ਮਾਹਿਲਪੁਰ, 25 ਜੁਲਾਈ (ਰਜਿੰਦਰ ਸਿੰਘ)- ਪਿੰਡ ਸਕਰੂਲੀ ਦੇ ਚੋਅ ਦੀ ਸਫ਼ਾਈ ਪਿੰਡ ਵਾਸੀਆਂ ਵੱਲੋਂ ਆਪ ਪਿੰਡ ਪੱਧਰ ‘ਤੇ ਪੈਸੇ ਇਕੱਠੇ ਕਰਕੇ ਕਰਵਾਈ ਜਾ ਰਹੀ ਹੈ। ਇਸ ਕਾਰਜ ਲਈ ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਪਿੰਡ ਵਾਸੀਆਂ ਨੂੰ 20 ਹਜ਼ਾਰ ਦੀ ਮਾਲੀ ਸਹਾਇਤਾ ਆਪਣੇ ਕੋਲੋਂ ਦਿੱਤੀ ਹੈ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਮੌਜੂਦਾ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਆਪ ਦੀ ਸਰਕਾਰ ਅਤੇ ਹਲਕਾ ਵਿਧਾਇਕ ਰੋੜੀ ਪੂਰਨ ਤੌਰ ‘ਤੇ ਸੱਤਾ ਵਿਚ ਹੁੰਦੇ ਹੋਏ ਵੀ ਪਿੰਡ ਵਾਸੀਆਂ ਨੂੰ ਇਹ ਕੰਮ ਆਪ ਕਰਵਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਇਸ ਚੋਅ ਕਾਰਨ ਪਿੰਡ ਦੇ ਗੁਰਦੁਆਰੇ ਅਤੇ ਲੋਕਾਂ ਦੇ ਘਰਾਂ ਵਿਚ ਚੋਅ ਦਾ ਪਾਣੀ ਆ ਜਾਂਦਾ ਸੀ। ਇਸ ਦੇ ਨਾਲ-ਨਾਲ ਚੋਅ ਦਾ ਪਾਣੀ ਪਿੰਡ ਦੇ ਖੇਤਾਂ ਨੂੰ ਵੀ ਵੱਡੀ ਮਾਰ ਕਰਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪਿੰਡ ਸਕਰੂਲੀ ਵਾਸੀਆਂ ਨੇ ਇਹ ਸਮੱਸਿਆ ਮੌਜੂਦਾ ਸਰਕਾਰ ਤੱਕ ਕਈ ਵਾਰ ਪਹੁੰਚਾਈ ਪਰ ਕਿਸੇ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕੀ ਅਤੇ ਹਰ ਸਾਲ ਲੋਕਾਂ ਦਾ ਭਾਰੀ ਨੁਕਸਾਨ ਇਸ ਚੋਅ ਕਰਕੇ ਹੁੰਦਾ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ 2017 ਤੋਂ 2021 ਵਾਲੀ ਸਰਕਾਰ ਦੌਰਾਨ ਵੀ ਉਨ੍ਹਾਂ ਨੇ ਸਕਰੂਲੀ ਦੇ ਇਸ ਚੋਅ ਦੀ ਸਫ਼ਾਈ ਕਰਵਾਈ ਸੀ ਤੇ ਇਸ ਤੋਂ ਇਲਾਵਾ ਮਾਹਿਲਪੁਰ, ਨਰਿਆਲੇ ਵਾਲੇ ਚੋਅ ਦੀ ਵੀ ਸਫ਼ਾਈ ਕਰਵਾਈ ਸੀ ਪਰ ਗੜ੍ਹਸ਼ੰਕਰ ਵਿਧਾਇਕ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ‘ਚ ਆਉਣ ਮਗਰੋਂ ਇਨ੍ਹਾਂ ਚੋਆਂ ਨੂੰ ਅਣਗੌਲਿਆ ਕਰ ਦਿੱਤਾ ਜਿਸ ਕਰਕੇ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਮੌਜੂਦਾ ਸਰਪੰਚ ਤੇ ਸਾਬਕਾ ਸਰਪੰਚ ਸਮੇਤ ਪਿੰਡ ਦੇ ਮੋਹਤਵਾਰ ਵਿਅਕਤੀਆਂ ਨੇ ਨਿਮਿਸ਼ਾ ਮਹਿਤਾ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਉਹ ਹਮੇਸ਼ਾ ਹੀ ਕਾਰਜ ਭਲਾਈ ਦੇ ਕੰਮਾਂ ‘ਚ ਤਤਪਰ ਰਹਿੰਦੇ ਹਨ।
ਸਕਰੂਲੀ ਚੋਅ ਦੀ ਸਫ਼ਾਈ ਲਈ ਨਿਮਿਸ਼ਾ ਮਹਿਤਾ ਵਲੋਂ ਆਰਥਿਕ ਸਹਾਇਤਾ
ਅਜੀਤ ਡੈਸਕ
26-07-2026