ਹੰਬੜਾਂ-ਧਾਰਮਿਕ ਬਿਰਤੀ ਦੇ ਮਾਲਕ ਤੇ ਬਹੁਤ ਹੀ ਨਿੱਘੇ ਸੁਭਾਅ ਵਜੋਂ ਜਾਣੇ ਜਾਂਦੇ ਅਤੇ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਸਰਦਾਰਨੀ ਪ੍ਰਕਾਸ਼ ਕੌਰ ਦਾ ਜਨਮ 15-12-1942 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਥਰੀਕੇ ਵਿਖੇ ਪਿਤਾ ਸ. ਬਚਨ ਸਿੰਘ ਦੇ ਘਰ ਮਾਤਾ ਗਿਆਨ ਕੌਰ ਦੀ ਕੁੱਖੋਂ ਹੋਇਆ | ਆਪ ਨੇ ਮੁੱਢਲੀ ਪੜ੍ਹਾਈ ਪਿੰਡ ਥਰੀਕੇ ਤੋਂ ਕੀਤੀ ਤੇ ਘਰੇਲੂ ਕੰਮਾਂ 'ਚ ਨਿਪੁੰਨ ਪ੍ਰਕਾਸ਼ ਕੌਰ ਦਾ ਵਿਆਹ 1958 ਵਿਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹੰਬੜਾਂ ਦੇ ਨਾਮਵਰ ਹੀਰਾ ਪਰਿਵਾਰ 'ਚ ਸਰਦਾਰ ਗੁਰਨਾਮ ਸਿੰਘ ਹੀਰਾ ਦੇ ਸਪੁੱਤਰ ਸਰਦਾਰ ਜਗਤਾਰ ਸਿੰਘ ਹੀਰਾ ਨਾਲ ਹੋਇਆ | ਹੀਰਾ ਪਰਿਵਾਰ ਜਿੱਥੇ ਖੇਤੀਬਾੜੀ ਧੰਦੇ ਨਾਲ ਜੁੜਿਆ ਹੋਇਆ ਸੀ, ਉੱਥੇ ਪ੍ਰਕਾਸ਼ ਕੌਰ ਵਲੋਂ ਆਪਣੇ ਸਹੁਰਾ ਪਰਿਵਾਰ ਨਾਲ ਖੇਤੀਬਾੜੀ ਧੰਦੇ 'ਚ ਹੱਥ ਵਟਾਉਂਦਿਆਂ ਪਤੀ ਸਰਦਾਰ ਜਗਤਾਰ ਸਿੰਘ ਸਮੇਤ ਪਰਿਵਾਰ ਦੀ ਤਰੱਕੀ 'ਚ ਵੱਡਾ ਯੋਗਦਾਨ ਪਾਇਆ | ਆਪ ਨੇ ਆਪਣੇ ਪਤੀ ਨਾਲ ਘਰੇਲੂ ਕੰਮਾਂ ਸਮੇਤ ਖੇਤੀਬਾੜੀ ਧੰਦੇ 'ਚ ਹਮੇਸ਼ਾਂ ਪੂਰਾ ਸਾਥ ਦਿੱਤਾ ਤੇ ਪਰਿਵਾਰ ਨੂੰ ਅਗਾਂਹਵਧੂ ਪਰਿਵਾਰ ਵਜੋਂ ਪਛਾਣ ਦਿਵਾਉਣ 'ਚ ਆਪ ਦਾ ਵੱਡਾ ਹੱਥ ਰਿਹਾ | ਆਪ ਜਿੱਥੇ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ, ਉੱਥੇ ਅਗਾਂਹਵਧੂ ਸੋਚ ਦੇ ਧਾਰਨੀ ਸਨ ਤੇ ਹਮੇਸ਼ਾਂ ਆਪਣੀ ਮਿਹਨਤ ਸਦਕਾ ਅੱਗੇ ਵਧਣ ਦਾ ਹੌਂਸਲਾ ਰੱਖਦੇ ਸਨ ਤੇ ਆਪ ਦੇ ਸਾਥ ਸਦਕਾ ਆਪ ਦੇ ਪਤੀ ਜਗਤਾਰ ਸਿੰਘ ਹੀਰਾ ਆਪਣੇ ਪਰਿਵਾਰ ਨੂੰ ਆਰਥਿਕ ਪੱਖੋਂ ਉੱਪਰ ਚੁੱਕਣ ਲਈ ਵਿਦੇਸ਼ ਚਲੇ ਗਏ, ਜਿੱਥੇ ਲੰਮਾਂ ਸਮਾਂ ਆਪ ਨੇ ਡਰਾਈਵਰੀ ਧੰਦੇ ਰਾਹੀਂ ਮਿਹਨਤ ਕਰਦਿਆਂ ਪਰਿਵਾਰ ਨੂੰ ਤਰੱਕੀ ਦੀਆਂ ਲੀਹਾਂ 'ਤੇ ਤੋਰਿਆ | ਆਪ ਦੇ ਘਰ ਬੇਟੀ ਤੇ ਬੇਟੇ ਨੇ ਜਨਮ ਲਿਆ | ਜਿੰਨ੍ਹਾਂ ਨੂੰ ਪੜ੍ਹਾਉਣ ਦੇ ਨਾਲ ਉਨ੍ਹਾਂ ਨੂੰ ਤਰੱਕੀ ਦੇ ਰਾਹ ਤੋਰਨ ਲਈ ਬੇਟੀ ਬਲਵਿੰਦਰ ਕੌਰ ਦਾ ਰਿਸ਼ਤਾ ਚੰਗੇ ਪਰਿਵਾਰ ਨਾਲ ਜੋੜਦਿਆਂ ਅਮਰੀਕਾ ਸੈਟਲਡ ਕੀਤਾ, ਉੱਥੇ ਬੇਟਾ ਸੰਤੋਖ ਸਿੰਘ ਹੀਰਾ ਨੂੰ ਡਾਕਟਰ ਬਣਾ ਕੇ ਉੱਚ ਮੁਕਾਮ 'ਤੇ ਪਹੁੰਚਾਉਣ 'ਚ ਆਪ ਦਾ ਵੱਡਾ ਹੱਥ ਰਿਹਾ ਤੇ ਅੱਜ ਆਪ ਦੇ ਸਪੁੱਤਰ ਡਾ. ਸੰਤੋਖ ਸਿੰਘ ਹੀਰਾ ਕਸਬਾ ਹੰਬੜਾਂ 'ਚ ਪ੍ਰੀਤ ਨਰਸਿੰਗ ਹੋਮ (ਹਸਪਤਾਲ) 'ਤੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੰਦੇ ਹੋਏ ਲੋਕ ਸੇਵਾ ਨੂੰ ਸਮਰਪਿਤ ਹਨ | ਆਪ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ, ਜਿੱਥੇ ਆਪ ਦਾ ਸਪੁੱਤਰ ਸੰਤੋਖ ਸਿੰਘ ਹੀਰਾ ਡਾਕਟਰੀ ਕਿੱਤੇ ਨਾਲ ਜੁੜਿਆ, ਉੱਥੇ ਨੂੰ ਹ ਕਰਮਜੀਤ ਕੌਰ ਬਤੌਰ ਫਾਰਮਾਸਿਸਟ ਅਫ਼ਸਰ ਵਜੋਂ ਸੇਵਾ ਮੁਕਤ ਹੋਏ ਤੇ ਆਪ ਦਾ ਪੋਤਰਾ ਤਰਨਜੋਤ ਸਿੰਘ ਆਈ.ਏ.ਐੱਸ. ਅਧਿਕਾਰੀ ਬਣ ਕੇ ਅੱਜ ਬਤੌਰ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾਉਂਦਾ ਹੋਇਆ ਹੀਰਾ ਪਰਿਵਾਰ ਦਾ ਨਾਂਅ ਚਮਕਾ ਰਿਹਾ ਹੈ ਤੇ ਆਪ ਦੀ ਪੋਤਰੀ ਡਾ. ਪ੍ਰਭਜੋਤ ਕੌਰ ਪ੍ਰੀਤ ਨਰਸਿੰਗ ਹੋਮ ਸਿੱਧਵਾਂ ਬੇਟ ਵਿਖੇ ਲੋਕ ਸੇਵਾ ਨੂੰ ਸਮਰਪਿਤ ਹਨ | ਮਾਤਾ ਪ੍ਰਕਾਸ਼ ਕੌਰ ਦੇ ਅੰਤ ਸਮੇਂ ਜਿੱਥੇ ਸਪੁੱਤਰ ਸੰਤੋਖ ਸਿੰਘ ਹੀਰਾ, ਨੂੰ ਹ ਡਾ. ਕਰਮਜੀਤ ਕੌਰ ਵਲੋਂ ਸੇਵਾ ਕਰਦਿਆਂ ਉਨ੍ਹਾਂ ਨੂੰ ਕਿਸੇ ਕਿਸਮ ਦੀ ਤਕਲੀਫ਼ ਨਾ ਹੋਣ ਦਿੱਤੀ ਤੇ 29 ਜਨਵਰੀ 2026 ਨੂੰ ਮਾਤਾ ਪ੍ਰਕਾਸ਼ ਕੌਰ ਪ੍ਰਮਾਤਮਾ ਵਲੋਂ ਬਖਸ਼ੀ ਸਵਾਸੀ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਮਾਤਾ ਪ੍ਰਕਾਸ਼ ਕੌਰ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਅੱਜ 3 ਫਰਵਰੀ, ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਲੁਧਿਆਣਾ ਵਿਖੇ 12 ਤੋਂ 1 ਵਜੇ ਤੱਕ ਹੋ ਰਹੀ ਹੈ, ਜਿੱਥੇ ਵੱਖ-ਵੱਖ ਧਾਰਮਿਕ ਤੇ ਰਾਜਨੀਤਿਕ ਆਗੂ ਉਨ੍ਹਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨਗੇ | -ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ