ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਨਿਸ਼ਾਨੀ 'ਗੰਗਾ ਸਾਗਰ' ਬਾਰੇ ਇਤਿਹਾਸਕ ਪੁਸਤਕ ਲੋਕ ਅਰਪਣ
ਅਜੀਤ ਡੈਸਕ
03-01-2026
ਰਾਏਕੋਟ, 2 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਦਸਮੇਸ਼ ਪਿਤਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨਾਂ ਦੌਰਾਨ ਰਾਏਕੋਟ ਠਹਿਰ ਵੇਲੇ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਬਖ਼ਸੇ 'ਪਵਿੱਤਰ ਗੰਗਾ-ਸਾਗਰ' ਬਾਰੇ ਰਾਏ ਅਜ਼ੀਜ਼ ਉੱਲਾ ਖਾਂ ਵਲੋਂ ਮੁਹੱਈਆ ਕਰਵਾਏ ਦਸਤਾਵੇਜ਼ਾਂ 'ਤੇ ਅਧਾਰਿਤ ਪੁਸਤਕ ਅੱਜ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਰਾਏਕੋਟ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸੰਗਤਾਂ ਦੇ ਅਰਪਣ ਕੀਤੀ ਗਈ | ਇਸ ਮੌਕੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਹ ਕਿਤਾਬ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ 'ਦਸਮੇਸ਼ ਪਿਤਾ ਬਖ਼ਸ਼ਿਸ਼: ਪਵਿੱਤਰ ਗੰਗਾ ਸਾਗਰ-ਸੁੱਚੀ ਸੇਵਾ ਸੰਭਾਲ' ਸਿਰਲੇਖ ਵਾਲੀ ਇਹ ਪੁਸਤਕ ਪ੍ਰਸਿੱਧ ਲੇਖਕ ਅਤੇ ਇਤਿਹਾਸਕਾਰ ਪ੍ਰੋ: ਗੁਰਦੇਵ ਸਿੰਘ ਸਿੱਧੂ ਵਲੋਂ ਲਿਖੀ ਗਈ ਹੈ | ਇਸ ਪੁਸਤਕ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਾਏਕੋਟ ਆਗਮਨ, ਰਾਏ ਕੱਲ੍ਹਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਕੀਤੀ ਗਈ ਅਤੁੱਲ ਸੇਵਾ ਅਤੇ ਗੁਰੂ ਸਾਹਿਬ ਦੀ ਪਵਿੱਤਰ ਨਿਸ਼ਾਨੀ ਗੰਗਾ ਸਾਗਰ ਦੇ ਅਧਿਆਤਮਿਕ ਅਤੇ ਇਤਿਹਾਸਕ ਮਹੱਤਵ ਨੂੰ ਵਿਸਥਾਰ ਨਾਲ ਦਰਸਾਇਆ ਗਿਆ ਹੈ | ਇਸ ਕਿਤਾਬ ਦਾ ਮੁੱਖਬੰਧ ਵੀ ਪ੍ਰੋ: ਗੁਰਭਜਨ ਗਿੱਲ ਵਲੋਂ ਲਿਖਿਆ ਗਿਆ ਹੈ | ਗੰਗਾ ਸਾਗਰ 17ਵੀਂ ਸਦੀ ਦਾ ਧਾਤ ਦਾ ਪੁਰਾਤਨ ਸੁਰਾਹੀਨੁਮਾ ਬਰਤਨ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਨਿਸ਼ਾਨੀ ਵਜੋਂ ਅਤਿ-ਆਦਰ ਨਾਲ ਰਾਏ ਕੱਲ੍ਹਾ ਪਰਿਵਾਰ ਵਲੋਂ ਅੱਜ ਤੱਕ ਸੰਭਾਲਿਆ ਜਾ ਰਿਹਾ ਹੈ | ਇਸ ਦੀ ਸੰਭਾਲ ਇਸ ਸਮੇਂ ਰਾਏ ਕੱਲ੍ਹਾ ਜੀ ਦੇ ਵਾਰਿਸ ਰਾਏ ਅਜੀਜ਼ ਉੱਲਾ ਖ਼ਾਨ ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਉਨ੍ਹਾਂ ਦੇ ਸਪੁੱਤਰ ਰਾਏ ਮੁਹੰਮਦ ਅਲੀ ਵਲੋਂ ਸ਼ਰਧਾ ਅਤੇ ਜ਼ਿੰਮੇਵਾਰੀ ਨਾਲ ਕੀਤੀ ਜਾ ਰਹੀ ਹੈ | ਇਤਿਹਾਸਕ ਰਿਕਾਰਡ ਦਰਸਾਉਂਦੇ ਹਨ ਕਿ ਰਾਏਕੋਟ ਤੋਂ ਵਿਦਾ ਲੈਂਦੇ ਸਮੇਂ ਰਾਏ ਕੱਲ੍ਹਾ ਵਲੋਂ ਆਪਣੇ ਅਤੇ ਆਪਣੇ ਪਰਿਵਾਰ ਦੀ ਜਾਨ ਜੋਖ਼ਮ ਵਿਚ ਪਾ ਕੇ ਕੀਤੀ ਗਈ ਨਿਰਸਵਾਰਥ ਸੇਵਾ ਤੋਂ ਪ੍ਰਸੰਨ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਗੰਗਾ ਸਾਗਰ, ਇਕ ਤਲਵਾਰ ਅਤੇ ਇੱਕ ਰਿਹਲ (ਪਾਠ ਲਈ ਲੱਕੜੀ ਦਾ ਸਟੈਂਡ) ਨਿੱਜੀ ਤੌਰ 'ਤੇ ਬਖ਼ਸ਼ੀਸ਼ ਵਜੋਂ ਭੇਟ ਕੀਤੇ ਸਨ | ਰਾਏ ਅਜ਼ੀਜ਼ ਉੱਲਾ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਰਾਏ ਮੁਹੰਮਦ ਅਲੀ ਖ਼ਾਨ, ਜੋ ਇਸ ਵੇਲੇ ਕੈਨੇਡਾ ਵਿਚ ਵਸਦੇ ਹਨ, ਨੇ ਇਸ ਇਤਿਹਾਸਕ ਪੁਸਤਕ ਲਈ ਪ੍ਰੋ.ਗੁਰਦੇਵ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਇਸ ਪੁਸਤਕ ਦੇ ਉੱਦਮ ਲਈ ਪ੍ਰੋ: ਗੁਰਭਜਨ ਗਿੱਲ ਅਤੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ | ਉਨ੍ਹਾਂ ਨੇ ਰਾਏਕੋਟ ਜੋੜ ਮੇਲੇ ਦੇ ਮੌਕੇ 'ਤੇ ਸਿੱਖ ਸੰਗਤ ਦਾ ਧੰਨਵਾਦ ਕੀਤਾ ਹੈ, ਜਿੰਨ੍ਹਾਂ ਨੇ ਸਾਨੂੰ ਪ੍ਰੇਰਨਾ ਦੇ ਕੇ ਇਹ ਕਾਰਜ ਕਰਨ ਦਾ ਉੱਦਮ ਬਖ਼ਸ਼ਿਆ ਹੈ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਅਮਨਦੀਪ ਸਿੰਘ ਗਿੱਲ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਏਕੋਟ, ਉੱਘੇ ਉਦਯੋਗਪਤੀ ਵਿਵੇਕ ਵਿੱਕੀ ਕੌੜਾ ਤੇ ਡਾ: ਰਮੇਸ਼ ਸਦਾਵਰਤੀ ਨੇ ਰਾਏ ਅਜ਼ੀਜ਼ ਉੱਲਾ ਖਾਂ ਦਾ ਇਹ ਮਹੱਤਵਪੂਰਨ ਖੋਜ ਪੁਸਤਕ ਤਿਆਰ ਕਰਵਾਉਣ ਲਈ ਧੰਨਵਾਦ ਕੀਤਾ ਹੈ | ਇਸ ਪੁਸਤਕ ਨੂੰ ਲੋਕ ਅਰਪਨ ਕਰਨ ਸਮੇਂ ਵਿਧਾਇਕ ਠੇਕੇਦਾਰ ਹਾਕਮ ਸਿੰਘ, ਹਰਪਾਲ ਸਿੰਘ ਜੱਲ੍ਹਾ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਤਰਸੇਮ ਸਿੰਘ ਬਲਿਆਲ, ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ, ਮਾ: ਪ੍ਰੀਤਮ ਸਿੰਘ ਬਰ੍ਹਮੀ, ਮਾ: ਸੁਰਿੰਦਰ ਸਿੰਘ ਚਾਵਲਾ, ਆਰ.ਜੀ. ਰਾਏਕੋਟੀ, ਮੈਨੇਜਰ ਅਮਰੀਕ ਸਿੰਘ ਬੋਪਾਰਾਏ ਗੁਰਦੁਆਰਾ ਗੁਰੂਸਰ ਸੁਧਾਰ, ਗੁਰਚਰਨ ਸਿੰਘ ਕਲੇਰ ਲੁਧਿਆਣਾ ਉੱਘੇ ਟਰਾਂਸਪੋਟਰ, ਸਾਬਕਾ ਮੰਡੀ ਸੁਪਰਵਾਈਜ਼ਰ ਸੁਖਮਿੰਦਰ ਸਿੰਘ ਧੂਰਕੋਟ, ਹਰਜੀਤ ਸਿੰਘ ਬੁੱਟਰ ਧੂਰਕੋਟ, ਨੰਬਰਦਾਰ ਸਵਰਨਜੀਤ ਸਿੰਘ ਧੂਰਕੋਟ, ਬਾਬਾ ਗੁਰਜੀਤ ਸਿੰਘ ਕਾਰਸੇਵਾ ਵਾਲੇ, ਬਾਬਾ ਜਿਉਣ ਸਿੰਘ ਕਾਰ ਸੇਵਾ ਵਾਲੇ, ਬਾਬਾ ਕੇਵਲ ਸਿੰਘ ਕਾਰ ਸੇਵਾ ਵਾਲੇ, ਪੀ.ਏ. ਕਮਲ ਸੁਖਾਣਾ, ਮੈਨੇਜਰ ਨਿਰਭੈ ਸਿੰਘ ਚੀਮਨਾ ਗੁਰਦੁਆਰਾ ਸਾਹਿਬ ਹੇਰਾਂ, ਸੱਜਣ ਸਿੰਘ ਲਿੱਤਰਾਂ, ਮਾ: ਕੁਲਵਿੰਦਰ ਸਿੰਘ ਲਿੱਤਰਾਂ, ਕਮਲਜੀਤ ਸਿੰਘ ਬਰ੍ਹਮੀ, ਮਨਦੀਪ ਸਿੰਘ ਖੁਰਦ ਆਦਿ ਹਾਜ਼ਰ ਸਨ |