ਸਫਾਰੀ ਗੱਡੀ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਕਾਰਨ ਪਿੰਡ ਸਦਰਪੁਰਾ ਦੇ ਦੋ ਨੌਜਵਾਨਾਂ ਦੀ ਮੌਤ
ਅਜੀਤ ਡੈਸਕ
05-02-2026
ਮਿ੍ਤਕਾਂ ਵਿਚੋਂ ਇਕ ਨੌਜਵਾਨ ਤਿੰਨ ਮਾਸੂਮ ਬੇਟੀਆਂ ਦਾ ਸੀ ਬਾਪ, ਵਿਦੇਸ਼ੋਂ ਪਰਤੇ ਦੂਜੇ ਮਿ੍ਤਕ ਨੌਜਵਾਨ ਦੀ ਹੋਈ ਸੀ ਅਜੇ ਮੰਗਣੀ
ਸਿੱਧਵਾਂ ਬੇਟ, 4 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਅੱਜ ਸ਼ਾਮ ਸਿੱਧਵਾਂ ਬੇਟ-ਜਗਰਾਉਂ ਸੜਕ 'ਤੇ ਸਫਾਰੀ ਗੱਡੀ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਦੀ ਮੌਕੇ ਹੀ ਬਹੁਤ ਦਰਦਨਾਕ ਤਰੀਕੇ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ | ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਸਦਰਪੁਰਾ ਦਾ ਤਿੰਨ ਮਸੂਮ ਬੇਟੀਆਂ ਦਾ ਪਿਤਾ ਤੇ ਲੱਕੜ ਦਾ ਮਿਸਤਰੀ ਬਲਰਾਜ ਸਿੰਘ (35) ਪੁੱਤਰ ਨਰੰਜਣ ਸਿੰਘ ਅਤੇ ਕੁਝ ਸਮਾਂ ਪਹਿਲਾਂ ਵਿਦੇਸ਼ੋਂ ਪਰਤਿਆ ਕਰੀਬ 26 ਸਾਲਾ ਕਿ੍ਸ਼ਨ ਸਿੰਘ ਪੁੱਤਰ ਸਵ: ਨਿਰਮਲ ਸਿੰਘ ਸਦਰਪੁਰਾ ਆਪਣੇ ਮੋਟਰਸਾਈਕਲ ਪੀ.ਬੀ.10 ਐਫ.ਜੈੱਡ-3179 ਪਰ ਸਵਾਰ ਹੋ ਕੇ ਜਗਰਾਉਂ ਵੱਲ ਨੂੰ ਜਾ ਰਹੇ ਸੀ ਅਜੇ ਉਹ ਆਪਣੇ ਘਰਾਂ ਤੋਂ ਮਹਿਜ ਕਰੀਬ ਤਿੰਨ ਮੀਲ ਦੀ ਦੂਰੀ 'ਤੇ ਹੀ ਗਏ ਸੀ ਤਾਂ ਪਿੰਡ ਲੀਲਾਂ ਮੇਘ ਦੇ ਨਜ਼ਦੀਕ ਉਨ੍ਹਾਂ ਦਾ ਮੋਟਰਸਾਈਕਲ ਜਗਰਾਉਂ ਵਾਲੇ ਪਾਸੇ ਤੋਂ ਪੂਰੀ ਸਪੀਡ ਨਾਲ ਆ ਰਹੀ ਇਕ ਸਫਾਰੀ ਗੱਡੀ ਪੀ.ਬੀ.07 ਬੀ.ਟੀ.5734 ਨਾਲ ਜਾ ਟਕਰਾਇਆ | ਹਾਦਸਾ ਐਨਾ ਭਿਆਨਕ ਸੀ ਕਿ ਜਿੱਥੇ ਦੋਹਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕਾਂ ਦਾ ਮੋਟਰਸਾਈਕਲ ਵੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ | ਸੂਤਰਾਂ ਅਨੁਸਾਰ ਦੁਆਬੇ ਦੇ ਪਿੰਡ ਖੀਵਾ ਨਾਲ ਸੰਬੰਧਿਤ ਸਫਾਰੀ ਗੱਡੀ ਵਿੱਚ ਪੂਰਾ ਪਰਿਵਾਰ ਇਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਿਹਾ ਸੀ | ਇਹ ਘਟਨਾ ਕਿਵੇਂ ਵਾਪਰੀ ਜਾਂ ਕਿਸ ਦਾ ਕਸੂਰ ਸੀ | ਇਸ ਬਾਰੇ ਤਾਂ ਪਤਾ ਨਹੀਂ ਲੱਗ ਸਕਿਆ, ਪਰ ਇਸ ਦਰਦਨਾਕ ਹਾਦਸੇ ਨੇ ਦੋ ਘਰਾਂ ਦੇ ਚਿਰਾਗ ਬੁਝਾ ਕੇ ਰੱਖ ਦਿੱਤੇ | ਘਟਨਾ ਦਾ ਪਤਾ ਲੱਗਣ 'ਤੇ ਜਿੱਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਉੱਥੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਮੌਕੇ 'ਤੇ ਜਾ ਕੇ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪਤਾ ਲੱਗਾ ਹੈ ਕਿ ਸਫਾਰੀ ਗੱਡੀ ਦਾ ਡਰਾਈਵਰ ਅਤੇ ਦੂਜੇ ਪਰਿਵਾਰਿਕ ਮੈਂਬਰ ਪਿੱਛੇ ਆ ਰਹੀ ਕੋਈ ਹੋਰ ਗੱਡੀ ਵਿਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ |