ਜਗਰਾਉਂ, 6 ਜਨਵਰੀ (ਸ.ਰ.)-ਅੱਜ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋਂ ਪੰਜਾਬ ਭਰ ਦੇ ਡਿੱਪੂਆਂ 'ਤੇ ਗੇਟ ਰੈਲੀਆਂ ਕੀਤੀਆਂ ਗਈਆਂ, ਇਸ ਸਬੰਧੀ ਸੂਬਾ ਜੁਆਇੰਟ ਸਕੱਤਰ ਜਲੋਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਚੇ ਕਰਮਚਾਰੀ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਕਰਦੇ ਆ ਰਹੇ ਹਨ | ਸਮੇਂ-ਸਮੇਂ ਦੀਆਂ ਸਰਕਾਰਾਂ ਟਾਲ-ਮਟੋਲ ਦੀ ਨੀਤੀ ਅਪਣਾਉਂਦੀਆਂ ਰਹੀਆਂ ਹਨ, ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤ੍ਹਾ ਵਿਚ ਆਉਣ ਤੋਂ ਪਹਿਲਾਂ ਸਾਡੇ ਧਰਨਿਆਂ ਵਿਚ ਆ ਕੇ ਬੋਲਦੇ ਸੀ ਕਿ ਸਰਕਾਰਾਂ ਬਣਨ ਉਪਰੰਤ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ | ਵਿਭਾਗਾਂ ਨੂੰ ਪ੍ਰਫੁੱਲਿਤ ਕਰਾਂਗੇ ਤਾਂ ਪਨਬਸ ਪੀ.ਆਰ.ਟੀ.ਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਬੱਸਾਂ ਵਿਚ ਵੱਡੇ ਪੱਧਰ 'ਤੇ ਪ੍ਰਚਾਰ ਕਰਕੇ ਸਰਕਾਰ ਲਿਆਉਣ ਵਿਚ ਯੋਗਦਾਨ ਪਾਇਆ ਸੀ, ਪਰ ਚਾਰ ਸਾਲ ਬੀਤਣ ਦੇ ਬਾਵਜੂਦ ਇਕ ਵੀ ਕਰਮਚਾਰੀ ਪੱਕਾ ਨਹੀਂ ਕੀਤਾ ਗਿਆ, ਸਿਰਫ਼ ਲਾਰੇ 'ਤੇ ਲਾਰਾ ਲਾ ਕੇ ਡੰਗ ਟਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਅਨੇਕਾਂ ਮੀਟਿੰਗਾਂ ਅਤੇ ਮੁੱਖ ਮੰਤਰੀ ਨਾਲ ਵੀ ਤਿੰਨ ਮੀਟਿੰਗਾਂ ਹੋਈਆਂ ਹਨ, ਸਵਾਏ ਲਾਰਿਆ ਤੋਂ ਸਾਨੂੰ ਕੁਝ ਨਹੀਂ ਮਿਲਿਆ, ਸਗੋਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਸੰਘਰਸ਼ ਕਰਦੇ ਕਰਮਚਾਰੀਆਂ ਨੂੰ ਨਾਜਾਇਜ਼ ਪਰਚੇ ਪਾ ਕੇ 307 ਧਾਰਾ ਤਹਿਤ ਜੇਲ੍ਹਾਂ ਵਿਚ ਸੁੱਟਿਆ ਗਿਆ | ਡਿੱਪੂ ਪ੍ਰਧਾਨ ਸੋਹਣ ਸਿੰਘ ਨੇ ਬੋਲਦਿਆਂ ਕਿਹਾ ਕਿ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਨੂੰ ਲੈ ਕੇ ਵਿਭਾਗਾਂ ਦਾ ਨਿੱਜੀਕਰਨ ਦੀ ਲੜਾਈ ਵਿਰੁੱਧ ਕਰਮਚਾਰੀ ਸੰਘਰਸ਼ ਕਰ ਰਹੇ ਸੀ ਤਾਂ ਜਥੇਬੰਦੀ ਆਗੂਆਂ ਨੂੰ ਘਰਾਂ ਤੋਂ ਚੱਕ ਕੇ ਪੁਲਿਸ ਵਲੋਂ ਹਿਰਾਸਤ ਵਿਚ ਲੈਣ ਕਰਕੇ ਵਰਕਰਾਂ ਵਿਚ ਦਹਿਸ਼ਤ ਦਾ ਮਹੌਲ ਪੈਦਾ ਕੀਤਾ ਗਿਆ | ਵਰਕਰਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਵਲੋਂ ਧੱਕੇਸ਼ਾਹੀ ਕੀਤੀ ਗਈ ਅਤੇ 176 ਦੇ ਕਰੀਬ ਕਰਮਚਾਰੀਆਂ ਨੂੰ 5 ਦਿਨ ਬਿਨਾਂ ਕਾਰਨ ਜੇਲ੍ਹ ਵਿਚ ਬੰਦ ਕੀਤਾ ਗਿਆ ਅਤੇ 20 ਸਾਥੀਆਂ ਨੂੰ 307 ਤਹਿਤ ਜੇਲ੍ਹ ਵਿਚ ਡੱਕ ਦਿੱਤਾ ਗਿਆ | ਇਸ ਸਬੰਧੀ ਆਗੂਆਂ ਨੇ ਸਮੂਹ ਪੰਜਾਬ ਨਿਵਾਸੀਆਂ, ਵੱਖ ਵੱਖ ਸਮਾਜਿਕ ਜਥੇਬੰਦੀਆਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਸਟੂਡੈਂਟਸ ਅਤੇ ਜੁਝਾਰੂ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਟਰਾਂਸਪੋਰਟ ਨੂੰ ਬਚਾਉਣ ਲਈ ਅੱਗੇ ਆਉਣ | ਡਿੱਪੂ ਸੈਕਟਰੀ ਹਰਮਿੰਦਰ ਸਿੰਘ ਸਿੱਧੂ ਨੇ ਗੇਟ ਰੈਲੀ ਤੇ ਬੋਲਦਿਆਂ ਐਲਾਨ ਕੀਤਾ ਕਿ ਗੇਟ ਰੈਲੀ ਉਪਰੰਤ ਸਮੂਹ ਵਰਕਰ ਕਾਲੇ ਬਿੱਲੇ ਲਗਾ ਕੇ ਡਿਊਟੀਆਂ ਕਰਨਗੇ ਅਤੇ 9 ਜਨਵਰੀ ਨੂੰ ਸੰਗਰੂਰ ਬੱਸ ਸਟੈਂਡ ਵਿਖੇ ਸ਼ਾਂਤਮਈ ਭਾਰੀ ਵਿਸ਼ਾਲ ਕਨਵੈਨਸ਼ਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਇਸ ਸਮੇਂ ਜਗਰਾਉਂ ਡਿੱਪੂ ਦੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ |