ਪੱਸੀ ਕੰਢੀ, 25 ਜੁਲਾਈ (ਜਗਤਾਰ ਸਿੰਘ ਰਜਪਾਲਮਾ)- ਕੰਢੀ ਖੇਤਰ ਅਧੀਨ ਪੈਂਦੇ ਪਿੰਡ ਰਾਮਟੱਟਵਾਲੀ ਦੇ ਮੁਹੱਲਾ ਰਣਜੀਤਗੜ੍ਹ ਵਿਚ ਬੀਤੇ ਦਿਨ ਆਏ ਭਿਆਨਕ ਬਵੰਡਰ (ਵਾਵਰੋਲੇ) ਨੇ ਕੁੱਝ ਹੀ ਸਕਿੰਟਾਂ ਵਿਚ ਭਾਰੀ ਤਬਾਹੀ ਮਚਾ ਦਿੱਤੀ। ਇਸ ਕੁਦਰਤੀ ਆਫ਼ਤ ਕਾਰਨ ਵਿਸ਼ਾਲ ਦਰਖ਼ਤ ਜੜ੍ਹੋਂ ਉੱਖੜ ਗਏ, ਜਦਕਿ ਕਈ ਘਰਾਂ ਵਿਚ ਬਣੇ ਸ਼ੈੱਡਾਂ ਦੀਆਂ ਟੀਨਾਂ ਅਤੇ ਲੋਹੇ ਦੇ ਗਾਡਰ ਹਵਾ ਵਿਚ ਉੱਡ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਬਵੰਡਰ ਵੀਰਵਾਰ ਕਰੀਬ ਦਿਨੇ 11 ਵਜੇ ਆਇਆ ਅਤੇ ਸਿਰਫ਼ 10 ਤੋਂ 15 ਸਕਿੰਟਾਂ ਦੇ ਅੰਦਰ ਹੀ ਵੱਡਾ ਨੁਕਸਾਨ ਕਰ ਗਿਆ। ਉਨ੍ਹਾਂ ਅਨੁਸਾਰ ਬਵੰਡਰ ਦੀ ਗੂੰਜਦੀ ਆਵਾਜ਼ ਇੰਨੀ ਭਿਆਨਕ ਸੀ ਕਿ ਇਕ ਪਲ ਲਈ ਇੰਜ ਮਹਿਸੂਸ ਹੋਇਆ ਜਿਵੇਂ ਕੋਈ ਜਹਾਜ਼ ਆ ਕੇ ਡਿਗ ਗਿਆ ਹੋਵੇ। ਮੌਕੇ ’ਤੇ ਪਹੁੰਚ ਕੇ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਦੌਰਾਨ ਨੌਜਵਾਨ ਮਨਿੰਦਰ ਸਿੰਘ ਨੇ ਦੱਸਿਆ ਕਿ ਬਵੰਡਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਨ੍ਹਾਂ ਦੇ ਸ਼ੈੱਡ ਉੱਤੇ ਪਾਏ ਲੋਹੇ ਦੇ ਗਾਡਰ ਅਤੇ ਟੀਨਾਂ ਨੂੰ ਜੜ੍ਹੋਂ ਉਖਾੜ ਕੇ ਕਰੀਬ ਢਾਈ ਕਿੱਲੇ ਦੂਰ ਸੁੱਟ ਦਿੱਤਾ। ਟੀਨਾਂ ਨਾਲ ਬਣੇ ਕਮਰੇ ਵਿਚ ਰੱਖੀ ਤੂੜੀ ਵੀ ਹਵਾ ਆਪਣੇ ਨਾਲ ਉਡਾ ਕੇ ਲੈ ਗਈ। ਉਨ੍ਹਾਂ ਦੱਸਿਆ ਕਿ ਇਕੱਲੇ ਉਨ੍ਹਾਂ ਦੇ ਘਰ ਦਾ ਹੀ ਕਰੀਬ ਦੋ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਨੇੜਲੇ ਇੱਕ ਹੋਰ ਘਰ ਵਿਚ ਬਣੀ ਰਸੋਈ ਦੀ ਛੱਤ ’ਤੇ ਲੱਗੀਆਂ ਟੀਨਾਂ ਵੀ ਬਵੰਡਰ ਕਾਰਨ ਉੱਡ ਗਈਆਂ। ਹਵਾ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਟੀਨਾਂ ਕਾਪੀ ਦੇ ਪੰਨੇ ਵਾਂਗੂੰ ਪਾੜ ਦਿੱਤੀਆਂ ਜਿਸ ਨਾਲ ਘਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਪਰਿਵਾਰਾਂ ਦੇ ਨੁਕਸਾਨ ਦਾ ਤੁਰੰਤ ਸਰਵੇ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਆਰਥਿਕ ਨੁਕਸਾਨ ਤੋਂ ਕੁੱਝ ਰਾਹਤ ਮਿਲ ਸਕੇ। ਇਸ ਮੌਕੇ ਮਨਿੰਦਰ ਸਿੰਘ, ਪਿਆਰਾ ਲਾਲ, ਸੁਰਜੀਤ ਕੁਮਾਰ, ਜਸਵੀਰ ਸਿੰਘ, ਗੋਵਿੰਦ ਲਾਲ ਆਦਿ ਹਾਜ਼ਰ ਸਨ।
ਰਣਜੀਤਗੜ੍ਹ ’ਚ ਭਿਆਨਕ ਬਵੰਡਰ ਨੇ ਮਚਾਈ ਤਬਾਹੀ
ਅਜੀਤ ਡੈਸਕ
26-07-2026