ਰਾਏਕੋਟ, 3 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਗੰਗਾਸਾਗਰ ਸਾਹਿਬ ਪਾਤਿਸ਼ਾਹੀ 10ਵੀਂ ਪਿੰਡ ਤਲਵੰਡੀ ਰਾਏ ਵਿਖੇ ਬਲਵਿੰਦਰ ਸਿੰਘ ਢਿੱਲੋਂ ਯੂ.ਕੇ, ਬਲਵੀਰ ਸਿੰਘ ਯੂ.ਕੇ. ਦੇ ਉਪਰਾਲੇ ਸਦਕਾ ਐੱਨ.ਆਰ.ਆਈ ਪਰਿਵਾਰਾਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਸ਼ ਸਿੰਘ ਢਿੱਲੋਂ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਹ ਕੈਂਪ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ 15 ਫਰਵਰੀ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਪਿੰਡ ਤਲਵੰਡੀ ਰਾਏ ਦੇ ਗੁਰਦੁਆਰਾ ਗੰਗਾਸਾਗਰ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ | ਇਸ ਕੈਂਪ ਦੌਰਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੇ ਅੱਖਾਂ ਦੇ ਮਾਹਿਰ ਡਾ: ਕਪਲਮੀਤ ਸਿੰਘ, ਡਾ: ਨਵਨੀਤ ਗਰਗ ਤੇ ਡਾ: ਅਮਨਦੀਪ ਬੇਦੀ ਦੀ ਟੀਮ ਵਲੋਂ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਜਾਵੇਗਾ | ਕੈਂਪ ਦੌਰਾਨ ਮਰੀਜ਼ਾਂ ਦੇ ਟੈਸਟ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ |