08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮੁੱਖ ਖੇਤੀਬਾੜੀ ਅਫ਼ਸਰ ਵਲੋਂ ਗੈਰ-ਅਧਿਕਾਰਤ ਖਾਦ ਦੀ ਖੇਪ ਜ਼ਬਤ

Ad Position 21
No active advertisement
ਅਜੀਤ ਡੈਸਕ 29-07-2026

ਹੁਸ਼ਿਆਰਪੁਰ/ਗੜ੍ਹਦੀਵਾਲਾ, 28 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ, ਚੱਗਰ)-ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਵੱਲੋਂ ਕਿਸਾਨਾਂ ਨੂੰ ਮਿਆਰੀ ਖਾਦ, ਬੀਜ ਅਤੇ ਕੀਟਨਾਸ਼ਕਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਡਾ. ਦਪਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਵੱਡੀ ਕਾਰਵਾਈ ਕਰਦਿਆਂ ਗੈਰ-ਅਧਿਕਾਰਤ ਤਰੀਕੇ ਨਾਲ ਸਪਲਾਈ ਕੀਤੀ ਜਾ ਰਹੀ ਖਾਦ ਦੀ ਖੇਪ ਜ਼ਬਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 27 ਜੁਲਾਈ ਨੂੰ ਕਿਸਾਨਾਂ ਤੋਂ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਪਿੰਡ ਜਮਸ਼ੇਰ ਚਠਿਆਲ ਵਿਚ ਛਾਪੇਮਾਰੀ ਕੀਤੀ ਗਈ। ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਨਗੜ੍ਹ ਸਹਿਕਾਰੀ ਸਭਾ ਦੇ ਸਕੱਤਰ ਅਵਤਾਰ ਸਿੰਘ ਅਤੇ ਧੁੱਗਾ ਕਲਾਂ ਸਹਿਕਾਰੀ ਸਭਾ ਦੇ ਸਕੱਤਰ ਤਜਿੰਦਰ ਸਿੰਘ ਉਰਫ਼ ਰਾਜਾ ਵੱਲੋਂ ਸਭਾ ਰਾਹੀਂ ਖਾਦ ਮੁਹੱਈਆ ਕਰਵਾਉਣ ਦੀ ਬਜਾਏ ਸਿੱਧੇ ਉਨ੍ਹਾਂ ਦੇ ਘਰਾਂ ਵਿਚ ਖਾਦ ਦੀ ਸਪਲਾਈ ਕੀਤੀ ਜਾ ਰਹੀ ਸੀ। ਦੋਸ਼ ਹੈ ਕਿ ਸਬੰਧਿਤ ਸਕੱਤਰਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਇਹ ਖਾਦ ਸਿੱਧੀ ਰੈਕ ਤੋਂ ਲਿਆਂਦੀ ਗਈ ਹੈ। ਜਦੋਂ ਕਿਸਾਨਾਂ ਨੇ ਖਾਦ ਦਾ ਬਿੱਲ ਅਤੇ ਬਿਲਟੀ ਮੰਗੀ ਤਾਂ ਉਨ੍ਹਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਇਸ ਦੀ ਸ਼ਿਕਾਇਤ ਮੁੱਖ ਖੇਤੀਬਾੜੀ ਅਫ਼ਸਰ ਕੋਲ ਕੀਤੀ। ਸ਼ਿਕਾਇਤ ਮਿਲਦੇ ਹੀ ਡਾ. ਦਪਿੰਦਰ ਸਿੰਘ ਸੰਧੂ ਦੇ ਨਿਰਦੇਸ਼ਾਂ ‘ਤੇ ਗਠਿਤ ਟੀਮ, ਜਿਸ ਵਿਚ ਖੇਤੀਬਾੜੀ ਵਿਕਾਸ ਅਫ਼ਸਰ ਭੂੰਗਾ ਮਨਪ੍ਰੀਤ, ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ.) ਡਾ. ਸਿਮਰਨਜੀਤ ਸਿੰਘ ਅਤੇ ਖੇਤੀਬਾੜੀ ਵਿਕਾਸ ਅਫ਼ਸਰ (ਟੀ.ਏ.) ਹਰਪ੍ਰੀਤ ਸਿੰਘ ਸ਼ਾਮਲ ਸਨ, ਨੇ ਪਿੰਡ ਜਮਸ਼ੇਰ ਚਠਿਆਲ ਵਿਚ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ 299 ਬੋਰੀਆਂ ਡੀ.ਏ.ਪੀ. ਅਤੇ 149 ਬੋਰੀਆਂ ਐਮ.ਓ.ਪੀ. ਖਾਦ ਜ਼ਬਤ ਕੀਤੀ ਗਈ। ਜ਼ਬਤ ਕੀਤੀ ਗਈ ਖਾਦ ਨੂੰ ਥਾਣਾ ਗੜ੍ਹਦੀਵਾਲਾ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਡੀ.ਏ.ਪੀ. ਅਤੇ ਐਮ.ਓ.ਪੀ. ਦੇ ਦੋ ਨਮੂਨੇ ਜਾਂਚ ਲਈ ਵੀ ਲਏ ਗਏ। ਮੁੱਖ ਖੇਤੀਬਾੜੀ ਅਫ਼ਸਰ ਨੇ ਛਾਪੇਮਾਰੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬੰਧਿਤ ਮੁਲਜ਼ਮਾਂ ਖ਼ਿਲਾਫ਼ ਖਾਦ ਕੰਟਰੋਲ ਆਰਡਰ, 1985 ਤਹਿਤ ਲੋੜੀਂਦੀ ਕਾਨੂੰਨੀ ਕਾਰਵਾਈ ਕਰਦਿਆਂ ਥਾਣਾ ਗੜ੍ਹਦੀਵਾਲਾ ਵਿਚ ਐਫ.ਆਈ.ਆਰ. ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਜਾਂ ਬੇਨਿਯਮੀਆਂ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਮਾਮਲਿਆਂ ਵਿਚ ਸਖ਼ਤ ਕਾਰਵਾਈ ਭਵਿੱਖ ਵਿਚ ਵੀ ਜਾਰੀ ਰਹੇਗੀ।

Ad Position 22
No active advertisement
ਪਿਛਲੀ ਖ਼ਬਰ ਲਕਸੀਹਾਂ ਸਰਕਾਰੀ ਹਾਈ ਸਕੂਲ ਦੇ ਅੱਗੇ ਸੜਕ ਭਰੀ ਚਿੱਕੜ ਨਾਲ ਬੱਚਿਆਂ ਦਾ ਲੰਘਣਾ ਔਖਾ ਅਗਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਮਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਵਲੋਂ 30 ਦੇ ਪੰਜਾਬ ਬੰਦ ਨੂੰ ਸਮਰਥਨ ਦਾ ਐਲਾਨ
Ad Position 24