ਜਗਰਾਉਂ, 4 ਫਰਵਰੀ (ਗੁਰਦੀਪ ਸਿੰਘ ਮਲਕ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸੀ ਆਈ ਏ ਸਟਾਫ਼ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਇਕ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰ ਗਰੋਗ ਦੇ 4 ਮੈਂਬਰਾਂ ਨੂੰ ਕਰੌੜਾਂ ਰੁਪਏ ਮੁੱਲ ਦੀ 3 ਕਿੱਲੋ ਤੋਂ ਵੱਧ ਮਾਤਰਾਂ 'ਚ ਹੈਰੋਇਨ, ਹੈਰੋਇਨ ਵੇਚ ਕੇ ਕਮਾਈ ਹਜ਼ਾਰਾਂ ਰੁਪਏ ਦੀ ਡਰੱਗ ਮਨੀ ਅਤੇ ਇਕ ਪਿਸਟਲ ਸਮੇਤ ਕਾਬੂ ਕਰਕੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਡਾ. ਅੰਕੁਰ ਗੁਪਤਾ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੀ.ਆਈ.ਏ ਸਟਾਫ਼ ਦੇ ਮੁਖੀ ਅੰਮਿ੍ਤਪਾਲ ਸਿੰਘ ਦੀ ਅਗਵਾਈ 'ਚ ਪੁਲਿਸ ਨੇ ਟੀਮ ਨਸ਼ਾ ਤਸਕਰ ਗਿਰੋਹ ਨੂੰ ਕਾਬੂ ਕਰਕੇ ਲੁਧਿਆਣਾ ਦਿਹਾਤੀ 'ਚ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਟਾਫ਼ ਦੇ ਥਾਣੇਦਾਰ ਸੁਖਦੇਵ ਸਿੰਘ ਪੁਲਿਸ ਪਾਰਟੀ ਨਾਲ ਰਾਏਕੋਟ ਖੇਤਰ 'ਚ ਗਸ਼ਤ ਕਰ ਰਹੇ ਸਨ | ਜਿਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਇਕ ਚਿੱਟੇ ਰੰਗ ਦੀ ਸਵਿੱਫ਼ਟ ਕਾਰ 'ਚ ਜਸਵਿੰਦਰ ਸਿੰਘ ਉਰਫ਼ ਜੱਸਾ ਉਰਫ਼ ਬੌਬੀ ਪੁੱਤਰ ਰਾਜਿੰਦਰਪਾਲ ਸਿੰਘ ਵਾਸੀ ਐਤੀਆਣਾ, ਪਿ੍ੰਸ ਪੁੱਤਰ ਰਵੀ ਕੁਮਾਰ ਵਾਸੀ ਕਰਨੈਲ ਗੇਟ ਜਗਰਾਉਂ, ਰਾਹੁਲ ਉਰਫ਼ ਦੇਵ ਕੁਮਾਰ ਪੁੱਤਰ ਮਨੋਜ ਕੁਮਾਰ ਵਾਸੀ ਕੱਚਾ ਮਲਕ ਰੋਡ ਜਗਰਾਉਂ ਅਤੇ ਹਸਪ੍ਰੀਤ ਸਿੰਘ ਉਰਫ਼ ਮੱਪਾ ਪੁੱਤਰ ਜਸਵੀਰ ਸਿੰਘ ਵਾਸੀ ਮੁਹੱਲਾ ਨਿਊ ਆਬਾਦੀ ਅਟਾਰੀ ਅੰਮਿ੍ਤਸਰ ਇਹ ਚਾਰੇ ਦੋਸੀ ਜੋ ਵੱਡੇ ਪੱਧਰ 'ਤੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ, ਉਹ ਪਿੰਡ ਨੂਰਪੁਰਾ ਤੋਂ ਤਲਵੰਡੀ ਰਾਏ ਪਿੰਡ ਵੱਲ ਹੈਰੋਇਨ ਦੀ ਵੱਡੀ ਖੇਪ ਸਪਲਾਈ ਕਰਨ ਲਈ ਆ ਰਹੇ ਹਨ | ਜਿਸ 'ਤੇ ਤੁਰੰਤ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਸਵਿੱਫ਼ਟ ਕਾਰ ਨੰਬਰ ਪੀ.ਬੀ. 56 ਈ 9154 ਨੂੰ ਰੋਕ ਲਿਆ | ਜਿਸ 'ਚ ਸਵਾਰਾਂ ਉਰੋਕਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 3 ਕਿੱਲੋਂ 34 ਗ੍ਰਾਮ ਹੈਰੋਇਨ 30 ਹਜ਼ਾਰ ਰੁਪਏ ਦੀ ਡਰੱਗ ਮਨੀ, ਇਕ 32 ਬੋਰ ਦਾ ਪਿਸਟਲ ਸਮੇਤ ਮੈਗਜੀਨ ਅਤੇ 2 ਜਿੰਦਾ ਕਾਰਤੂਸ ਬਰਾਮਦ ਕੀਤੇ | ਦੋਸੀਆਂ ਖ਼ਿਲਾਫ਼ ਪੁਲਿਸ ਥਾਣਾ ਰਾਏਕੋਟ 'ਚ ਮਾਮਲਾ ਦਰਜ ਕਰਕੇ ਦੋਸੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਐੱਸ.ਐੱਸ.ਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਕਾਬੂ ਕੀਤੇ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਪਾਕਿਸਤਾਨ 'ਚੋਂ ਹੈਰੋਇਨ ਦੀਆਂ ਖੇਪਾ ਲਿਆ ਕੇ ਜਗਰਾਉਂ ਰਾਏਕੋਟ ਮੁੱਲਾਂਪੁਰ ਦਾਖਾ ਆਦਿ ਖੇਤਰ 'ਚ ਸਪਲਾਈ ਕਰਦੇ ਸਨ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਸੀ ਜਸਵਿੰਦਰ ਸਿੰਘ ਉਰਫ਼ ਜੱਸਾ ਬੌਬੀ ਖ਼ਿਲਾਫ਼ ਪਹਿਲਾ ਹੀ ਵੱਖ-ਵੱਖ ਪੁਲਿਸ ਥਾਣਿਆਂ 'ਚ 6 ਮੁਕਾਦਮੇ ਸਰਜ ਹਨ ਅਤੇ ਦੇਵ ਉਰਫ਼ ਰਾਹੁਲ ਖਿਲਾਫ਼ ਵੀ ਇਕ ਹੈਰੋਇਨ ਤਸਕਰੀ ਦਾ ਮੁਕੱਦਮਾ ਦਰਜ ਹੈ | ਐੱਸ.ਐੱਸ.ਪੀ ਨੇ ਦੱਸਿਆ ਕਿ ਇਹ ਸੀ.ਆਈ.ਏ ਸਟਾਫ਼ ਦੀ ਬਹੁਤ ਵੱਡੀ ਕਾਮਯਾਬੀ ਹੈ |