ਗੜ੍ਹਸ਼ੰਕਰ, 29 ਜੁਲਾਈ (ਧਾਲੀਵਾਲ)-ਮੰਡਲ ਗੜ੍ਹਸ਼ੰਕਰ ਵਿਚ ਕੰਮ ਕਰਦੇ ਜੰਗਲਾਤ ਵਰਕਰਾਂ ਵਲੋਂ ਪਿਛਲੇ 5 ਮਹੀਨੇ ਦੀਆਂ ਰੁਕੀਆਂ ਤਨਖ਼ਾਹਾਂ ਜਾਰੀ ਕਰਵਾਉਣ ਤੇ ਹੋਰ ਹੱਕੀ ਮੰਗਾਂ ਲਈ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਮੰਡਲ ਪ੍ਰਧਾਨ ਕੇਵਲ ਕ੍ਰਿਸ਼ਨ, ਸਕੱਤਰ ਪਵਨ ਕੁਮਾਰ ਦੀ ਪ੍ਰਧਾਨਗੀ ਹੇਠ ਵਣ ਮੰਡਲ ਦਫ਼ਤਰ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਕਸ਼ਮੀਰੀ ਲਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਅੰਦਰ 2006 ਤੋਂ ਕੰਮ ਕਰਦੇ ਵਰਕਰਾਂ ਨੂੰ ਸਾਰੇ ਪਿਛਲੇ ਲਾਭ ਦੇ ਕੇ ਪੱਕਿਆ ਕੀਤਾ ਜਾਵੇ, ਸੂਬਾ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਜਥੇਬੰਦੀ ਵਲੋਂ ਵਣ ਮੰਤਰੀ ਪੰਜਾਬ ਤੇ ਪ੍ਰਧਾਨ ਮੁੱਖ ਵਣ ਪਾਲ ਦੀ ਮੌਜੂਦਗੀ ਵਿਚ 6 ਜੁਲਾਈ 2026 ਨੂੰ ਵਣ ਭਵਨ ਮੁਹਾਲੀ ਵਿਖੇ ਮੀਟਿੰਗ ਵਿਚ ਜਥੇਬੰਦੀ ਨੂੰ ਭਰੋਸਾ ਦਿੱਤਾ ਸੀ ਕਿ ਇਕ ਹਫ਼ਤੇ ਵਿਚ ਬਜਟ ਹਰ ਹਾਲਤ ਵਿਚ ਭੇਜ ਦਿੱਤਾ ਜਾਵੇਗਾ ਪਰ ਅਜੇ ਤੱਕ ਬਜਟ ਨਹੀਂ ਆਇਆ, ਸਰਕਾਰ ਵਲੋਂ ਜੋ ਨਵੀਂ ਪਾਲਿਸੀ 2023 ਦੇ ਵਰਕਰਾਂ ਨੂੰ ਪਲੇਸਮੈਂਟ ਦਿੱਤੀ ਗਈ ਹੈ, ਉਨ੍ਹਾਂ ਦੀ ਤਨਖ਼ਾਹ ਸਿਰਫ਼ 15 ਹਜ਼ਾਰ ਰੁਪਏ ਫਿਕਸ ਕੀਤੀ ਹੈ ਜਿਸ ਨਾਲ ਗੁਜ਼ਾਰਾ ਕਰਨਾ ਮੁਸ਼ਕਿਲ ਹੈ। ਇਸ ਦੌਰਾਨ ਵਰਕਰਾਂ ਦੀਆਂ ਰੁਕੀਆਂ ਤਨਖ਼ਾਹਾਂ ਜਾਰੀ ਕਰਨ, 2026 ਤੱਕ ਦੀ ਸੀਨੀਅਰਤਾ ਸੂਚੀ ਜਾਰੀ ਕਰਨ, ਵਿਭਾਗ ਵਿਚ ਨਵੀਂ ਭਰਤੀ ਕਰਨ, ਸਾਰੇ ਕੰਮ ਮਸਟਰੋਲਾਂ ਰਾਹੀਂ ਕਰਵਾਉਣ, ਤਿੰਨ ਸਾਲ ਤੋਂ ਕੰਮ ਕਰਦੇ ਵਰਕਰਾਂ ਨੂੰ ਪੱਕਿਆ ਕਰਨ ਦੀ ਮੰਗ ਕੀਤੀ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਦਾ ਕੋਈ ਹੱਲ ਨਾ ਕੱਢਿਆ ਤਾਂ 10 ਅਗਸਤ ਨੂੰ ਮੁੱਖ ਦਫ਼ਤਰ ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। 18 ਅਗਸਤ ਨੂੰ ਵਿੱਤ ਮੰਤਰੀ ਦੇ ਹਲਕੇ ਦਿੜ੍ਹਬਾ ਵਿਖੇ ਰੋਸ ਰੈਲੀ ਕੀਤੀ ਜਾਵੇਗੀ। ਅਖੀਰ ਵਿਚ ਯੂਨੀਅਨ ਵਲੋਂ ਵਣ ਮੰਡਲ ਅਫ਼ਸਰ ਗੜ੍ਹਸ਼ੰਕਰ ਰਾਹੀਂ ਪ੍ਰਧਾਨ ਮੁੱਖ ਵਣ ਪਾਲ ਅਤੇ ਵਿੱਤ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਧਰਨੇ ਵਿਚ ਕਸ਼ਮੀਰੀ ਲਾਲ, ਤਰਸੇਮ ਕੁਮਾਰ, ਕਮਲਜੀਤ ਸਿੰਘ, ਪਰਮਿੰਦਰ ਸੰਧੂ, ਅਸ਼ੋਕ ਕੁਮਾਰ, ਸੁਭਾਸ਼ ਰਾਣਾ, ਮੁਹੰਮਦ ਦਿਲਬਾਗ, ਮੀਰਾ ਕੁਮਾਰੀ, ਬਲਜਿੰਦਰ ਸਿੰਘ, ਪਰਮਜੀਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।