ਹੁਸ਼ਿਆਰਪੁਰ, 25 ਜੁਲਾਈ (ਨਰਿੰਦਰ ਸਿੰਘ ਬੱਡਲਾ)- ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀਆਂ 131 ਅਕਾਲ ਅਕੈਡਮੀਆਂ ਵੱਲੋਂ ਜਿੱਥੇ ਬੱਚਿਆਂ ਨੂੰ ਵਿੱਦਿਆ ਦਾ ਚਾਨਣ ਵੰਡਿਆ ਜਾ ਰਿਹਾ ਹੈ ਉੱਥੇ ਸਮਾਜ ਸੁਧਾਰ ਲਈ ਵੀ ਅਨੇਕਾਂ ਨਵੇਕਲੇ ਉੱਦਮ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਾਰੀਆਂ ਅਕਾਲ ਅਕੈਡਮੀਆਂ ’ਚ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਪ੍ਰੇਰਿਤ ਕਰਨ ਲਈ ਇੱਕ ਖ਼ਾਸ ਗਤੀਵਿਧੀ ਕਰਵਾਈ ਗਈ ਸੀ ਜਿਸ ਵਿਚ 15,024 ਬੱਚਿਆਂ ਵੱਲੋਂ ਵੀ.ਆਰ. ਡਰੱਗ ਫ਼੍ਰੀ (ਅਸੀਂ ਨਸ਼ਾ ਮੁਕਤ ਹਾਂ) ਦੀ ਮਨੁੱਖੀ ਤਸਵੀਰ ਬਣਾਈ ਗਈ। ਇਸ ਸੰਬੰਧੀ ਡਾ. ਦਵਿੰਦਰ ਸਿੰਘ, ਮੈਡਮ ਨੀਲਮ ਕੌਰ ਤੇ ਅਕਾਲ ਅਕੈਡਮੀ ਮੱਖਣਗੜ੍ਹ ਦੇ ਪ੍ਰਿੰ. ਸੁਖਵਿੰਦਰ ਕੌਰ ਨੇ ਦੱਸਿਆ ਕਿ ਕਲਗ਼ੀਧਰ ਟਰੱਸਟ ਦੇ ਇਨ੍ਹਾਂ ਯਤਨਾਂ ਨੂੰ ਉਦੋਂ ਭਰਪੂਰ ਹੁੰਗਾਰਾ ਮਿਲਿਆ, ਜਦੋਂ ‘ਦਾ ਵਰਲਡ ਬੁੱਕ ਆਫ਼ ਰਿਕਾਰਡਜ਼’ ਵੱਲੋਂ ਇਸ ਉੱਦਮ ਨੂੰ ਪ੍ਰਮਾਣਿਤ ਕੀਤਾ ਗਿਆ ਤੇ ਟਰੱਸਟ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਉਨ੍ਹਾਂ ਕਿਹਾ ਕਿ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਿਦਿਆਰਥੀਆਂ ਨੂੰ ਸਿਰਫ਼ ਆਧੁਨਿਕ ਸਿੱਖਿਆ ਹੀ ਪ੍ਰਦਾਨ ਕਰਦਾ ਹੈ ਬਲਕਿ ਜੀਵਨ ਜਿਊਣ ਦੀ ਜਾਚ ਵੀ ਸਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਟਰੱਸਟ ਵਲੋਂ ਇਹੋ ਜਿਹੇ ਸਮਾਜ ਸੁਧਾਰ ਦੇ ਉਪਰਾਲੇ ਜਾਰੀ ਰਹਿਣਗੇ।
ਅਕਾਲ ਅਕੈਡਮੀਆਂ ’ਚ ਨਸ਼ਾ ਵਿਰੋਧੀ ਗਤੀਵਿਧੀਆਂ ਨੂੰ ‘ਦਾ ਵਰਲਡ ਬੁੱਕ ਆਫ਼ ਰਿਕਾਰਡਜ਼’ ਨੇ ਦਿੱਤਾ ਪ੍ਰਮਾਣ ਪੱਤਰ
ਅਜੀਤ ਡੈਸਕ
26-07-2026