇ ਬਰਾਮਦਕਾਰਾਂ ਅਨੁਸਾਰ ਬਾਸਮਤੀ ਚੌਲ ਦੀ ਮੰਗ ਜਾਰੀ ਰਹੇਗੀ ਅਤੇ ਆਉਣ ਵਾਲੇ ਸਮੇਂ 'ਚ ਇਸ ਦੀ ਬਰਾਮਦ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ। ਘਰੇਲੂ ਮੰਡੀ 'ਚ ਵੀ ਬਾਸਮਤੀ ਦੀ ਮੰਗ ਬਰਕਰਾਰ ਹੈ। ਆਈ.ਸੀ.ਏ.ਆਰ.-ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਵਲੋਂ ਅਗਲੇ ਸਾਲ ਤੋਂ ਕਿਸਾਨਾਂ ਨੂੰ ਇਕ ਹੋਰ ਬਾਸਮਤੀ ਦੀ ਕਿਸਮ ਅਜ਼ਮਾਇਸ਼ਾਂ ਉਪਰੰਤ ਵਿਕਸਿਤ ਕਰ ਕੇ ਦਿੱਤੀ ਜਾਵੇਗੀ ਜੋ ਸੰਸਥਾਨ ਦੇ ਸੰਯੁਕਤ ਡਾਇਰੈਕਟਰ (ਖੋਜ) ਡਾ. ਵਿਸ਼ਵਾਨਾਥਨ ਸੀ. ਅਨੁਸਾਰ ਬਕਾਨੇ, ਬਲਾਸਟ ਤੇ ਬੈਕਟੀਰੀਅਲ ਲੀਫ ਬਲਾਈਟ (ਝੰਡਾ ਰੋਗ, ਭੁਰੜ ਰੋਗ ਤੇ ਝੁਲਸ ਰੋਗ) ਤੋਂ ਮੁਕਤ ਹੋਵੇਗੀ। ਇਹ ਕਿਸਮਾਂ ਕਿਸਾਨਾਂ ਤੱਕ ਪਹੁੰਚਣ ਨਾਲ ਬਾਸਮਤੀ ਦੀ ਕਾਸ਼ਤ ਦਾ ਭਵਿੱਖ ਹੋਰ ਰੌਸ਼ਨ ਹੋ ਜਾਵੇਗਾ। ਇਹ ਕਿਸਮ ਵਰਤਮਾਨ ਪੂਸਾ ਬਾਸਮਤੀ 1509 ਨਾਲੋਂ ਬਿਹਤਰ ਹੋਵੇਗੀ।
ਫ਼ਸਲੀ ਭਿੰਨਤਾ ਨੂੰ ਦੂਜਾ ਝਟਕਾ ਨਰਮੇ/ਕਪਾਹ ਦੀ ਕਾਸ਼ਤ ਹੇਠ ਰਕਬਾ ਘਟਣ ਕਾਰਨ ਵੀ ਲੱਗਾ ਹੈ। ਪੰਜਾਬ ਸਰਕਾਰ ਵਲੋਂ ਪਛੜ ਰਹੀ ਫ਼ਸਲੀ ਭਿੰਨਤਾ ਦਾ ਘਾਟਾ ਪੂਰਾ ਕਰਨ ਲਈ ਖ਼ਰੀਫ਼ ਸੀਜ਼ਨ 'ਚ ਮੱਕੀ ਦੀ ਕਾਸ਼ਤ ਹੇਠ 60 ਹਜ਼ਾਰ ਹੈਕਟੇਅਰ ਰਕਬਾ ਬਰਕਰਾਰ ਰੱਖਣ ਦੀ ਯੋਜਨਾਬੰਦੀ ਕੀਤੀ ਗਈ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਬਰਾੜ ਅਨੁਸਾਰ ਪੰਜਾਬ 'ਚ ਮੂੰਗਫਲੀ ਦੀ ਕਾਸ਼ਤ ਵਧਾਈ ਜਾਵੇਗੀ, ਜਿਸ ਲਈ 500 ਕੁਇੰਟਲ ਬੀਜ ਕਿਸਾਨਾਂ ਨੂੰ ਮੁਹੱਈਆ ਕਰਨ ਲਈ ਦੂਜੇ ਰਾਜਾਂ ਤੋਂ ਮੰਗਾਇਆ ਗਿਆ ਹੈ। ਅਰਹਰ ਦੀ ਕਾਸ਼ਤ ਥੱਲੇ ਵੀ ਰਕਬਾ ਵਧਾਇਆ ਜਾਵੇਗਾ ਤੇ ਮੂੰਗੀ ਦੀ ਕਾਸ਼ਤ 'ਤੇ ਵੀ ਜ਼ੋਰ ਦਿੱਤਾ ਜਾਵੇਗਾ। ਕੇਂਦਰ ਵਲੋਂ ਬਣਾਈਆਂ ਸਕੀਮਾਂ ਥੱਲੇ ਕੁਝ ਰਕਬਾ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਥੱਲੇ ਲਿਆਂਦਾ ਜਾਵੇਗਾ। ਇਸ ਤਰ੍ਹਾਂ ਕੁਝ ਰਕਬਾ ਝੋਨੇ ਤੋਂ ਇਲਾਵਾ ਦੂਜੀਆਂ ਫ਼ਸਲਾਂ ਥੱਲੇ ਲਿਆਏ ਜਾਣ ਦੇ ਬਾਵਜੂਦ ਵੀ ਜੋ ਪ੍ਰਸਿੱਧ ਵਿਗਿਆਨੀ ਡਾ. ਸਰਦਾਰਾ ਸਿੰਘ ਜੌਹਲ ਤੇ ਅੰਤਰਰਾਸ਼ਟਰੀ ਚੌਲਾਂ ਦੇ ਮਾਹਿਰ ਡਾ. ਗੁਰਦੇਵ ਸਿੰਘ ਖੁਸ਼ ਜਿਹੇ ਮਾਹਰਾਂ ਵਲੋਂ 10 ਲੱਖ ਹੈਕਟੇਅਰ ਰਕਬਾ ਝੋਨੇ ਦੀ ਕਾਸ਼ਤ ਥੱਲਿਓਂ ਘਟਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ, ਉਸ ਵਿਚ ਸਫ਼ਲਤਾ ਮਿਲਣ ਦੀ ਕੋਈ ਆਸ ਨਹੀਂ, ਜਦੋਂ ਤੱਕ ਅਜਿਹੀਆਂ ਬਦਲਵੀਆਂ ਕਿਸਮਾਂ ਕਿਸਾਨਾਂ ਤੱਕ ਨਹੀਂ ਪਹੁੰਚਦੀਆਂ, ਜੋ ਝੋਨੇ ਜਿੰਨਾ ਮੁਨਾਫਾ ਦੇਣ। ਇਸ ਤੋਂ ਇਲਾਵਾ ਫ਼ਲਾਂ ਦੀ ਕਾਸ਼ਤ ਥੱਲੇ ਰਕਬਾ ਵਧਾਏ ਜਾਣ ਦੀ ਵੀ ਗੁੰਜਾਇਸ਼ ਹੈ। ਇਸ ਵੇਲੇ ਫ਼ਲਾਂ ਦੀ ਕਾਸ਼ਤ 41-42 ਲੱਖ ਹੈਕਟੇਅਰ ਬਿਜਾਈ ਅਧੀਨ ਰਕਬੇ 'ਚੋਂ 2- 3 ਫ਼ੀਸਦੀ ਰਕਬੇ 'ਤੇ ਕੀਤੀ ਜਾਂਦੀ ਹੈ, ਜਦਕਿ ਇਹ ਰਕਬਾ 6-7 ਫ਼ੀਸਦੀ ਤੱਕ ਹੋ ਸਕਦਾ ਹੈ। ਫ਼ਲਾਂ ਦੀ ਕਾਸ਼ਤ ਹੇਠ ਇਕੱਲੇ ਕਿੰਨੂੂ ਹੀ ਲਗਭਗ ਅੱਧੇ ਰਕਬੇ 'ਤੇ ਲੱਗੇ ਹੋਏ ਹਨ। ਇਸ ਫ਼ਲ ਦੇ ਬਾਗ਼ ਵੀ ਕੁਝ ਰਕਬੇ ਤੋਂ ਪੁੱਟੇ ਜਾ ਰਹੇ ਹਨ। ਅੰਬਾਂ ਦੀ ਕਾਸ਼ਤ ਥੱਲੇ ਬੜਾ ਥੋੜ੍ਹਾ ਰਕਬਾ ਹੈ। ਅੰਬਾਂ ਦੀ ਕਾਸ਼ਤ ਲਈ ਪੰਜਾਬ ਦਾ ਵਾਤਾਵਰਨ ਤੇ ਮਿੱਟੀ ਅਨੁਕੂਲ ਹਨ। ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਵਲੋਂ ਅੰਬਾਂ ਦੀਆਂ ਅਮਰਪਾਲੀ, ਮਲਿਕਾ, ਪੂਸਾ ਅਰੁਣੀਮਾ, ਪੂਸਾ ਸੂਰੀਆ, ਪੂਸਾ ਪ੍ਰਤਿਭਾ, ਪੂਸਾ ਸ੍ਰੇਸ਼ਟ, ਪੂਸਾ ਲਾਲਿਮਾ ਅਤੇ ਪੂਸਾ ਪਤੰਬਰ ਆਦਿ ਜਿਹੀਆਂ ਹੋਰ ਮਧਰੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ। ਜਿਨ੍ਹਾਂ ਦੇ ਲੰਗੜਾ, ਦੁਸਹਿਰੀ, ਚੋਸਾ ਅਤੇ ਹੋਰ ਰਵਾਇਤੀ ਕਿਸਮਾਂ ਨਾਲੋਂ ਜ਼ਿਆਦਾ ਬੂਟੇ ਪ੍ਰਤੀ ਹੈਕਟੇਅਰ ਲੱਗ ਜਾਂਦੇ ਹਨ, ਜਿਸ ਨਾਲ ਵੱਧ ਝਾੜ ਆਉਂਦਾ ਹੈ। ਅਮਰਪਾਲੀ ਤੇ ਮਲਿਕਾ ਵਪਾਰਕ ਕਿਸਮਾਂ ਬਣ ਗਈਆਂ ਹਨ ਜਿਨ੍ਹਾਂ ਦਾ ਫ਼ਲ ਮੰਡੀ 'ਚ ਦੂਜੀਆਂ ਰਵਾਇਤੀ ਕਿਸਮਾਂ ਨਾਲੋਂ ਲਗਭਗ ਵੱਧ ਭਾਅ 'ਤੇ ਵਿਕ ਰਿਹਾ ਹੈ। ਇਸ ਲਈ ਪੂਸਾ ਦੀਆਂ ਮਧਰੀ ਕਿਸਮਾਂ ਜੋ ਹਰ ਸਾਲ ਫ਼ਲ ਦਿੰਦੀਆਂ ਹਨ, ਦੇ ਬਾਗ਼ ਲਗਾਉਣਾ ਵਧੇਰੇ ਲਾਹੇਵੰਦ ਹੈ। ਇਹ ਮਧਰੀਆਂ ਕਿਸਮਾਂ ਦੇ ਬੂਟੇ ਖੇਤਾਂ ਦੇ ਟਿਊਬਵੈੱਲਾਂ ਅਤੇ ਘਰੇਲੂ ਬਗ਼ੀਚੀਆਂ 'ਚ ਵੀ ਲਾਏ ਜਾ ਸਕਦੇ ਹਨ। ਇਨ੍ਹਾਂ ਮਧਰੀਆਂ ਕਿਸਮਾਂ ਦੀ ਕਾਸ਼ਤ ਪੰਜਾਬ 'ਚ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਬਜ਼ੀਆਂ ਦੀ ਕਾਸ਼ਤ ਥੱਲੇ ਕੁਝ ਰਕਬਾ ਵਧਾਇਆ ਜਾ ਸਕਦਾ ਹੈ। ਆਈ.ਏ.ਆਰ.ਆਈ. ਵਲੋਂ ਪੂਸਾ ਵਿਸ਼ੇਸ਼ ਤੇ ਹੋਰ ਸਬਜ਼ੀਆਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ ਤੇ ਪੀ.ਏ.ਯੂ. ਵਲੋਂ ਵੀ ਬਹੁਤ ਸਬਜ਼ੀਆਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਹੋਈਆਂ ਹਨ, ਜਿਨ੍ਹਾਂ ਨੂੰ ਲਾਉਣਾ ਵਧੇਰੇ ਲਾਹੇਵੰਦ ਹੈ। ਕਿਸਾਨਾਂ ਦੀ ਆਮਦਨ ਵਧਾਉਣ ਅਤੇ ਪੰਜਾਬ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਵਾਤਾਵਰਨ ਬਰਕਰਾਰ ਰੱਖਣ ਲਈ ਫ਼ਸਲੀ ਭਿੰਨਤਾ ਬੜੀ ਜ਼ਰੂਰੀ ਹੈ, ਜਿਸ ਲਈ ਸਰਕਾਰ ਨੂੰ ਪੂਰੀ ਅਹਿਮੀਅਤ ਦੇਣੀ ਚਾਹੀਦੀ ਹੈ ਅਤੇ ਕਿਸਾਨਾਂ ਦੀ ਖੁੱਲ੍ਹ ਕੇ ਮਦਦ ਕਰਨੀ ਚਾਹੀਦੀ ਹੈ।
ਈਮੇਲ : bhagwandass226@gmail.com