ਮੁੱਲਾਂਪੁਰ-ਦਾਖਾ, 4 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੰਡੀ ਮੁੱਲਾਂਪੁਰ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਦੀ ਅਗਵਾਈ ਖ਼ਾਲਸਾਈ ਪੌਸ਼ਾਕਾਂ 'ਚ ਤਿਆਰ-ਬਰ ਤਿਆਰ ਸਿੰਘ ਪੰਜ ਪਿਆਰੇ ਕਰ ਰਹੇ ਸਨ | ਵਿਸ਼ਾਲ ਨਗਰ ਕੀਰਤਨ ਨਾਲ ਚੱਲ ਰਿਹਾ ਇਸਤਰੀ ਸਤਿਸੰਗ ਸਭਾ ਬੀਬੀਆ ਦਾ ਕੀਰਤਨੀ ਜੱਥਾ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੱਥੇ ਨੇ 'ਤਹੀ ਪ੍ਰਕਾਸ਼ ਹਮਾਰਾ ਭਯੋ¨ ਪਟਨਾ ਸਹਰ ਬਿਖੈ ਭਵ ਲਯੋ¨', 'ਖ਼ਾਲਸਾ ਮੈਰੋ ਰੂਪ ਹੈ ਖਾਸ | ਖ਼ਾਲਸੇ ਮਹਿ ਹਊ ਕਰੋ ਨਿਵਾਸ¨' ਦਸਮ ਪਾਤਿਸ਼ਾਹ ਦੀਆਂ ਮਹਾਨ ਸਿੱਖਿਆਵਾਂ ਨਾਲ ਜੁੜੇ ਗੁਰਬਾਣੀ ਦੇ ਸ਼ਬਦਾਂ ਦਾ ਉਚਾਰਨ ਕੀਤਾ | ਸ਼ਹਿਰ 'ਚ ਗੁਰਦੁਆਰਾ ਬਾਬਾ ਮੱਖਣ ਦਾਸ ਜੀ ਅਤੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਦੀਆਂ ਪ੍ਰਬੰਧਕੀ ਕਮੇਟੀਆ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ | ਨਗਰ ਕੀਰਤਨ ਦੌਰਾਨ ਗੁਰੂ ਸਾਹਿਬ ਦਾ ਇਤਿਹਾਸਕ ਪ੍ਰਭਾਵ ਡੁੱਲ-ਡੁੱਲ ਪੈਂਦਾ ਸੀ | ਵਿਸ਼ਾਲ ਨਗਰ ਕੀਰਤਨ ਦਾਣਾ ਮੰਡੀ ਮੁੱਲਾਂਪੁਰ-ਦਾਖਾ ਪੁੱਜਣ 'ਤੇ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ., ਟਕਸਾਲੀ ਅਕਾਲੀ ਜਥੇਦਾਰ ਮੱਘਰ ਸਿੰਘ ਬੜੈਚ ਨਾਲ ਰਲ ਕੇ ਸੰਗਤਾਂ ਵਲੋਂ ਗੁਰੂ ਸਾਹਿਬ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਜ਼ੁਲਮ-ਜਬਰ ਖਿਲਾਫ਼ ਸੰਘਰਸ਼ ਕਰਨ ਅਤੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ ਜਿੱਥੇ ਅਦੁੱਤੀ ਤੇ ਲਾਸਾਨੀ ਹਨ, ਉੱਥੇ ਗੁਰੂ ਪਾਤਿਸ਼ਾਹ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਗਾਇਆ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੂੰ ਆਪਣੇ ਜੀਵਨ 'ਚ ਢਾਲਣਾ ਚਾਹੀਦਾ | ਉਨ੍ਹਾਂ ਦੱਸਿਆ ਕਿ ਸਤਿਗੁਰੂ ਦੀ ਸਿੱਖਿਆ ਅਨੁਸਾਰ ਹਰੇਕ ਇਨਸਾਨ ਨੂੰ ਆਤਮ ਵਿਸ਼ਵਾਸੀ ਹੋਣਾ ਚਾਹੀਦਾ | ਪੂਰੇ ਸ਼ਹਿਰ ਦੀ ਪਰਿਕਰਮਾ ਸਮੇਂ ਨਗਰ ਕੀਰਤਨ ਨਾਲ ਚੱਲ ਰਹੀ ਸੰਗਤ ਲਈ ਸੇਵਾਦਾਰਾਂ ਵਲੋਂ ਦੁੱਧ-ਚਾਹ ਹੋਰ ਲੰਗਰਾਂ ਦਾ ਅਤੁੱਟ ਪ੍ਰਬੰਧ ਸੀ | ਢਾਡੀ ਜਥਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਸੌਂਪਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਨੂੰ ਢਾਡੀ ਵਾਰਾਂ ਰਾਹੀਂ ਪੇਸ਼ ਕੀਤਾ |
ਭੱਟੀਆਂ ਢਾਹਾ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਪਿੰਡ ਭੱਟੀਆਂ ਢਾਹਾ ਦੇ ਗੁਰਦੁਆਰਾ ਹਰ ਸਰ ਸਾਹਿਬ ਤੋਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸੰਗਤਾਂ ਵਲੋਂ ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਸਾਹਿਬ ਵਿਚ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁਸੋਭਿਤ ਸਨ ਤੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ | ਸੰਗਤਾਂ ਵਲੋਂ ਪਿੰਡ ਭੱਟੀਆਂ ਢਾਹਾ ਵਿਖੇ ਥਾਂ-ਥਾਂ 'ਤੇ ਬਣੇ ਪੜਾਵਾਂ 'ਤੇ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਦਿਆਂ ਨਿੱਘਾ ਸਵਾਗਤ ਕੀਤਾ ਗਿਆ ਤੇ ਸੰਗਤਾਂ ਸਤਿਨਾਮ ਦਾ ਜਾਪ ਕਰਦੀਆਂ ਹੋਈਆਂ ਨਗਰ ਕੀਰਤਨ ਨਾਲ ਚੱਲ ਰਹੀਆਂ ਸਨ | ਨਗਰ ਕੀਰਤਨ ਸਮੇਂ ਭਾਈ ਗੁਰਪ੍ਰੀਤ ਸਿੰਘ, ਭਾਈ ਮਨਜਿੰਦਰ ਸਿੰਘ ਭੱਟੀਆਂ ਦੇ ਰਾਗੀ ਜਥੇ ਵਲੋਂ ਸੰਗਤਾਂ ਨੂੰ ਜਿੱਥੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ, ਉੱਥੇ ਭਾਈ ਜਗਦੇਵ ਸਿੰਘ ਹਲਵਾਰਾ ਦੇ ਪ੍ਰਸਿੱਧ ਢਾਡੀ ਜਥੇ ਵਲੋਂ ਜੋਸ਼ੀਲੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਸਿੱਖੀ ਇਤਿਹਾਸ ਨਾਲ ਜੋੜਿਆ ਤੇ ਸੰਗਤਾਂ ਵਿਚ ਜੋਸ਼ ਭਰਿਆ | ਗੁਰਦੁਆਰਾ ਹਰ ਸਰ ਸਾਹਿਬ ਦੀ ਲੋਕਲ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਵਲੋਂ ਸੰਗਤਾਂ ਨੂੰ ਥਾਂ-ਥਾਂ 'ਤੇ ਬਣੇ ਪੜਾਵਾਂ 'ਤੇ ਚਾਹ-ਪਕੌੜਿਆਂ ਸਮੇਤ ਹੋਰ ਲੰਗਰ ਵਰਤਾਏ ਗਏ | ਨਗਰ ਕੀਰਤਨ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਸਮੇਂ ਗੁਰਦੁਆਰਾ ਹਰ ਸਰ ਸਾਹਿਬ ਵਿਖੇ ਸਮਾਪਤ ਹੋਇਆ ਤੇ ਇਸ ਸਮੇਂ ਗੁਰਦੁਆਰਾ ਸਾਹਿਬ ਵਿਖੇ ਜੁੜੀਆਂ ਸੰਗਤਾਂ ਵਲੋਂ ਆਤਿਸ਼ਬਾਜੀ ਕੀਤੀ ਗਈ ਜੋ ਕਿ ਮਨਮੋਹਕ ਦਿ੍ਸ਼ ਪੇਸ਼ ਕਰ ਰਹੀ ਸੀ |
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸ਼ਹੀਦ ਕਰਨੈਲ ਸਿੰਘ ਗੇਟ ਜਗਰਾਉਂ ਤੋਂ
ਜਗਰਾਉਂ, (ਹਰਵਿੰਦਰ ਸਿੰਘ ਖ਼ਾਲਸਾ)-ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸ਼ਹੀਦ ਕਰਨੈਲ ਸਿੰਘ ਗੇਟ (ਜਗਰਾਉਂ) ਤੋਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ, ਪੰਜ ਪਿਆਰਿਆਂ ਦੀ ਅਗਵਾਈ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੱਢਿਆ ਗਿਆ | ਗੁਰੂ ਸਾਹਿਬ ਜੀ ਦੇ ਸਰੂਪ ਫੁੱਲਾਂ ਨਾਲ ਸਜਾਈ ਟਰਾਲੀ ਨਾਮਕ ਪਾਲਕੀ ਸਾਹਿਬ ਵਿਖੇ ਬਿਰਾਜਮਾਨ ਕੀਤੇ ਗਏ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਮਾਰਗਾਂ ਤੋਂ ਦੀ ਗੁਜਰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਇਆ | ਨਗਰ ਕੀਰਤਨ ਦੇ ਸਤਿਕਾਰ ਵਜੋਂ ਵੱਖ-ਵੱਖ ਮਾਰਗਾਂ ਦੀ ਸਫ਼ਾਈ ਕਰਕੇ ਸਜਾਵਟੀ ਗੇਟ ਅਤੇ ਲੰਗਰ ਲਗਾਏ ਗਏ | ਨਗਰ ਕੀਰਤਨ ਵਲੋਂ ਅੱਧੀ ਦਰਜਨ ਦੇ ਲਗਭਗ ਪੜਾਅ ਲਗਾਏ ਗਏ | ਇੰਨ੍ਹਾਂ ਪੜਾਵਾਂ ਵਿਚ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ, ਕਵੀਸ਼ਰੀ ਤੇ ਢਾਡੀ ਜਥਿਆਂ ਵਲੋਂ ਵਾਰਾਂ ਦਾ ਗਾਇਣ ਅਤੇ ਬੁਲਾਰਿਆਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਪ੍ਰਤੀ ਜਾਣੂ ਕਰਵਾਇਆ | ਇਸ ਮੌਕੇ ਗੁਰਦੁਆਰਾ ਪ੍ਰਧਾਨ ਪਰਗਟ ਸਿੰਘ ਅਤੇ ਕਰਮ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ 9 ਜਨਵਰੀ 2026 ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਜਾਣਗੇ | ਇੰਨ੍ਹਾਂ ਦੇ ਭੋਗ 11 ਜਨਵਰੀ ਸਵੇਰੇ 9 ਵਜੇ ਗੁਰਦੁਆਰਾ ਦੂਖ ਨਿਵਾਰਨ ਵਿਖੇ ਪਾਏ ਜਾਣਗੇ | ਇਸ ਉਪਰੰਤ ਦੀਵਾਨ ਸਜਾਏ ਜਾਣਗੇ | ਜਿਸ ਵਿਚ ਸਿੱਖ ਕੌਮ ਦੇ ਮਹਾਨ ਕੀਰਤਨੀ, ਕਵੀਸ਼ਰੀ, ਢਾਡੀ ਅਤੇ ਬੁਲਾਰੇ ਪਹੁੰਚ ਕੇ ਸੰਗਤਾਂ ਨੂੰ ਆਪਣੇ-ਆਪਣੇ ਢੰਗ ਨਾਲ ਬਾਣੀ ਅਤੇ ਬਾਣੇ ਨਾਲ ਜੋੜਨਗੇ | ਇਸ ਮੌਕੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਕੰਵਲਜੀਤ ਸਿੰਘ ਮੱਲ੍ਹਾ, ਰਿਟਾ: ਨਾਇਬ ਤਹਿਸੀਲਦਾਰ ਪਵਨ ਕੁਮਾਰ ਕੱਕੜ,, ਕੌਂਸਲਰ ਕਵਿਤਾ ਕੱਕੜ, ਬਾਬਾ ਸਤਨਾਮ ਸਿੰਘ, ਬਲਜੀਤ ਸਿੰਘ ਫੌਜੀ, ਅਵਤਾਰ ਸਿੰਘ ਤਾਰਾ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਧਰਮਪਾਲ ਸਿੰਘ ਦੇਵਗਨ, ਜੋਗਿੰਦਰ ਸਿੰਘ, ਮਨਜੀਤ ਸਿੰਘ ਫੌਜ਼ੀ, ਬਲਜੀਤ ਸਿੰਘ, ਨਛੱਤਰ ਸਿੰਘ, ਹਰਨੇਕ ਸਿੰਘ ਕਲਸੀ, ਸੰਜੀਵ ਕੱਕੜ ਆਦਿ ਹਾਜ਼ਰ ਸਨ |
ਬੜੂੰਦੀ 'ਚ ਨਗਰ ਕੀਰਤਨ ਸਜਾਏ
ਲੋਹਟਬੱਦੀ, (ਕੁਲਵਿੰਦਰ ਸਿੰਘ ਡਾਂਗੋੋਂ)-ਪਿੰਡ ਬੜੂੰਦੀ 'ਚ ਸੇਖੋਂ ਪੱਤੀ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸਬੰਧੀ ਸਾਲਾਨਾ ਸਮਾਗਮ ਕਰਵਾਏ ਗਏ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਜੀ ਸੁੰਦਰ ਪਾਲਕੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਵੱਖ-ਵੱਖ ਕੀਰਤਨੀ ਜਥਿਆਂ ਨੇ ਕੀਰਤਨ ਕੀਤਾ | ਪੰਥ ਪ੍ਰਸਿੱਧ ਢਾਡੀ ਮਨਦੀਪ ਸਿੰਘ ਪੋਹੀੜ ਦੇ ਜਥੇ 'ਚ ਢਾਡੀ ਗੁਰਮੀਤ ਸਿੰਘ ਲੁਹਾਰਾ, ਢਾਡੀ ਲਖਵਿੰਦਰ ਸਿੰਘ ਪੋਹੀੜ ਅਤੇ ਸਾਰੰਗੀ ਮਾਸਟਰ ਗੁਰਪ੍ਰੀਤ ਸਿੰਘ ਨੂਰ ਨੇ ਸੰਗਤਾਂ ਨੂੰ ਵੀਰ ਰਸੀ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ | ਕਵੀਸ਼ਰ ਹਰਜਿੰਦਰ ਸਿੰਘ ਕੁੱਪ ਕਲਾਂ ਨੇ ਕਵੀਸ਼ਰੀ ਪੇਸ਼ ਕੀਤੀ | ਸੰਗਤਾਂ ਲਈ ਚਾਹ ਪਕੌੜਿਆਂ ਦੇ ਲੰਗਰ ਵਰਤਾਏ ਗਏ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਅਤੇ ਲੋੜੀਂਦੇ ਧਾਰਮਿਕ ਕਾਰਜਾਂ ਲਈ ਮਾਇਆ ਦਾਨ ਕੀਤੀ | ਇਸ ਮੌਕੇ ਪ੍ਰਧਾਨ ਜਗਮੇਲ ਸਿੰਘ ਗਿੱਲ, ਅਵਤਾਰ ਸਿੰਘ ਸੇਖੋਂ ਖ਼ਜ਼ਾਨਚੀ, ਸੈਕਟਰੀ ਅਮਨਦੀਪ ਸਿੰਘ ਸੇਖੋਂ, ਕਮੇਟੀ ਮੈਂਬਰਾਂ 'ਚੋਂ ਗੁਰਜੀਤ ਸਿੰਘ ਸੇਖੋਂ ਐੱਸ.ਡੀ.ਓ. ਬੀ.ਐੱਸ.ਐੱਨ.ਐੱਲ, ਬਲਦੇਵ ਸਿੰਘ, ਅੰਮਿ੍ਤਪਾਲ ਸਿੰਘ ਹੈਪੀ ਬੜੂੰਦੀ, ਰਣ ਸਿੰਘ ਸੇਖੋਂ, ਮਨਜੀਤ ਸਿੰਘ ਕਲੇਰ, ਜਗਜੀਤ ਸਿੰਘ ਕਲੇਰ, ਕਰਮ ਸਿੰਘ ਸੇਖੋਂ, ਦਿਲਬਾਗ ਸਿੰਘ ਸੇਖੋਂ, ਬਲਜਿੰਦਰ ਸਿੰਘ ਸਾਬਕਾ ਪੰਚ, ਅੰਤ ਸਿੰਘ ਕਲੇਰ, ਗੁਰਪ੍ਰੀਤ ਸਿੰਘ ਗੁਰੀ, ਮਹਿੰਦਰ ਸਿੰਘ ਕਲੇਰ, ਜਗਦੇਵ ਸਿੰਘ ਢਿੱਲੋਂ, ਨਿਰਭੈ ਸਿੰਘ ਨੰਬਰਦਾਰ, ਗੁਰਸ਼ਰਨ ਸਿੰਘ ਗਰੇਵਾਲ ਬੜੂੰਦੀ ਸਾਬਕਾ ਸਰਪੰਚ, ਬਲਕਾਰ ਸਿੰਘ ਜਰਮਨ ਪ੍ਰਧਾਨ ਖੇਤੀਬਾੜੀ ਸਭਾ ਬੜੂੰਦੀ, ਅਮਰਜੀਤ ਸਿੰਘ ਪੰਨੂ, ਸੁਖਬੀਰ ਸਿੰਘ ਪ੍ਰੇਮ ਮਾਨ, ਜਸਪਾਲ ਸਿੰਘ ਪਾਲੀ ਧਾਲੀਵਾਲ ਆਦਿ ਹਾਜ਼ਰ ਸਨ |
ਪੰਡ ਅਖਾੜਾ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
ਜਗਰਾਉਂ, (ਹਰਵਿੰਦਰ ਸਿੰਘ ਖ਼ਾਲਸਾ)-ਇਤਿਹਾਸਕ ਪਿੰਡ ਅਖਾੜਾ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਜਰਨੈਲ ਸਿੰਘ ਨੇ ਕੀਤੀ | ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ 'ਚ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਰਵਾਨਾ ਹੋਇਆ | ਸੁੰਦਰ ਅਤੇ ਫੁੱਲਾਂ ਨਾਲ ਸਜੀ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਸਨ ਅਤੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਨਗਰ ਕੀਰਤਨ ਵਿਚ ਟਰੈਕਟਰ-ਟਰਾਲੀਆਂ ਨੂੰ ਸਜਾ ਕੇ ਸ਼ਹਾਦਤਾਂ ਦੀਆਂ ਝਾਕੀਆਂ ਲਗਾਈਆਂ ਗਈਆਂ ਜੋ ਇਤਿਹਾਸ ਪੇਸ਼ ਕਰ ਰਹੀਆਂ ਸਨ | ਖ਼ਾਲਸਾਈ ਜਾਹੋ-ਜਲਾਲ ਅਤੇ ਸਿੱਖ ਮਾਰਸ਼ਲ ਆਰਟ ਗੱਤਕਾ ਟੀਮਾਂ ਕਲਾ ਦੇ ਜੌਹਰ ਵਿਖਾ ਰਹੀਆਂ ਸਨ | ਇਸ ਮੌਕੇ ਹਜੂਰੀ ਰਾਗੀ ਭਾਈ ਹਰਦੀਪ ਸਿੰਘ, ਅਮਨਦੀਪ ਸਿੰਘ ਅਤੇ ਭਾਈ ਜਗਦੀਪ ਸਿੰਘ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ | ਵੱਖ-ਵੱਖ ਪੜਾਵਾਂ ਵਿਚ ਪੰਥਕ ਢਾਡੀ ਜਸਵਿੰਦਰ ਸਿੰਘ ਬਾਗੀ ਦੇ ਢਾਡੀ ਜਥੇ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਚਾਨਣਾ ਪਾਇਆ | ਬਾਬਾ ਜਰਨੈਲ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਸਰਬੰਸ ਵਾਰ ਕੇ ਖ਼ਾਲਸਾ ਪੰਥ ਦੀ ਸਾਜਨਾ ਕਰਦਿਆਂ ਕੌਮ ਨੂੰ ਨਿਰਭਰ ਅਤੇ ਅਮਰ ਬਣਾ ਕੇ ਉੱਚੇ ਨੈਤਿਕ ਗੁਣਾਂ ਨਾਲ ਸਰਬੱਤ ਦੀ ਭਲਾਈ ਲਈ ਜੋੜਿਆ | ਇਸ ਮੌਕੇ ਸੇਵਾਦਾਰਾਂ ਵਲੋਂ ਸੰਗਤਾਂ ਲਈ ਥਾਂ-ਥਾਂ ਸ਼ਰਧਾ ਅਤੇ ਸਤਿਕਾਰ ਹਿੱਤ ਲੰਗਰ ਲਾਏ ਗਏ | ਨਗਰ ਕੀਰਤਨ ਦੇਰ ਸ਼ਾਮ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ |
ਪਿੰਡ ਭਰੋਵਾਲ ਕਲਾਂ ਵਿਖੇ ਨਗਰ ਕੀਰਤਨ ਸਜਾਇਆ
ਭੂੰਦੜੀ, (ਕੁਲਦੀਪ ਸਿੰਘ ਮਾਨ)-ਪਿੰਡ ਭਰੋਵਾਲ ਕਲਾਂ ਵਿਖੇ ਸਰਬੰਸਦਾਨੀ ਦਸਮੇਸ਼ ਪਿਤਾ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਇਸ ਉਪਰੰਤ ਗੁਰਦੁਆਰਾ ਸ੍ਰੀ ਸਾਹਿਬ ਤੋਂ ਗ੍ਰੰਥੀ ਸਿੰਘ ਭਾਈ ਗੁਰਬਚਨ ਸਿੰਘ ਦੀ ਅਰਦਾਸ ਉਪਰੰਤ ਵਾਹਿਗੁਰੂ ਦੇ ਜਾਪ ਨਾਲ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ | ਨਗਰ ਕੀਰਤਨ ਦੌਰਾਨ ਕੀਰਤਨੀ ਜੱਥਿਆਂ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੁਰਬਾਨੀਆਂ ਭਰੇ ਜੀਵਨ ਇਤਿਹਾਸ ਨਾਲ ਜੋੜਿਆ ਗਿਆ | ਵੱਖ-ਵੱਖ ਪੜ੍ਹਾਵਾਂ 'ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਚਾਹ-ਪਕੌੜਿਆਂ ਦੇ ਲੰਗਰ ਲਗਾਏ ਗਏ | ਇਸ ਮੌਕੇ ਗੱਤਕਾ ਪਾਰਟੀ ਵਲੋਂ ਗੱਤਕੇ ਦੇ ਸ਼ਾਨਦਾਰ ਜੌਹਰ ਵੀ ਦਿਖਾਏ ਗਏ | ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਸਮਾਗਮ ਦੀ ਸਮਾਪਤੀ ਉਪਰੰਤ ਸੰਗਤਾਂ ਨੂੰ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ |
ਜੋਧਾਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ
ਜੋਧਾਂ, (ਗੁਰਵਿੰਦਰ ਸਿੰਘ ਹੈਪੀ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਦਮਦਮਾ ਸਾਹਿਬ ਅਸਥਾਨ ਬਾਬਾ ਸਾਹਿਬ ਸਿੰਘ ਜੀ ਬੇਦੀ ਪਿੰਡ ਜੋਧਾਂ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ¢ ਗੁਰਦੁਆਰਾ ਸਾਹਿਬ ਤੋਂ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਆਰੰਭ ਹੋਏ ਨਗਰ ਕੀਰਤਨ ਦੇ ਰਸਤੇ ਨੂੰ ਸੁੰਦਰ ਝੰਡੀਆਂ ਤੇ ਸਵਾਗਤੀ ਗੇਟਾਂ ਨਾਲ ਸਜਾਇਆ ਗਿਆ ¢ ਜਿਸ ਗੱਡੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਸੁਸ਼ੋਭਿਤ ਸੀ ਉਸ ਨੂੰ ਫੁੱਲਾਂ ਅਤੇ ਬੜੇ ਅਨੋਖੇ ਢੰਗ ਨਾਲ ਸਜਾਇਆ ਹੋਇਆ ਸੀ ਜੋ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ | ਨਗਰ ਕੀਰਤਨ ਦੇ ਅੱਗੇ ਜਿੱਥੇ ਗਤਕਾ ਪਾਰਟੀ ਨੇ ਆਪਣੇ ਜ਼ੌਹਰ ਦਿਖਾਏ ਉੱਥੇ ਬੈਂਡ ਪਾਰਟੀ ਨੇ ਮਨਮੋਹਕ ਧਾਰਮਿਕ ਧੁਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਨਗਰ ਕੀਰਤਨ ਦਾ ਜਿੱਥੇ ਵੱਖ-ਵੱਖ ਪੜਾਵਾਂ 'ਤੇ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਪਕਵਾਨਾਂ ਦਾ ਲੰਗਰ ਲਗਾਏ ਗਏ | ਵੱਖ-ਵੱਖ ਪੜਾਵਾਂ 'ਤੇ ਢਾਡੀ ਹਰਦੀਪ ਸਿੰਘ ਬੱਲੋਵਾਲ ਦੇ ਜਥੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ 'ਤੇ ਚਾਨਣਾ ਪਾਉਂਦਿਆਂ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਨਗਰ ਕੀਰਤਨ ਦੌਰਾਨ ਵਿਸ਼ੇਸ਼ ਤੌਰ 'ਤੇ ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਪੁੱਜੇ, ਜਿੰਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਤੇ ਸਾਬਕਾ ਸਰਪੰਚ ਜਗਦੇਵ ਸਿੰਘ ਗਰੇਵਾਲ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਵਿਧਾਇਕ ਇਯਾਲੀ ਨੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਉਥੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ ਵੀ ਪੁੱਜੇ ਜਿੰਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ | ਨਗਰ ਕੀਰਤਨ ਦੀ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੰਪੂਰਨ ਹੋਇਆ |
ਨਗਰ ਸਿੱਧਵਾਂ ਬੇਟ ਵਿਖੇ
ਸਿੱਧਵਾਂ ਬੇਟ, (ਜਸਵੰਤ ਸਿੰਘ ਸਲੇਮਪੁਰੀ)-ਸਥਾਨਿਕ ਕਸਬੇ ਅੰਦਰ ਸਰਬੰਸਦਾਨੀ ਦਸਵੀਂ ਪਾਤਿਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ਼ਬਦ ਗੁਰੂ ਸਾਹਿਬ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਮਹਾਨ ਨਗਰ ਕੀਰਤਨ ਨਗਰ ਦੇ ਮੁੱਖ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਕੇ ਵੱਖ-ਵੱਖ ਪੜਾਵਾਂ ਵਿਚੋਂ ਗੁਜ਼ਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਭਾਈ ਸੁਰਿੰਦਰ ਸਿੰਘ ਦੇ ਰਾਗੀ ਜੱਥੇ ਅਤੇ ਭਾਈ ਸਵਰਨ ਸਿੰਘ ਖ਼ਾਲਸਾ (ਨਕੋਦਰ) ਦੇ ਢਾਡੀ ਜੱਥੇ ਨੇ ਜੁੜੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਗੌਰਮਮਈ ਇਤਿਹਾਸ 'ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੂੰ ਗੁਰੂਆਂ ਵਲੋਂ ਦਰਸਾਏ ਮਾਰਗ ਦੇ ਪਾਂਧੀ ਬਣਨ ਦੀ ਅਪੀਲ ਕੀਤੀ | ਇਹ ਵਿਸ਼ਾਲ ਨਗਰ ਕੀਰਤਨ ਜਦੋਂ ਕਸਬਾ ਸਿੱਧਵਾਂ ਬੇਟ ਦੇ ਵੱਖ-ਵੱਖ ਪੜਾਵਾਂ, ਗੁਰਦੁਆਰਾ ਭੋਰਾ ਸਾਹਿਬ ਪੁੱਜਾ ਤਾਂ ਬਾਬਾ ਰਮਨਦੀਪ ਸਿੰਘ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਕੀਤਾ ਗਿਆ | ਉਪਰੰਤ ਨਗਰ ਕੀਰਤਨ ਵੱਖ-ਵੱਖ ਪੜਾਵਾਂ ਵਿਚੋਂ ਗੁਜ਼ਰਦਾ ਹੋਇਆ, ਜਦੋਂ ਲਾਗਲੇ ਨਗਰ ਸਲੇਮਪੁਰਾ ਦੇ ਗੁਰਦੁਆਰਾ ਨਾਨਕ ਨਿਵਾਸ ਵਿਖੇ ਪੁੱਜਾ ਤਾਂ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਦਾ ਸਵਾਗਤ ਕੀਤਾ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗਿਆਨੀ ਜਗਜੀਤ ਸਿੰਘ ਕਾਕਾ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਜੀ 'ਤੇ ਸੋਹਣੇ ਰੁਮਾਲੇ ਭੇਟ ਕਰਕੇ ਪੰਜ ਪਿਆਰਿਆਂ, ਪੰਜ ਨਿਸ਼ਾਨਚੀਆਂ ਅਤੇ ਗੁਰਦੁਆਰਾ ਸਾਹਿਬ ਸਿੱਧਵਾਂ ਬੇਟ ਦੇ ਪ੍ਰਧਾਨ ਕੈਪਟਨ ਜਸਵੰਤ ਸਿੰਘ ਅਤੇ ਸਮੂਹ ਕਮੇਟੀ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ | ਇਸ ਮੌਕੇ ਹਰਦੀਪ ਸਿੰਘ ਸਿੱਧੂ, ਬਲਜੀਤ ਸਿੰਘ ਗਿੱਲ, ਪ੍ਰਧਾਨ ਬਲਕਾਰ ਸਿੰਘ, ਭਾਈ ਸੁਰਿੰਦਰਪਾਲ ਸਿੰਘ, ਅਜੀਤ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ, ਸਾਬਕਾ ਸਰਪੰਚ ਦਿਲਬਾਗ ਸਿੰਘ, ਸਿਕੰਦਰ ਸਿੰਘ ਸਿੱਧੂ, ਗੁਰਸੇਵਕ ਸਿੰਘ ਪੰਚ, ਹਰਦਿਆਲ ਸਿੰਘ, ਸੰਤੋਖ ਸਿੰਘ ਸੂਬੇਦਾਰ, ਜਸਵਿੰਦਰ ਸਿੰਘ, ਬਲਬੀਰ ਸਿੰਘ, ਸੁਖਦਿਆਲ ਸਿੰਘ ਪੰਨੂੰ, ਜਸਵੰਤ ਸਿੰਘ, ਭਾਈ ਗੁਰਦੀਪ ਸਿੰਘ ਬੁੱਟਰ, ਭਾਈ ਬਲਦੇਵ ਸਿੰਘ, ਭਾਈ ਰਣਜੀਤ ਸਿੰਘ, ਪ੍ਰਧਾਨ ਸਵਰਨਜੀਤ ਸਿੰਘ, ਸਾਬਕਾ ਪ੍ਰਧਾਨ ਹਰਭਜਨ ਸਿੰਘ, ਸਾਬਕਾ ਸਰਪੰਚ ਵਰਦੀਪ ਸਿੰਘ, ਸੁਮਨਜੀਤ ਸਿੰਘ, ਰਵਿੰਦਰ ਸਿੰਘ, ਬਲਦੇਵ ਸਿੰਘ ਪੰਮਾ, ਬਖਸਿੰਦ ਸਿੰਘ ਤੂਰ, ਕੁਲਦੀਪ ਸਿੰਘ, ਪੰਚ ਲਹਿੰਬਰ ਸਿੰਘ, ਨੰਬਰਦਾਰ ਹਰਿੰਦਰ ਸਿੰਘ ਕਾਕਾ, ਪਰਮਿੰਦਰ ਸਿੰਘ ਸਿੱਧੂ, ਮਹਿੰਦਰਪਾਲ ਸਿੰਘ ਮਾਨ, ਸੁਖਦਿਆਲ ਸਿੰਘ, ਡਾ. ਜਗਰੂਪ ਸਿੰਘ ਸਮੇਤ ਨਗਰ ਦੀਆਂ ਹੋਰ ਸੰਗਤਾਂ ਨੇ ਸੇਵਾ ਦੇ ਇਸ ਕੁੰਭ ਵਿਚ ਆਪਣਾ ਬਣਦਾ ਯੋਗਦਾਨ ਪਾਇਆ |
ਪਿੰਡ ਪੋਨਾ ਵਿਖੇ
ਚੌਂਕੀਮਾਨ, (ਤੇਜਿੰਦਰ ਸਿੰਘ ਚੱਢਾ)-ਪਿੰਡ ਪੋਨਾਂ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਨੌਜਵਾਨ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸਜੀ ਪਾਲਕੀ ਵਿਚ ਸੁਸ਼ੋਭਿਤ ਕਤਿਾ ਗਿਆ | ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਤੇ ਪ੍ਰਧਾਨ ਬਲਜੀਤ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਸਾਹਿਬ ਪੋਨਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪੜ੍ਹਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਵੇਗਾ | ਇਸ ਮੌਕੇ ਭਾਈ ਸੁਖਪਾਲ ਸਿੰਘ ਤਾਜ ਦੇ ਢਾਡੀ ਜੱਥੇ ਨੇ ਵਾਰਾਂ ਰਾਹੀਂ ਸੰਗਤਾਂ ਨੂੰ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਜਾਣੂੰ ਕਰਵਾਇਆ | ਇਸ ਮੌਕੇ ਸਟੇਜ਼ ਸੈਕਟਰੀ ਦੀ ਸੇਵਾ ਸੁਖਰਾਜਵੀਰ ਸਿੰਘ ਪੋਨਾ ਵਲੋਂ ਨਿਭਾਈ ਗਈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਮੀਤ ਸਿੰਘ ਦੇ ਕੀਰਤਨੀ ਜੱਥੇ ਨੇ ਨਗਰ ਕੀਰਤਨ ਵਿਚ ਪਰਿਕਰਮਾ ਕਰਨ ਵਾਲੀ ਸੰਗਤ ਨੂੰ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰਵਾ ਕੇ ਗੁਰੂ ਨਾਲ ਜੋੜਿਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਪੰਜ ਪਿਆਰਿਆਂ, ਨਿਸ਼ਾਨਚੀ ਸਿੰਘਾਂ ਸਮੇਤ ਭਾਈ ਸੁਖਪਾਲ ਸਿੰਘ ਤਾਜ ਦੇ ਢਾਡੀ ਜੱਥੇ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਨੌਜਵਾਨ ਵੀਰਾਂ ਵਲੋਂ ਨਗਰ ਕੀਰਤਨ ਵਿਚ ਪਰਿਕਰਮਾ ਕਰ ਰਹੀ ਸੰਗਤ ਲਈ ਚਾਹ ਤੇ ਪਕੌੜਿਆਂ ਦੇ ਲੰਗਰ ਸਮੇਤ ਗੁਰੂ ਕਾ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਸਮਾਜ ਸੇਵੀ ਜਸਵੀਰ ਸਿੰਘ ਜੱਸੂ ਪੋਨਾ, ਮਾ: ਕਰਮਜੀਤ ਸਿੰਘ ਪੋਨਾ, ਨਿਰਭੈ ਸਿੰਘ, ਬਲਜੀਤ ਸਿੰਘ, ਪੰਚ ਗਗਨਦੀਪ ਸਿੰਘ, ਜਸਮੇਲ ਸਿੰਘ, ਗੁਰਕਿ੍ਪਾਲ ਸਿੰਘ, ਦਲਵੀਰ ਸਿੰਘ, ਕਰਮਜੀਤ ਸਿੰਘ, ਬਲਦੇਵ ਸਿੰਘ, ਬਲਵੀਰ ਸਿੰਘ, ਹਰਵਿੰਦਰ ਸਿੰਘ, ਜਗਰੂਪ ਸਿੰਘ, ਮਾ: ਗੁਰਮੀਤ ਸਿੰਘ, ਇਕਬਾਲ ਸਿੰਘ, ਕੁਲਦੀਪ ਸਿੰਘ, ਤੇਜਿੰਦਰ ਸਿੰਘ, ਤੇਜਾ ਸਿੰਘ, ਕੇਵਲ ਸਿੰਘ, ਪੰਡਿਤ ਰਾਮਪਾਲ ਸਿੰਘ, ਤੇਜਿੰਦਰ ਸਿੰਘ, ਬਸੰਤ ਸਿੰਘ ਆਦਿ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ |
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ
ਅਜੀਤ ਡੈਸਕ
05-01-2026