ਟਰੱਕ ਹੇਠ ਆਉਣ ਨਾਲ ਐਕਟਿਵਾ ਚਾਲਕ ਨੌਜਵਾਨ ਦੀ ਮੌਤ, ਲੋਕਾਂ ’ਚ ਰੋਸ
ਅਜੀਤ ਡੈਸਕ
30-07-2026
ਰੋਸ ਵਜੋਂ ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ
ਐਕਟਿਵਾ ਚਾਲਕ ਦੇ ਟਰੱਕ ਹੇਠ ਆਉਣ ਦੀ ਮੰਦਭਾਗੀ ਘਟਨਾ ਤੋਂ ਬਾਅਦ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਨੰਗਲ ਚੌਂਕ ਕੋਲ ਮਨਾਹੀ ਦੇ ਬਾਵਜੂਦ ਦਿਨ ਵੇਲੇ ਜਾਣ ਵਾਲੇ ਟਿੱਪਰਾਂ ਤੇ ਮਿੱਟੀ ਨਾਲ ਭਰੀਆਂ ਓਵਰਲੋਡ ਟਰਾਲੀਆਂ ਨੂੰ ਘੇਰ ਕੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵਲੋਂ ਪੰਜਾਬ ਸਰਕਾਰ, ਹਲਕਾ ਵਿਧਾਇਕ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਜ਼ੰਮਕੇ ਨਾਅਰੇਬਾਜ਼ੀ ਕੀਤੀ। ਨਿਮਿਸ਼ਾ ਮਹਿਤਾ ਨੇ ਇਸ ਮੌਕੇ ਪੰਜਾਬ ਸਰਕਾਰ, ਹਲਕਾ ਵਿਧਾਇਕ ਤੇ ਪੁਲਿਸ ਪ੍ਰਸ਼ਾਸਨ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਟਿੱਪਰਾਂ, ਟਰਾਲੀਆਂ ਕਾਰਨ ਹੁਣ ਤੱਕ 20 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਸਬਕ ਨਹੀਂ ਸਿੱਖਿਆ। ਉਨ੍ਹਾਂ ਕਿਹਾ ਕਿ ਡੀ.ਸੀ. ਵਲੋਂ ਮਨਾਹੀ ਦੇ ਬਾਵਜੂਦ ਦਿਨ ਵੇਲੇ ਟਿੱਪਰ, ਟਰਾਲੀਆਂ ਮਾਈਨਿੰਗ ਵਾਲੇ ਵਾਹਨ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚੱਲ ਰਹੇ ਹਨ। ਉਨ੍ਹਾਂ ਆਪਣੇ ਸੰਬੋਧਨ ’ਚ ਸੱਤਾਧਾਰੀਆਂ ’ਤੇ ਗੰਭੀਰ ਦੋਸ਼ ਲਗਾਏ। ਐੱਸ.ਐੱਚ.ਓ. ਗਗਨਦੀਪ ਸਿੰਘ ਨੇ ਮੌਕੇ ’ਤੇ ਪਹੁੰਚੇ ਭਾਜਪਾ ਹਲਕਾ ਇੰਚਾਰਜ ਨੂੰ ਟਿੱਪਰਾਂ, ਟਰਾਲੀਆਂ ਖਿਲਾਫ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਤੇ ਬਿਨਾਂ ਲਾਇਸੰਸ ਓਵਰਲੋਡ ਟਰਾਲੀਆਂ ਚਲਾਉਣ ਵਾਲੇ ਡਰਾਈਵਰਾਂ ਤੇ ਟਰਾਲੀਆਂ ਨੂੰ ਥਾਣੇ ਲਿਜਾਇਆ ਗਿਆ ਜਿਸ ਤੋਂ ਬਾਅਦ ਪ੍ਰਦਰਸ਼ਨ ਸਮਾਪਤ ਕੀਤਾ ਗਿਆ। ਇਸ ਦੌਰਾਨ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਅਗਰ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਲੋਕਾਂ ਨੂੰ ਨਾਲ ਲੈ ਕੇ ਜਲਦ ਹੀ ਚੱਕਾ ਜਾਮ ਕਰਕੇ ਧਰਨਾ ਦਿੱਤਾ ਜਾਵੇਗਾ।