ਕਣਕ ਦੇ ਨਾੜ, ਸਫ਼ੈਦੇ ਤੇ ਪਾਪੂਲਰ ਦੇ ਦਰੱਖਤਾਂ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਦੋਸ਼ੀ ਨੂੰ 1 ਸਾਲ ਦੀ ਕੈਦ
ਹੁਸ਼ਿਆਰਪੁਰ, 23 ਅਕਤੂਬਰ (ਬਲਜਿੰਦਰਪਾਲ ਸਿੰਘ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪੀ. ਐਸ.
ਹੁਸ਼ਿਆਰਪੁਰ, 23 ਅਕਤੂਬਰ (ਬਲਜਿੰਦਰਪਾਲ ਸਿੰਘ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪੀ. ਐਸ. ਕਾਲੇਕਾ ਦੀ ਅਦਾਲਤ ਨੇ ਕਣਕ ਦੇ ਨਾੜ, ਸਫ਼ੈਦੇ ਤੇ ਪਾਪੂਲਰ ਦੇ ਦਰੱਖਤਾਂ ਨੂੰ ਅੱਗ ਲਗਾਉਣ ਦੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਏ ਗਏ ਦੋਸ਼ੀ ਨੂੰ ਇਕ ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੇ ਹੁਕਮ ਸੁਣਾਏ। ਜੁਰਮਾਨਾ ਨਾ ਦੇਣ ਦੀ ਸੂਰਤ ‘ਚ ਦੋਸ਼ੀ ਨੂੰ 2 ਮਹੀਨੇ ਦੀ ਵਾਧੂ ਸਜ਼ਾ ਕੱਟਣੀ ਪਵੇਗੀ। ਇਸ ਸੰਬੰਧੀ ਐਡਵੋਕੇਟ ਨਵੀਨ ਜੈਰਥ ਨੇ ਦੱਸਿਆ ਕਿ 3 ਮਈ 2013 ਨੂੰ ਥਾਣਾ ਬੁੱਲ੍ਹੋਵਾਲ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਮਲਕੀਅਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਖਡਿਆਲਾ ਸੈਣੀਆਂ ਨੇ ਦੱਸਿਆ ਸੀ ਕਿ ਪਿੰਡ ‘ਚ ਹੀ ਉਸ ਦੀ ਜ਼ਮੀਨ ਹੈ ਤੇ ਉਸ ਦੀ ਜ਼ਮੀਨ ਦੇ ਨਾਲ ਗੁਰਬਚਨ ਸਿੰਘ ਪੁੱਤਰ ਪਰਸਾ ਸਿੰਘ ਵਾਸੀ ਨੰਗਲ ਕਲਾਂ ਦੀ ਜ਼ਮੀਨ ਹੈ। ਕਰੀਬ 11 ਵਜੇ ਉਸ ਦਾ ਲੜਕਾ ਕੁਲਵਿੰਦਰ ਸਿੰਘ ਜ਼ਮੀਨ ‘ਚ ਕੰਮ ਕਰ ਰਹੇ ਮਜ਼ਦੂਰਾਂ ਲਈ ਚਾਹ ਲੈਣ ਲਈ ਜਾ ਰਿਹਾ ਸੀ। ਇਸ ਦੌਰਾਨ ਗੁਰਬਚਨ ਸਿੰਘ ਆਪਣੇ ਖੇਤਾਂ ‘ਚ ਕਣਕ ਦੀ ਫ਼ਸਲ ਦੇ ਨਾੜ ਨੂੰ ਅੱਗ ਲਗਾ ਰਿਹਾ ਸੀ ਅਤੇ ਉਸ ਦੇ ਲੜਕੇ ਨੇ ਉਸ ਨੂੰ ਅੱਗ ਲਗਾਉਣ ਤੋਂ ਰੋਕਿਆ, ਪਰ ਗੁਰਬਚਨ ਸਿੰਘ ਨੇ ਉਸ ਦੀ ਗੱਲ ਨਹੀਂ ਸੁਣੀ। ਗੁਰਬਚਨ ਸਿੰਘ ਦੇ ਖੇਤਾਂ ‘ਚ ਲੱਗੀ ਅੱਗ ਦੀਆਂ ਲਪਟਾਂ ਹਵਾ ਦੇ ਚੱਲਦਿਆਂ ਨਾ ਸਿਰਫ਼ ਉਸ ਦੇ ਖੇਤ ਤੱਕ, ਬਲਕਿ ਦੂਜੇ ਕਿਸਾਨਾਂ ਦੇ ਖੇਤਾਂ ਤੱਕ ਵੀ ਪਹੁੰਚ ਗਈਆਂ। ਜਿਸ ਦੇ ਚੱਲਦਿਆਂ ਖੇਤਾਂ ‘ਚ ਰੱਖੀ ਢਾਈ ਕਿੱਲੇ ਕਣਕ ਦੀ ਨਾੜ ਸਮੇਤ ਖੇਤ ‘ਚ ਲੱਗੇ 500 ਪਾਪੂਲਰ ਦੇ ਦਰੱਖਤ ਤੇ ਜ਼ਿਮੀਂਦਾਰ ਕੁਲਵੰਤ ਸਿੰਘ ਦੇ ਖੇਤ ‘ਚ ਲੱਗੇ ਸਫ਼ੈਦੇ ਦੇ 150 ਦਰੱਖਤ ਸੜ ਗਏ ਅਤੇ ਸੂਚਨਾ ਮਿਲਣ ‘ਤੇ ਫਾਇਰਬ੍ਰਿਗੇਡ ਦੇ ਕਰਮਚਾਰੀਆਂ ਨੇ ਪਹੁੰਚ ਕੇ ਇਸ ਅੱਗ ‘ਤੇ ਕਾਬੂ ਪਾਇਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਲਕੀਅਤ ਸਿੰਘ ਦੇ ਬਿਆਨਾਂ ‘ਤੇ ਦੋਸ਼ੀ ਗੁਰਬਚਨ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।