29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਹਸਪਤਾਲਾਂ 'ਚ ਨਸ਼ਾ ਛੱਡਣ ਵਾਲੀ ਮਿਲ ਰਹੀ ਦਵਾਈ, ਹੁਣ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ 'ਤੇ ਭਾਰੂ ਪੈਣ ਲੱਗੀ ਹਸਪਤਾਲ ਵਿਚੋਂ ਮਿਲਣ ਵਾਲੀ ਇਸ ਦਵਾਈ ਦੇ ਕੁਝ ਦੁਕਾਨਾਂ ਤੋਂ ਮਿਲਣ ਦੇ ਹੋਏ ਖੁਲਾਸੇ

Ad Position 21
No active advertisement
ਅਜੀਤ ਡੈਸਕ 07-01-2026
ਸਿੱਧਵਾਂ ਬੇਟ, 6 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਮੌਜੂਦ 'ਓਟ' ਡਿੰਸਪੈਂਸਰੀਆਂ ਵਿਚ ਨਸ਼ਿਆਂ ਦੀ ਲੱਤ ਦਾ ਸ਼ਿਕਾਰ ਹੋਏ ਲੋਕਾਂ ਨੂੰ ਮਿਲਣ ਵਾਲੀ ਦਵਾਈ ਇਕ ਤਰ੍ਹਾਂ ਨਾਲ ਹੁਣ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ 'ਤੇ ਭਾਰੀ ਪੈਣ ਲੱਗੀ ਹੈ, ਕਿਉਂਕਿ ਇਸ ਦਵਾਈ ਦੇ ਹੁਣ ਸਥਾਨਕ ਸਿਵਲ ਹਸਪਤਾਲ ਨਜਦੀਕ ਹੀ ਕੁਝ ਦੁਕਾਨਾਂ ਤੋਂ ਬਲੈਕ ਵਿਚ ਮਿਲਣ ਦੇ ਖੁਲਾਸੇ ਹੋ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਕਾਂਗਰਸ ਸਰਕਾਰ ਸਮੇਂ ਹਸਪਤਾਲਾਂ ਵਿਚ 'ਓਟ' ਨਾਂਅ ਦੀਆਂ ਡਿੰਸਪੈਂਸਰੀਆਂ ਵਿਚ ਇਹ ਗੋਲੀਆਂ ਇਕ ਤਰ੍ਹਾਂ ਨਸ਼ਾ ਛੁਡਾਉਣ ਦੀ ਨੀਤੀ ਨਾਲ ਦੇਣੀਆਂ ਸ਼ੁਰੂ ਕੀਤੀਆਂ ਸਨ ਤਾਂ ਜੋ ਹੌਲੀ-ਹੌਲੀ ਨਸ਼ਿਆਂ ਦੀ ਲੱਤ ਦਾ ਸਿਕਾਰ ਹੋਏ ਲੋਕਾਂ ਦੀ ਗਿਣਤੀ ਨੂੰ ਘਟਾਇਆ ਜਾ ਸਕੇ, ਪਰ 'ਓਟ' ਤੋਂ ਹੁਣ ਨਸ਼ਾ ਛੁਡਾਊ ਕੇਂਦਰ ਬਣਿਆ ਹੁਣ ਨਸ਼ਾ ਵਧਾਊ ਕੇਂਦਰ ਬਣ ਕੇ ਰਹਿ ਗਿਆ ਹੈ | ਭਾਵੇਂ ਇਹ ਗੋਲੀ ਪੀਸ ਕੇ ਮੁਲਾਜ਼ਮਾਂ ਵਲੋਂ ਲੋੜਵੰਦ ਲੋਕਾਂ ਨੂੰ ਮੌਕੇ 'ਤੇ ਜੀਭ ਥੱਲੇ ਰੱਖੀ ਜਾਂਦੀ ਹੈ ਪਰ ਕਈ ਲੋਕ ਇਸ ਗੋਲੀ ਨੂੰ ਪੱਤਿਆਂ ਵਿਚ ਹੀ ਲੈ ਜਾਂਦੇ ਹਨ | ਇਹ ਵੀ ਸੂਚਨਾਂ ਮਿਲੀ ਹੈ ਹਸਪਤਾਲ ਦੇ ਕੁਝ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਇਸ ਦਵਾਈ ਨੂੰ ਹਸਪਤਾਲ ਲਾਗਲੀਆਂ ਕੁਝ ਦੁਕਾਨਾਂ ਵਿਚ ਸਪਲਾਈ ਕੀਤਾ ਜਾ ਰਿਹਾ ਹੈ ਅਤੇ ਇਹ ਅੱਗੇ ਨਸ਼ਿਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਮਹਿੰਗੇ ਭਾਅ ਵਿਚ ਦਿੱਤੀ ਜਾ ਰਹੀ ਹੈ | ਜਿਸ ਸਦਕਾ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ 'ਤੇ ਅਸਰ ਪੈ ਰਿਹਾ ਹੈ, ਕਿਉਂਕਿ ਨਸ਼ਾ ਲੈਣ ਵਾਲੇ ਲੋਕਾਂ ਦੀ ਗਿਣਤੀ ਘਟਣ ਦੀ ਬਜਾਏ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਅਤੇ ਇਸ ਦਾ ਫਾਇਦਾ ਵੀ ਕੁਝ ਲੋਕ ਉਠਾਉਣ ਲੱਗੇ ਹਨ | ਗੁਪਤ ਜਾਣਕਾਰੀ ਇਹ ਵੀ ਮਿਲੀ ਹੈ ਕਿ ਕੁਝ ਖੁਦਗਰਜ਼ ਮੁਲਾਜ਼ਮ ਉਨਾਂ ਆਈ.ਡੀ. ਵਾਲੇ ਮਰੀਜ਼ਾਂ ਦੀ ਦਵਾਈ ਦਾ ਸਟਾਕ ਵੀ ਬਾਹਰ ਕੱਢ ਲੈਂਦੇ ਹਨ ਜੋ ਕਿਤੇ ਹਸਪਤਾਲ ਵਿਚ ਦਵਾਈ ਲੈਣ ਨਹੀਂ ਆਉਦੇ | ਇਸ ਸੰਬੰਧੀ ਆਰ.ਟੀ.ਆਈ. ਰਾਹੀਂ ਵੀ ਵੱਡੇ ਖੁਲਾਸੇ ਸਾਹਮਣੇ ਆਏ ਹਨ | ਆਰ.ਟੀ.ਆਈ. ਤੋਂ ਮਿਲੇ ਅੰਕੜਿਆਂ ਅਨੁਸਾਰ ਜੇਕਰ ਜੁਲਾਈ 2025 ਤੋਂ ਅਕਤੂਬਰ 2025 ਤੱਕ ਦੀ ਗੱਲ ਕਰੀਏ ਤਾਂ ਸਿਰਫ਼ ਜੁਲਾਈ ਮਹੀਨੇ ਵਿੱਚ ਹੀ 9892 ਮਰੀਜ਼ ਹਸਪਤਾਲ ਵਿਚ ਦਵਾਈ ਖਾ ਕੇ ਗਏ ਅਤੇ 277 ਮਰੀਜ਼ ਘਰ ਦਵਾਈ ਲੈ ਕੇ ਗਏ | ਇਸੇ ਤਰਾਂ ਅਗਸਤ ਮਹੀਨੇ ਵਿਚ ਦਵਾਈ ਖਾਣ ਵਾਲੇ 10030 ਮਰੀਜ਼ ਅਤੇ ਘਰ ਲੈ ਕੇ ਜਾਣ ਵਾਲੇ ਮਰੀਜ਼ 216, ਸਤੰਬਰ ਮਹੀਨੇ ਵਿਚ ਦਵਾਈ ਖਾਣ ਵਾਲੇ ਮਰੀਜ 10329 ਮਰੀਜ਼ ਅਤੇ ਘਰ ਲੈ ਕੇ ਜਾਣ ਵਾਲੇ ਮਰੀਜ਼ 218 ਜਦਕਿ ਅਕਤੂਬਰ ਮਹੀਨੇ ਵਿਚ ਹਸਪਤਾਲ ਦੇ ਵਿੱਚ ਹੀ ਦਵਾਈ ਖਾਣ ਵਾਲੇ ਮਰੀਜ਼ਾਂ ਦੀ ਗਿਣਤੀ 9899 ਅਤੇ ਘਰ ਲਿਜਾਣ ਵਾਲੇ ਮਰੀਜ਼ਾਂ ਦੀ ਗਿਣਤੀ 247 ਦਰਸਾਈ ਗਈ ਹੈ | ਆਰ.ਟੀ.ਆਈ. ਵਿਚ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਦੀ ਮਾਤਰਾ ਵੀ ਦੱਸੀ ਗਈ ਹੈ | ਜਿਸ ਦੇ ਅੰਕੜੇ ਵੀ ਹੈਰਾਨ ਕਰਨ ਵਾਲੇ ਹਨ | ਦੂਜੇ ਪਾਸੇ ਜੇਕਰ ਵੇਖਿਆ ਜਾਵੇ ਤਾਂ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਐਣੀ ਗਿਣਤੀ ਕਦੀ ਵੀ ਵਿਖਾਈ ਨਹੀਂ ਦਿੱਤੀ, ਜਿਸ ਕਾਰਨ ਹਸਪਤਾਲ ਦੇ ਜਿੰਮੇਵਾਰ ਮੁਲਾਜ਼ਮਾਂ ਦੀ ਮਨਸ਼ਾ 'ਤੇ ਸਵਾਲੀਆਂ ਨਿਸ਼ਾਨ ਖੜ੍ਹੇ ਹੋ ਰਹੇ ਹਨ | ਇਸ ਸੰਬੰਧੀ ਜਦੋਂ ਨਸ਼ਿਆਂ ਦੀ ਲੱਤ ਦਾ ਸ਼ਿਕਾਰ ਹੋਏ ਲੋਕਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਦਵਾਈ ਸਾਨੂੰ ਹਸਪਤਾਲ ਤੋਂ ਬਾਹਰ ਵੀ ਸਹਿਜੇ ਹੀ ਮਿਲ ਜਾਂਦੀ ਹੈ | ਉਨ੍ਹਾਂ ਇਹ ਵੀ ਖੁਲਾਸਾ ਕੀਤਾ ਹਸਪਤਾਲ ਵਿਚ ਮਰੀਜ਼ਾਂ ਨੂੰ ਕਰਮਚਾਰੀ ਡੋਜ਼ ਦੇ ਹਿਸਾਬ ਨਾਲ ਦਵਾਈ ਕੁੱਟ ਕੇ ਪਰਚੀ 'ਤੇ ਪਾ ਕੇ ਫੜਾ ਦਿੰਦੇ ਹਨ ਉਪਰੰਤ ਕੁਝ ਮਰੀਜ਼ ਪੂਰੀ ਡੋਜ਼ ਖਾਣ ਦੀ ਬਜਾਏ ਇਸ ਨੂੰ ਬਾਹਰ ਲਿਆ ਕੇ ਵੇਚ ਦਿੰਦੇ ਹਨ ਜਿਨ੍ਹਾਂ ਪੈਸਿਆਂ ਨਾਲ ਉਹ ਆਪਣੀ ਮਨਮਰਜੀ ਅਨੁਸਾਰ ਹੋਰ ਨਸਾ ਕਰ ਲੈਂਦੇ ਹਨ | ਇਹ ਵੀ ਖੁਲਾਸਾ ਹੋਇਆ ਕਿ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 150 ਤੋਂ ਕਦੀ ਵੱਧ ਹੁੰਦੀ ਹੀ ਨਹੀਂ ਫਿਰ ਆਰ.ਟੀ.ਆਈ. ਵਿੱਚ ਕਿਸ ਹਿਸਾਬ ਨਾਲ ਸਿਰਫ਼ ਇਕ ਮਹੀਨੇ ਵਿਚ 10 ਹਜ਼ਾਰ ਦੀ ਗਿਣਤੀ ਦਾ ਐਨਾ ਵੱਡਾ ਖੁਲਾਸਾ ਕਿਵੇਂ ਕਰ ਦਿੱਤਾ | ਜੋ ਇਕ ਜਾਂਚ ਦਾ ਵਿਸ਼ਾ ਹੈ | ਇਸ ਸੰਬੰਧੀ ਜਦੋਂ ਸੀਨੀਅਰ ਸਿਹਤ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸਿਸ ਕੀਤੀ ਤਾਂ ਉਨਾਂ ਨਾਲ ਗੱਲ ਨਹੀਂ ਹੋ ਸਕੀ |
Ad Position 22
No active advertisement
ਪਿਛਲੀ ਖ਼ਬਰ ਮਜਦੂਰ ਨੇ ਕੀਤੀ ਆਤਮ ਹੱਤਿਆ ਅਗਲੀ ਖ਼ਬਰ ਕੇਂਦਰ ਅਤੇ ਸੂਬਾ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਨੂੰ ਲਾਗੂ ਨਹੀਂ ਹੋਣ ਦੇਵਾਂਗੇ-ਭੱਟੀਆਂ/ਬਾਣੀਏਵਾਲ ਬਿਜਲੀ ਐਕਟ...
Ad Position 24