ਹੁਸ਼ਿਆਰਪੁਰ, 21 ਜੁਲਾਈ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਦੇ ਆਸ-ਪਾਸ ਇਲਾਕਿਆਂ ਤੋਂ ਲੋਕਾਂ ਨੂੰ ਆਪਣੇ ਪਸ਼ੂ ਵੇਚਣ ਅਤੇ ਖ਼ਰੀਦਣ ਲਈ 200- 250 ਕਿੱਲੋ ਮੀਟਰ ਦੂਰ ਜਾਣਾ ਪੈਂਦਾ ਹੈ, ਇਲਾਕੇ ਦੇ ਲੋਕਾਂ ਦੀ ਆਰਥਿਕ ਸਥਿਤੀ ਨੂੰ ਮੁੱਖ ਰੱਖਦੇ ਹੋਏ ਨੌਸ਼ਹਿਰਾ ਵਿਖੇ ਬੰਦ ਪਈ ਲੱਕੜ ਮੰਡੀ ਵਿਚ ਮਹੀਨੇ ’ਚ ਦੋ ਵਾਰ ਪਸ਼ੂ ਮੰਡੀ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਦੇ ਪ੍ਰਧਾਨ ਪਰਮਿੰਦਰ ਸਿੰਘ ਲਾਚੋਵਾਲ ਨੇ ਗੁਰਦੀਪ ਸਿੰਘ ਖੁਣ ਖੁਣ, ਪਰਮਿੰਦਰ ਸਿੰਘ ਲਾਚੋਵਾਲ, ਹਰਪ੍ਰੀਤ ਸਿੰਘ ਲਾਲੀ, ਅਕਬਰ ਸਿੰਘ ਬੁਰੇ ਜੱਟਾਂ ਤੇ ਅਵਤਾਰ ਸਿੰਘ ਖਡਿਆਲਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਇਕ ਮੰਗ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਸਮੇਂ ਲਾਚੋਵਾਲ ਅਤੇ ਖੁਣ ਖੁਣ ਨੇ ਸਾਂਝੇ ਤੌਰ ਤੇ ਕਿਹਾ ਕਿ ਫ਼ਸਲਾਂ ਦੀ ਪੈਦਾਵਾਰ ਉੱਤੇ ਵੱਧ ਖ਼ਰਚ ਆਉਣ ਕਰਕੇ ਖੇਤੀ ਲਾਹੇਵੰਦ ਨਹੀਂ ਰਹੀ ਖ਼ਾਸ ਤੌਰ ‘ਤੇ ਕੰਡੀ ਦੇ ਇਲਾਕੇ ਵਿਚ ਆਵਾਰਾ ਜਾਨਵਰਾਂ ਦੀ ਭਰਮਾਰ ਕਾਰਨ ਖੇਤੀ ਕਰਨੀ ਹੋਰ ਵੀ ਔਖੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਵਾਰਾ ਕੁੱਤਿਆਂ ਤੇ ਕਾਬੂ ਪਾ ਕੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ, ਸਰਕਾਰ ਵੱਲੋਂ ਕਿਸਾਨਾਂ ਦੇ ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਖਾਤਿਆਂ ਵਿਚ ਪਾਈ ਜਾਵੇ। ਇਸ ਮੌਕੇ ਬਿੱਕਰ ਸਿੰਘ ਸ਼ੇਰਪੁਰ, ਪ੍ਰੀਤਮ ਸਿੰਘ ਨੰਗਲ ਕਲਾਲ, ਗੁਰਨਾਮ ਸਿੰਘ ਸਿੰਗੜੀਵਾਲਾ, ਲੰਬੜਦਾਰ ਮਨਜੀਤ ਸਿੰਘ, ਮਲਕੀਅਤ ਸਿੰਘ ਆਲੋਵਾਲ, ਗੁਰਜੀਤ ਸਿੰਘ ਵੈਦ, ਕਿਰਪਾਲ ਸਿੰਘ ਪੰਡੋਰੀ ਖਜੂਰ, ਇਕਬਾਲ ਸਿੰਘ ਖੁਣ ਖੁਣ, ਹਰਵਿੰਦਰ ਸਿੰਘ ਹੀਰਾ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।
ਨੌਸ਼ਹਿਰਾ ਵਿਖੇ ਬੰਦ ਪਈ ਲੱਕੜ ਮੰਡੀ ’ਚ ਮਹੀਨੇ ’ਚ 2 ਵਾਰ ਪਸ਼ੂ ਮੰਡੀ ਲਗਾਈ ਜਾਵੇ - ਲਾਚੋਵਾਲ
ਅਜੀਤ ਡੈਸਕ
22-07-2026