ਜਗਰਾਉਂ, 3 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸ਼ਹੀਦਾਂ ਦੀ ਯਾਦ 'ਚ ਪਿੰਡ ਗਾਲਿਬ ਕਲਾਂ ਵਿਖੇ ਪਿੰਡ ਵਾਸੀਆਂ, ਪ੍ਰਵਾਸੀ ਭਾਰਤੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਬੀਬੀਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਛੇ ਦਿਨਾਂ ਧਾਰਮਿਕ ਸਮਾਗਮ ਗੁਰਦੁਆਰਾ ਬਗੀਚੀ ਸਾਹਿਬ ਵਿਖੇ ਕਰਵਾਏ ਗਏ | ਆਖ਼ਰੀ ਦਿਨ ਪਿੰਡ 'ਚ ਨਗਾਰੇ ਨਾਲ ਖ਼ਾਲਸਾ ਪੈਦਲ ਮਾਰਚ ਕੱਢਿਆ ਗਿਆ | ਇਸ ਸਮਾਗਮ ਨੂੰ ਕਰਵਾਉਣ 'ਚ ਅਮਰੀਕਾ ਵਾਸੀ ਹਿਰਦੇਪਾਲ ਸਿੰਘ ਦਾ ਵੱਡਾ ਯੋਗਦਾਨ ਹੈ | ਇਸ ਧਾਰਮਿਕ ਸਮਾਗਮਾਂ 'ਚ ਪਹਿਲੀ ਤੋਂ ਛੇਵੀਂ ਜਮਾਤ ਅਤੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਦੋ ਵਰਗਾਂ ਦੇ ਲੜਕੀਆਂ ਦੇ ਦੁਮਾਲਾ ਸਜਾਉਣ ਤੇ ਲੜਕਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲਿਆਂ 'ਚ 200 ਬੱਚਿਆਂ ਨੇ ਭਾਗ ਲਿਆ | ਇੰਨ੍ਹਾਂ ਛੇ ਦਿਨਾਂ ਸਮਾਗਮਾਂ ਦੌਰਾਨ ਰੋਜ਼ਾਨਾਂ ਸਾਰੇ ਬੱਚੇ 'ਵਾਹਿਗੁਰੂ' ਸ਼ਬਦ ਦਾ ਜਾਪ ਕਰਦੇ ਸਨ ਅਤੇ ਸ਼ੁੱਧ ਗੁਰਬਾਣੀ ਪਾਠ ਬੋਧ ਕੰਠ, ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਦੇ ਸਨ | ਇੰਨ੍ਹਾਂ ਛੇ ਦਿਨਾਂ ਸਮਾਗਮਾਂ ਦੌਰਾਨ ਵੱਖ-ਵੱਖ ਸਿੱਖ ਵਿਦਵਾਨਾਂ ਨੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਸੰਬੋਧਨ ਕੀਤਾ | ਇਸ ਮੌਕੇ ਬੱਚਿਆਂ ਦੇ ਧਾਰਮਿਕ ਲਿਖਤੀ ਮੁਕਾਬਲੇ ਵੀ ਕਰਵਾਏ ਗਏ | ਇਸ ਸਮੇਂ ਵੱਖ-ਵੱਖ ਵਰਗਾਂ ਦੇ ਜੇਤੂ ਬੱਚਿਆਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ, ਉੱਥੇ ਮੁਕਾਬਲੇ 'ਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦੀਆਂ ਮਾਂਵਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮੇਂ ਐਜੂਕੇਟ ਟਰੱਸਟ ਦੇ ਬੁਲਾਰੇ ਜਸਵਿੰਦਰ ਸਿੰਘ ਇੰਗਲੈਂਡ ਨੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਬਾਰੇ ਸਿੱਖ ਇਤਿਹਾਸ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ | ਇੰਨ੍ਹਾਂ ਛੇ ਦਿਨਾਂ ਧਾਰਮਿਕ ਸਮਾਗਮਾਂ ਦੌਰਾਨ ਬੱਚੇ ਅਤੇ ਮਾਂਵਾਂ ਕੇਸਰੀ ਦਸਤਾਰ ਸਜਾ ਕੇ ਭਾਗ ਲੈਂਦੇ ਰਹੇ | ਪਿੰਡ 'ਚ ਕੱਢੇ ਗਏ ਖ਼ਾਲਸਾ ਮਾਰਚ ਦੌਰਾਨ ਬੱਚਿਆਂ ਵਲੋਂ ਧਾਰਮਿਕ ਤਖ਼ਤੀਆਂ ਹੱਥਾਂ 'ਚ ਫੜ੍ਹ ਕੇ ਲੋਕਾਂ ਨੂੰ ਸਿੱਖੀ ਅਤੇ ਸਿੱਖ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ | ਮਾਰਚ ਦੌਰਾਨ ਬੱਚਿਆਂ ਦੇ ਨਾਲ ਬੀਬੀਆਂ ਵਲੋਂ ਵੀ ਕੇਸਰੀ ਚੁੰਨੀਆਂ ਲੈ ਕੇ ਹੱਥਾਂ 'ਚ ਕੇਸਰੀ ਝੰਡੇ ਫੜ੍ਹੇ ਹੋਏ ਸਨ | ਇਸ ਮੌਕੇ ਸਰਪੰਚ ਗੁਰਚਰਨ ਸਿੰਘ, ਸਿਕੰਦਰ ਸਿੰਘ, ਨੰਬਰਦਾਰ ਪਰਮਜੀਤ ਸਿੰਘ, ਹਰਬੰਸ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਸਿੰਘ ਚਾਹਲ, ਮੈਨੇਜਰ ਮਨਪ੍ਰੀਤ ਸਿੰਘ, ਡਾ: ਪਰਮਜੀਤ ਸਿੰਘ ਪੰਮਾ, ਗੁਰਮੁੱਖ ਸਿੰਘ, ਕੁਲਵਿੰਦਰ ਸਿੰਘ, ਗੁਰਦੀਪ ਸਿੰਘ, ਦਲਜੀਤ ਸਿੰਘ ਫੌਜ਼ੀ ਆਦਿ ਹਾਜ਼ਰ ਸਨ |