ਰਾਏਕੋਟ, 31 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਕਲਸੀਆਂ ਵਿਖੇ ਦਾਣਾ ਮੰਡੀ ਨਜ਼ਦੀਕ ਸਥਿਤ ਇਕ ਧਾਰਮਿਕ ਡੇਰੇ ਦੇ ਸੇਵਾਦਾਰ ਬਜ਼ੁਰਗ ਵਲੋਂ ਬਿਮਾਰੀ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਡੇਰੇ ਵਿਚ ਰਹਿੰਦਾ ਸੇਵਾਦਾਰ ਬਜ਼ੁਰਗ ਮੁਖਤਿਆਰ ਸਿੰਘ ਮੂਲ ਰੂਪ ਵਿਚ ਪਿੰਡ ਮਹੇਰਨਾ ਕਲਾਂ ਦਾ ਰਹਿਣ ਵਾਲਾ ਸੀ, ਜੋ ਹੁਣ ਡੇਰਾ ਕਲਸੀਆਂ ਵਿਖੇ ਰਹਿੰਦਾ ਸੀ | ਉਕਤ ਬਜ਼ੁਰਗ ਪਿਛਲੇ ਲੰਮੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ, ਜਿਸ ਦੇ ਚੱਲਦਿਆਂ ਉਸ ਵਲੋਂ ਖ਼ੌਫਨਾਕ ਕਦਮ ਉਠਾਇਆ ਗਿਆ | ਇਸ ਸੰਬੰਧੀ ਗੱਲਬਾਤ ਕਰਦਿਆਂ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ |