ਮੁਕੇਰੀਆਂ, 26 ਜੁਲਾਈ (ਰਾਮਗੜ੍ਹੀਆ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਚੱਲਦਾ ਵਹੀਰ ਗੁਰਮਤਿ ਪ੍ਰਚਾਰ ਲਹਿਰ ਤਹਿਤ ਜੋ ਪੂਰੇ ਪੰਜਾਬ ਦੇ ਹਲਕਿਆਂ ਅੰਦਰ ਵੱਡੇ ਪੱਧਰ ’ਤੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ ਉਸ ਲੜੀ ਤਹਿਤ ਅੱਜ ਪਹਿਲਾ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਲੱਖੀ ਸ਼ਾਹ ਲੁਬਾਣਾ ਭਵਨ ਮੁਕੇਰੀਆਂ ਵਿਖੇ ਜਥੇ. ਰਵਿੰਦਰ ਸਿੰਘ ਚੱਕ ਐਸ. ਜੀ. ਪੀ. ਸੀ. ਮੈਂਬਰ ਦੇ ਸਹਿਯੋਗ ਨਾਲ ਅਤੇ ਸੀਨੀਅਰ ਯੂਥ ਅਕਾਲੀ ਆਗੂ ਬਿਕਰਮ ਸਿੰਘ ਅੱਲਾ ਬਖ਼ਸ਼ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਗੁਰਮਤਿ ਸਮਾਗਮ ਵਿਚ ਉਚੇਚੇ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਇਸ ਮੌਕੇ ਪੰਥ ਦੇ ਪ੍ਰਸਿੱਧ ਰਾਗੀ ਜਥੇ, ਢਾਡੀ ਜਥੇ, ਕਥਾਵਾਚਕ ਵਲੋਂ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਹਲਕਾ ਮੁਕੇਰੀਆਂ ਦੇ ਪਿੰਡਾਂ ਤੋਂ ਬਹੁਤ ਵੱਡੀ ਗਿਣਤੀ ’ਚ ਸੰਗਤਾਂ ਇਸ ਗੁਰਮਤਿ ਸਮਾਗਮ ਵਿਚ ਹਾਜ਼ਰੀ ਲਗਵਾਉਣ ਪਹੁੰਚੀਆਂ। ਇਸ ਮੌਕੇ ਗੁਰਮਤਿ ਸਮਾਗਮ ਦੌਰਾਨ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ ਨੇ ਗੁਰੂ ਸੰਗਤਾਂ ਨਾਲ ਗੁਰਮਤਿ ਦੀਆਂ ਵਿਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਚਲਾਈ ਗਈ ‘ਚੱਲਦਾ ਵਹੀਰ ਗੁਰਮਤਿ ਪ੍ਰਚਾਰ ਲਹਿਰ’ ਤਹਿਤ ਅੱਜ ਮੁਕੇਰੀਆਂ ਹਲਕੇ ਅੰਦਰ ਪਹਿਲਾ ਗੁਰਮਤਿ ਸਮਾਗਮ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਪੂਰੇ ਪੰਜਾਬ ਅੰਦਰ ਵੱਡੇ ਪੱਧਰ ’ਤੇ 40 ਦੇ ਕਰੀਬ ਗੁਰਮਤਿ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ 24 ਜੁਲਾਈ ਨੂੰ ਸ਼ੁਰੂ ਹੋਈ ‘ਗੁਰਮਤਿ ਲਹਿਰ’ ਅਗਲੇ ਮਹੀਨੇ 5 ਅਗਸਤ ਨੂੰ ਸਮਾਪਤ ਹੋਵੇਗੀ। ਉਨ੍ਹਾਂ ਦੂਰ ਦੁਰਾਡੇ ਪਿੰਡਾਂ ਤੋਂ ਆਈਆਂ ਸੰਗਤਾਂ ਨੂੰ ਗੁਰੂ ਘਰ ਨਾਲ ਅਤੇ ਗੁਰਬਾਣੀ ਨਾਲ ਜੁੜਨ ਲਈ ਜਿੱਥੇ ਕਿਹਾ ਉੱਥੇ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਹਾਨਤਾ ਨੂੰ ਕਾਇਮ ਰੱਖਣਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਇਹ ਲਹਿਰ ਤਹਿਤ ਪੂਰੇ ਪੰਜਾਬ ਅੰਦਰ ਜਿੱਥੇ ਗੁਰਮਤਿ ਸਮਾਗਮ ਹੋਣਗੇ ਉੱਥੇ ਨਗਰ ਕੀਰਤਨ ਜੋ ਕਿ ਪੂਰੇ ਪੰਜਾਬ ਅੰਦਰ ਕੱਢੇ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਪਹਿਲਾ ਨਗਰ ਕੀਰਤਨ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਆਰੰਭ ਕਰਕੇ ਵਾਰਡਰ ਦੇ ਪਿੰਡਾਂ ਵੱਲ ਕੱਢਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਪੜ੍ਹਨ ਅਤੇ ਗੁਰਬਾਣੀ ’ਤੇ ਵਿਚਾਰ ਕਰਨ ਅਤੇ ਸਿੱਖ ਰਹਿਤ ਮਰਿਆਦਾ ਨੂੰ ਧਾਰਨ ਕਰਨ ਦੀ ਪੇ੍ਰਰਨਾ ਦਿੱਤੀ। ਇਸ ਮੌਕੇ ਬਿਕਰਮ ਸਿੰਘ ਸੀਨੀਅਰ ਯੂਥ ਆਗੂ ਵਲੋਂ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਇਸ ਗੁਰਮਤਿ ਸਮਾਗਮ ’ਚ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹੁਕਮਨਾਮੇ ਨੂੰ ਮੰਨਣਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿਚ ਹੁਣ ਤੱਕ ਜਿਸ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਕਿ ਪ੍ਰਮਾਤਮਾ ਦਾ ਤਖ਼ਤ ਹੈ ਨਾਲ ਜਿਸ ਨੇ ਵੀ ਮੱਥਾ ਲਾਇਆ ਹੈ ਉਸ ਦਾ ਇਸ ਦੁਨੀਆ ਵਿਚ ਕੁੱਝ ਨਹੀਂ ਰਿਹਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਮੰਨਣਾ ਚਾਹੀਦਾ ਹੈ ਅਤੇ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਐਸ. ਜੀ. ਪੀ. ਸੀ. ਮੈਂਬਰ ਜਥੇ. ਰਵਿੰਦਰ ਸਿੰਘ ਚੱਕ ਵਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸੰਤ ਮਹਾਂਪੁਰਸ਼ ਅਤੇ ਆਈਆਂ ਹੋਈਆਂ ਸੰਗਤਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕੀਤਾ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਉਚੇਚੇ ਤੌਰ ’ਤੇ ਬਾਬਾ ਸਤਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਅਟੱਲਗੜ੍ਹ ਸਾਹਿਬ, ਸ਼ਹਿਰੀ ਪ੍ਰਧਾਨ ਗੁਰਜਿੰਦਰ ਸਿੰਘ ਚੱਕ, ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ, ਜਸਵਿੰਦਰ ਸਿੰਘ ਬਿੱਟੂ, ਸੌਦਾਗਰ ਸਿੰਘ ਚਨੌਰ, ਭੁਪਿੰਦਰ ਸਿੰਘ ਸੋਨਾ, ਆਸਾ ਸਿੰਘ ਕੋਲੀਆਂ, ਸੁਰਿੰਦਰ ਸਿੰਘ ਛਿੰਦਾ, ਰਣਜੀਤ ਸਿੰਘ, ਭੁਪਿੰਦਰ ਸਿੰਘ ਪਿੰਕੀ, ਮੁੱਖ ਪ੍ਰਚਾਰਕ ਗਿਆਨੀ ਕਲਿਆਣ ਸਿੰਘ, ਮੈਨੇਜਰ ਗਰਨਾ ਸਾਹਿਬ ਸਰਬਜੀਤ ਸਿੰਘ, ਮੇਜਰ ਸਿੰਘ ਮਹਿਤਪੁਰ, ਅਵਤਾਰ ਸਿੰਘ ਕੋਟਲੀ, ਬਲਜੀਤ ਸਿੰਘ ਛੰਨੀ ਨੰਦ ਸਿੰਘ, ਯੁਗਪਾਲ ਸਿੰਘ ਹੈਪੀ, ਮਾ. ਮਹਿੰਗਾ ਸਿੰਘ, ਹਰਪ੍ਰੀਤ ਸਿੰਘ ਭੱਟੀਆਂ ਜੱਟਾਂ, ਪ੍ਰਧਾਨ ਮਨਜੀਤ ਸਿੰਘ ਕੌਲਪੁਰ, ਕੈਪ. ਸੁਰਿੰਦਰ ਸਿੰਘ ਭੰਗਾਲਾ, ਸੰਤੋਖ ਸਿੰਘ ਡਾਲੋਵਾਲ, ਭਾਈ ਸੰਤੋਖ ਸਿੰਘ ਮੰਝਪੁਰ, ਸਤਨਾਮ ਸਿੰਘ ਧਾਮੀਆਂ, ਰਣਜੀਤ ਸਿੰਘ ਡਾਲੋਵਾਲ, ਓਕਾਂਰ ਸਿੰਘ ਕੁਲੀਆਂ, ਮਨਜੀਤ ਸਿੰਘ ਚੱਕ, ਮਲਕੀਤ ਸਿੰਘ, ਬੀਬੀ ਬਲਵਿੰਦਰ ਕੌਰ ਖ਼ਾਲਸਾ, ਬੀਬੀ ਬਲਵਿੰਦਰਜੀਤ ਕੌਰ ਮਹਿਤਪੁਰ, ਬੀਬੀ ਸੁਰਜੀਤ ਕੌਰ ਮੁਕੇਰੀਆਂ, ਸਤਨਾਮ ਸਿੰਘ ਧਨੋਆ, ਭਾਈ ਸੇਵਾ ਸਿੰਘ ਕੀਰਤਨੀ ਅਟੱਲਗੜ੍ਹ, ਬਲਵਿੰਦਰ ਸਿੰਘ ਬਿੰਦਾ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਚੱਲਦਾ ਵਹੀਰ ਗੁਰਮਤਿ ਪ੍ਰਚਾਰ ਲਹਿਰ ਤਹਿਤ ਪਹਿਲਾ ਗੁਰਮਤਿ ਸਮਾਗਮ ਮੁਕੇਰੀਆਂ ਤੋਂ ਆਰੰਭ
ਅਜੀਤ ਡੈਸਕ
27-07-2026