12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਗ੍ਰਾਮ ਪੰਚਾਇਤ ਖੈਰਾਬਾਦ ਨੇ ਵਿਧਾਇਕ ਕਰਮਵੀਰ ਸਿੰਘ ਘੁੰਮਣ ’ਤੇ ਲਾਏ ਗੁੰਮਰਾਹ ਕਰਨ ਦੇ ਦੋਸ਼

ਦਸੂਹਾ, 11 ਅਕਤੂਬਰ (ਪ. ਪ.)

Ad Position 21
No active advertisement
ਸ਼ਮਸ਼ਾਨਘਾਟ ਵਿਚ ਬਣਾਈ ਗਈ ਸ਼ੈੱਡ ਬਾਰੇ ਜਾਣਕਾਰੀ ਦਿੰਦੇ ਹੋਏ ਐਨ. ਆਰ. ਆਈ. ਸੁਸਾਇਟੀ ਦੇ ਸਮੂਹ ਸੇਵਾਦਾਰ ਮੈਂਬਰ। ਤਸਵੀਰ : ਭਗਵਾਨ ਸਿੰਘ ਸੈਣੀ ਜਾਣਕਾਰੀ ਦਿੰਦੇ ਹੋਏ ਸਰਪੰਚ ਦਿਲਜੀਤ ਕੌਰ ਘੁੰਮਣ, ਐਡਵੋਕੇਟ ਪਲਵਿੰਦਰ ਸਿੰਘ ਘੁੰਮਣ, ਐਡਵੋਕੇਟ ਭੁਪਿੰਦਰ ਸਿੰਘ ਘੁੰਮਣ ਤੇ ਹੋਰ। ਅਜੀਤ ਤਸਵੀਰ 12-10-2026
ਦਸੂਹਾ, 11 ਅਕਤੂਬਰ (ਪ. ਪ.)-ਪਿੰਡ ਖੈਰਾਬਾਦ ਦੀ ਗ੍ਰਾਮ ਪੰਚਾਇਤ ਤੇ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਿਚਕਾਰ ਪਿੰਡ ਦੇ ਵਿਕਾਸ ਕਾਰਜਾਂ ਅਤੇ ਗਰਾਂਟਾਂ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ। ਪਿੰਡ ਦੀ ਸਰਪੰਚ ਦਲਜੀਤ ਕੌਰ ਘੁੰਮਣ ਤੇ ਐਡਵੋਕੇਟ ਪਲਵਿੰਦਰ ਸਿੰਘ ਘੁੰਮਣ ਨੇ ਵਿਧਾਇਕ ’ਤੇ ਪੰਚਾਇਤ ਨੂੰ ਬਿਨਾਂ ਨੋਟਿਸ ਮੀਟਿੰਗ ਕਰਨ, ਵਿਕਾਸ ਕਾਰਜਾਂ ਬਾਰੇ ਗੁੰਮਰਾਹਕੁਨ ਬਿਆਨ ਦੇਣ ਤੇ ਪੰਚਾਇਤ ਨਾਲ ਵਿਤਕਰਾ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਵਕੀਲ ਭਾਈਚਾਰੇ ਬਾਰੇ ਕੀਤੀ ਟਿੱਪਣੀ ਦੀ ਵੀ ਨਿੰਦਾ ਕੀਤੀ। ਗੱਲਬਾਤ ਕਰਦਿਆਂ ਸਰਪੰਚ ਦਲਜੀਤ ਕੌਰ ਘੁੰਮਣ ਤੇ ਐਡਵੋਕੇਟ ਬਲਵਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਵਿਧਾਇਕ ਵਲੋਂ ਪਿੰਡ ਵਿਚ ਇਕ ਮੀਟਿੰਗ ਕੀਤੀ ਗਈ, ਜਿਸ ’ਚ ਪੰਚਾਇਤ ’ਤੇ ਵਿਕਾਸ ਕਾਰਜ ਨਾ ਕਰਵਾਉਣ ਦੇ ਦੋਸ਼ ਲਗਾਏ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਪੰਚਾਇਤ ਨੂੰ ਇਸ ਮੀਟਿੰਗ ਬਾਰੇ ਪਹਿਲਾਂ ਕੋਈ ਨੋਟਿਸ ਨਹੀਂ ਦਿੱਤਾ ਗਿਆ। ਸਰਪੰਚ ਨੇ ਦੋਸ਼ ਲਗਾਇਆ ਕਿ ਪੰਚਾਇਤ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੋਣ ਕਾਰਨ ਉਸ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਵਲੋਂ ਪਿੰਡ ਨੂੰ 20 ਲੱਖ ਰੁਪਏ ਦੀ ਗਰਾਂਟ ਦੇਣ ਦਾ ਦਾਅਵਾ ਕੀਤਾ ਗਿਆ ਹੈ, ਪਰ ਪੰਚਾਇਤ ਅਨੁਸਾਰ ਉਸ ਨੂੰ ਅਜਿਹੀ ਕੋਈ ਗਰਾਂਟ ਪ੍ਰਾਪਤ ਨਹੀਂ ਹੋਈ। ਇਸੇ ਤਰ੍ਹਾਂ ਪੰਚਾਇਤ ਦੇ ਖਾਤੇ ਵਿਚ ਪਹਿਲਾਂ ਹੀ 35 ਲੱਖ ਰੁਪਏ ਮੌਜੂਦ ਹੋਣ ਦੇ ਦਾਅਵੇ ’ਤੇ ਵੀ ਉਨ੍ਹਾਂ ਸਵਾਲ ਚੁੱਕੇ। ਪੰਚਾਇਤ ਦੇ ਨੁਮਾਇੰਦਿਆਂ ਨੇ ਕਿਹਾ ਕਿ ਹੁਣ ਤੱਕ ਵਿਕਾਸ ਲਈ ਪ੍ਰਾਪਤ ਹੋਏ ਫ਼ੰਡ ਕੇਂਦਰ ਸਰਕਾਰ ਵਲੋਂ ਆਏ ਹਨ ਅਤੇ ਇਨ੍ਹਾਂ ਨੂੰ ਵੀ ਪਿੰਡ ਦੇ ਵਿਕਾਸ ਕਾਰਜਾਂ ’ਤੇ ਖ਼ਰਚ ਕਰਨ ਵਿਚ ਮੁਸ਼ਕਿਲਾਂ ਆ ਰਹੀਆਂ ਹਨ। ਸਰਪੰਚ ਨੇ ਦੋਸ਼ ਲਗਾਇਆ ਕਿ ਵਿਕਾਸ ਕਾਰਜਾਂ ਸੰਬੰਧੀ ਉਹ ਕਈ ਵਾਰ ਬੀ. ਡੀ. ਪੀ. ਓ. ਦਫ਼ਤਰ ਗਏ, ਪਰ ਇਸ ਤੋਂ ਬਾਅਦ ਉਨ੍ਹਾਂ ’ਤੇ ਪੁਲਿਸ ਰਾਹੀਂ ਦਬਾਅ ਪਾਉਣ ਤੇ ਕਥਿਤ ਤੌਰ ’ਤੇ ਨਾਜਾਇਜ਼ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਵਿਧਾਇਕ ਵਲੋਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਧਮਕੀਆਂ ਦਿੱਤੀਆਂ ਗਈਆਂ। ਪੰਚਾਇਤ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਦੀ ਮੰਗ ਕੀਤੀ। ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਦਿੱਤਾ ਆਪਣਾ ਪੱਖ ਦੂਜੇ ਪਾਸੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਪੰਚਾਇਤ ਵਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਿੰਡ ਖੈਰਾਬਾਦ ਲਈ 20 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ ਤੇ ਇਸ ਸੰਬੰਧੀ ਸੈਕਸ਼ਨ ਲੈਟਰ ਵੀ ਦਿੱਤਾ ਗਿਆ ਹੈ। ਵਿਧਾਇਕ ਨੇ ਕਿਹਾ ਕਿ ਸਮੇਂ-ਸਮੇਂ ’ਤੇ ਪਿੰਡ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਦਿੱਤੀਆਂ ਗਈਆਂ ਹਨ, ਪਰ ਉਨ੍ਹਾਂ ਅਨੁਸਾਰ ਪਿੰਡ ਵਿਚ ਉਮੀਦ ਮੁਤਾਬਿਕ ਵਿਕਾਸ ਕਾਰਜ ਨਹੀਂ ਹੋ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਉਹ ਪਿੰਡ ਵਿਚ ਇਕ ਸਮਾਗਮ ਦੌਰਾਨ ਪਹੁੰਚੇ ਸਨ ਤਾਂ ਪੰਚਾਇਤ ਦੇ ਮੈਂਬਰ ਵੀ ਮੌਜੂਦ ਸਨ। ਜੇਕਰ ਸਰਪੰਚ ਨੂੰ ਕੋਈ ਸ਼ਿਕਾਇਤ ਜਾਂ ਮੁਸ਼ਕਿਲ ਸੀ ਤਾਂ ਉਹ ਉਸ ਸਮੇਂ ਆਪਣੀ ਗੱਲ ਰੱਖ ਸਕਦੇ ਸਨ। 20 ਲੱਖ ਰੁਪਏ ਦੀ ਗਰਾਂਟ ਬਾਰੇ ਵਿਧਾਇਕ ਨੇ ਕਿਹਾ ਕਿ ਜੇਕਰ ਪੰਚਾਇਤ ਦਾ ਦਾਅਵਾ ਹੈ ਕਿ ਉਸ ਨੂੰ ਇਹ ਗਰਾਂਟ ਨਹੀਂ ਮਿਲੀ ਤਾਂ ਉਹ 10 ਦਿਨਾਂ ਲਈ ਉਨ੍ਹਾਂ ਨੂੰ ਚਾਰਜ ਦੇ ਦੇਣ, ਉਹ 20 ਲੱਖ ਰੁਪਏ ਪਿੰਡ ਦੇ ਵਿਕਾਸ ’ਤੇ ਖ਼ਰਚ ਕਰਕੇ ਦਿਖਾ ਦੇਣਗੇ। ਇਸ ਮੌਕੇ ਐਡਵੋਕੇਟ ਭੁਪਿੰਦਰ ਸਿੰਘ ਘੁੰਮਣ ਤੇ ਪਿੰਡ ਦੇ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਤੰਤਰ ਨੂੰ ਤਾਨਾਸ਼ਾਹੀ ਵਿਚ ਬਦਲ ਦਿੱਤਾ-ਡੋਗਰਾ ਅਗਲੀ ਖ਼ਬਰ ਸਮਾਜ ਸੇਵੀ ਸਤਪਾਲ ਸਿੰਘ ਮੁਲਤਾਨੀ ਵਲੋਂ ਨਿਯੁਕਤ ਕੌਮੀ ਮੀਤ ਪ੍ਰਧਾਨ ਇਕਬਾਲ ਜੋਹਲ ਦਾ ਸਨਮਾਨ
Ad Position 24