ਹੁਸ਼ਿਆਰਪੁਰ, 21 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਬਲਾਕ ਹੁਸ਼ਿਆਰਪੁਰ-2 ਦੇ ਬੀ.ਡੀ.ਪੀ.ਓ. ਅਤੇ ਬਲਾਕ ਅਧੀਨ ਆਉਂਦੀਆਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਸਮੀਖਿਆ ਮੀਟਿੰਗ ਕੀਤੀ। ਇਸ ਦੌਰਾਨ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ ਅਤੇ ਲੰਬਿਤ ਪ੍ਰੋਜੈਕਟਾਂ ਨੂੰ ਜਲਦੀ ਮੁਕੰਮਲ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਮੀਟਿੰਗ ਦੌਰਾਨ ਵੱਖ-ਵੱਖ ਪਿੰਡਾਂ ਵਿਚ ਸੜਕਾਂ, ਗਲੀਆਂ-ਨਾਲੀਆਂ, ਪੀਣ ਵਾਲੇ ਪਾਣੀ ਦੀਆਂ ਸਕੀਮਾਂ, ਸੀਵਰੇਜ, ਸਟਰੀਟ ਲਾਈਟਾਂ, ਕਮਿਊਨਿਟੀ ਭਵਨਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਿਤ ਵਿਕਾਸ ਕਾਰਜਾਂ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਨਾਲ ਹੀ ਪੰਜਾਬ ਦੀ ਤਰੱਕੀ ਦਾ ਰਾਹ ਮਜ਼ਬੂਤ ਹੋਵੇਗਾ। ਅੰਤ ਵਿਚ ਵਿਧਾਇਕ ਨੇ ਕਿਹਾ ਕਿ ਸਰਕਾਰ, ਪ੍ਰਸ਼ਾਸਨ ਅਤੇ ਪੰਚਾਇਤਾਂ ਦੇ ਆਪਸੀ ਸਹਿਯੋਗ ਨਾਲ ਹਲਕਾ ਚੱਬੇਵਾਲ ਦੇ ਹਰ ਪਿੰਡ ਨੂੰ ਵਿਕਾਸ ਦੇ ਨਵੇਂ ਮਾਪਦੰਡਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਲੋਕ ਭਲਾਈ ਦੇ ਕਾਰਜ ਇਸੇ ਤਰ੍ਹਾਂ ਲਗਾਤਾਰ ਜਾਰੀ ਰਹਿਣਗੇ।
ਵਿਧਾਇਕ ਡਾ. ਇਸ਼ਾਂਕ ਕੁਮਾਰ ਵਲੋਂ ਬਲਾਕ ਹੁਸ਼ਿਆਰਪੁਰ-2 ਦੇ ਵਿਕਾਸ ਕਾਰਜਾਂ ਦੀ ਸਮੀਖਿਆ
ਅਜੀਤ ਡੈਸਕ
22-07-2026