ਸਿੱਧਵਾਂ ਬੇਟ, 24 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਆਜ਼ਾਦੀ ਦੇ 78 ਵਰ੍ਹੇ ਬੀਤ ਜਾਣ ਦੇ ਬਾਵਜੂਦ ਇਕ ਸਬ-ਤਹਿਸੀਲ ਦਾ ਦਰਜਾ ਹਾਸਲ ਕਰ ਚੁੱਕੇ ਕਸਬਾ ਸਿੱਧਵਾਂ ਬੇਟ ਨੂੰ ਟੁੱਟੀਆਂ ਸੜਕਾਂ ਅਤੇ ਗੰਦੇ ਪਾਣੀ ਨੇ ਚੁਫੇਰਿਉਂ ਘੇਰ ਰੱਖਿਆ ਹੈ ਅਤੇ ਹੁਣ ਇਸ ਤਰ੍ਹਾਂ ਮਲੂਮ ਹੋ ਰਿਹਾ ਹੈ ਜਿਵੇਂ ਇਹ ਸਾਰਾ ਦਿ੍ਸ਼ ਬਦਲਾਅ ਵਾਲੀ ਮਾਨ ਸਰਕਾਰ ਦੇ ਮੱਥੇ 'ਤੇ ਕਲੰਕ ਤੋਂ ਘੱਟ ਨਹੀਂ ਵਿਖਾਈ ਦੇ ਰਿਹਾ | ਜੇਕਰ ਪਹਿਲਾਂ ਟੁੱਟੀਆਂ ਸੜਕਾਂ ਦੀ ਗੱਲ ਕਰੀਏ ਤਾਂ ਸਿੱਧਵਾਂ ਬੇਟ ਤੋਂ ਦੱਖਣ ਵੱਲ ਜਗਰਾਉਂ, ਪੱਛਮ ਵੱਲ ਧਰਮਕੋਟ, ਉੱਤਰ ਵੱਲ ਨਕੋਦਰ ਅਤੇ ਪੂਰਬ ਵੱਲ ਲੁਧਿਅਣਾ ਨੂੰ ਜਾਣ ਵਾਲੀਆਂ ਸੜਕਾਂ ਨੂੰ ਵੇਖ ਕੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਇੰਨ੍ਹਾਂ ਸੜਕਾਂ ਵਿਚ ਟੋਏ ਨਹੀਂ ਸਗੋਂ ਇਹ ਸੜਕਾਂ ਹੀ ਟੋਇਆਂ ਵਿਚ ਬਣੀਆਂ ਹੋਈਆਂ ਹਨ | ਇੰਨ੍ਹਾਂ ਟੁੱਟੀਆਂ ਸੜਕਾਂ 'ਤੇ ਨਿੱਤ ਦਿਨ ਵਾਪਰਦੇ ਹਾਦਸੇ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਬਦਲਾਅ ਵਾਲੀ ਸਰਕਾਰ ਦੇ ਦਾਅਵੇ ਪੰਜਾਬੀ ਦੀ ਇਕ ਕਹਾਵਤ 'ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਵਿਖਾਉਣ ਨੂੰ ਹੋਰ' ਹਨ | ਕਿਉਂਕਿ ਇਹ ਸੜਕਾਂ ਪਿਛਲੇ ਚਾਰ ਸਾਲਾਂ ਤੋਂ ਹੀ ਅਜਿਹੀ ਹਾਲਤ ਵਿਚ ਹਨ ਅਤੇ ਲਗਤਾਰ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਆਉਣ ਦੇ ਬਾਵਜੂਦ ਵੀ ਸਰਕਾਰ ਸੁੱਤੀ ਹੋਈ ਵਿਖਾਈ ਦੇ ਰਹੀ ਹੈ | ਭਾਵੇਂ ਜਲੰਧਰ-ਜਗਰਾਉਂ ਵਾਲੀ ਸੜਕ 'ਤੇ ਪ੍ਰੀਮਕਸ ਪਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਇਸ ਸੜਕ 'ਤੇ ਦਰਿਆ ਸਤਲੁਜ ਨਜ਼ਦੀਕ ਬਣੇ ਟੋਲ ਕੋਲ ਧਰਨਾ ਲਗਾ ਕੇ ਇਸ ਨੂੰ ਫਰੀ ਕਰ ਦਿੱਤਾ ਸੀ ਪਰ ਟੋਲ ਕੰਪਨੀ ਰੋਹਨ-ਰਾਜਦੀਪ ਨੇ ਪ੍ਰੀਮਿਕਸ ਪਾਉਣ ਦੀ ਬਜਾਏ ਇੱਥੋਂ ਆਪਣਾ ਜੁੱਲੀ-ਬਿਸਤਾਰ ਚੁੱਕਣਾ ਹੀ ਠੀਕ ਸਮਝਿਆ ਪਰ ਇਸ ਉਪਰੰਤ ਵੀ ਸਰਕਾਰ ਨਾ ਜਾਗੀ | ਦੂਜੇ ਪਾਸੇ ਕਸਬੇ ਤੋਂ ਧਰਮਕੋਟ ਵਾਲੀ ਸੜਕ 'ਤੇ ਜਦੋਂ ਕੋਈ ਰਾਹਗੀਰ ਚੜ੍ਹਦਾ ਹੈ ਤਾਂ ਉਹ ਵਿਧਾਨ ਸਭਾ ਹਲਕਾ ਜਗਰਾਉਂ ਦੀ ਵਿਧਾਇਕਾ ਦੀ ਕਾਰਗੁਜ਼ਾਰੀ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੋਇਆ ਜਦੋਂ ਜ਼ਿਲ੍ਹਾ ਮੋਗਾ ਦੀ ਹੱਦ ਵਿਚ ਪਹੁੰਚਦਾ ਹੈ ਤਾਂ ਅੱਗੇ ਸ਼ੁਰੂ ਹੁੰਦੀ ਸੜਕ ਨੂੰ ਵੇਖਕੇ ਰੱਬ ਦਾ ਸ਼ੁਕਰ ਕਰਦਾ ਹੈ ਪਰ ਸਥਾਨਕ ਆਗੂਆਂ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ | ਦੂਜੇ ਪਾਸੇ ਕਸਬਾ ਸਿੱਧਵਾਂ ਬੇਟ ਤੋਂ ਲੁਧਿਆਣਾ ਜਾਣ ਵਾਲੀ ਅਤੇ ਵੱਡੇ ਟੋਇਆਂ ਵਾਲੀ ਸੜਕ 'ਤੇ ਲੰਘਣ ਵਾਲੇ ਰਾਹੀਗਰਾਂ ਨੂੰ ਕੁਝ ਰਾਹਤ ਦੇਣ ਲਈ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪੈਚ ਵਰਕ ਕਰਵਾਇਆ ਪਰ ਫਿਰ ਵੀ ਵਿਧਾਨ ਸਭਾ ਹਲਕਾ ਦਾਖਾ ਦਾ ਕਈ ਵੀ ਹਾਕਮ ਧਿਰ ਦਾ ਆਗੂ ਅੱਗੇ ਨਹੀਂ ਆਇਆ ਪਰ ਕਸਬਾ ਸਿੱਧਵਾਂ ਬੇਟ ਦੀ ਪੰਚਾਇਤ ਨੇ ਵੱਡੇ ਟੋਇਆਂ ਵਿਚ ਮਿੱਟੀ ਪਾ ਕੇ ਆਪਣਾ ਯੋਗਦਾਨ ਜ਼ਰੂਰ ਪਾਇਆ | ਹੁਣ ਜਾਣਕਾਰੀ ਮਿਲੀ ਹੈ ਕਿ ਇਸ ਸੜਕ ਨੂੰ ਚੌੜਿਆਂ ਕਰਨ ਦੀ ਬਜਾਏ 31 ਮਾਰਚ ਤੱਕ ਸਿਰਫ਼ ਪ੍ਰੀਮਿਕਸ ਪਾਉਣ ਦਾ ਟੈਂਡਰ ਪਾਇਆ ਹੋਇਆ ਹੈ | ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਆਖਿਆ ਕਿ ਮੈਂ ਆਪਣੀ ਜੇਬ੍ਹ ਵਿਚੋਂ ਕਰੀਬ 20 ਲੱਖ ਰੁਪਏ ਖਰਚ ਕਰਕੇ ਸੜਕ 'ਤੇ ਪਏ ਡੂੰਘੇ ਟੋਇਆਂ ਨੂੰ ਭਰਨ ਲਈ ਪੈਚ ਵਰਕ ਕਰਵਾਇਆ ਅਤੇ ਪੂਰੀ ਕੋਸ਼ਿਸ਼ ਕਰਕੇ ਲੋਕ ਨਿਰਮਾਣ ਵਿਭਾਗ ਨੂੰ ਇਸ ਸੜਕ 'ਤੇ ਪ੍ਰੀਮਿਕਸ ਪਵਾਉਣ ਦਾ ਟੈਂਡਰ ਪਾਸ ਕਰਵਾਇਆ | ਹੁਣ ਉਮੀਦ ਹੈ ਕਿ 31 ਮਾਰਚ ਤੱਕ ਇਸ 37 ਕਿਲੋਮੀਟਰ ਤੱਕ ਪ੍ਰੀਮਿਕਸ ਪੈ ਜਾਵੇਗਾ ਪਰ ਜੇਕਰ ਫਿਰ ਵੀ ਸਰਕਾਰ ਭੱਜਦੀ ਹੈ ਤਾਂ ਸਾਡਾ ਪਰਿਵਾਰ ਮੁੜ ਨਵੇਂ ਪੈ ਰਹੇ ਟੋਇਆਂ ਨੂੰ ਭਰਨ ਲਈ ਅੱਗੇ ਆਵੇਗਾ | ਇਸ ਸਬੰਧੀ ਜਦੋਂ ਸਬੰਧਿਤ ਜੇ.ਈ. ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ 31 ਮਾਰਚ ਤੱਕ ਇਸ ਸੜਕ 'ਤੇ ਪ੍ਰੀਮਿਕਸ ਪਾਉਣ ਦੀ ਗੱਲ ਆਖੀ |
ਕਸਬਾ ਸਿੱਧਵਾਂ ਬੇਟ ਨੂੰ ਟੁੱਟੀਆਂ ਸੜਕਾਂ ਅਤੇ ਗੰਦੇ ਪਾਣੀ ਨੇ ਚੁਫੇਰਿਓਾ ਘੇਰਿਆ
ਅਜੀਤ ਡੈਸਕ
25-01-2026