ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਗੋਂਦਵਾਲ ਦੇ ਪਸ਼ੂ ਪਾਲਕ ਡਾ. ਗੁਰਪ੍ਰੀਤ ਸਿੰਘ ਸਿੱਧੂ ਨੂੰ ਪੀ.ਡੀ.ਐੱਫ.ਏ ਪਸ਼ੂ ਮੇਲਾ ਜਗਰਾਉਂ ਵਿਚ ਮਾਣਮੱਤੀ ਪ੍ਰਾਪਤੀ ਕਰਨ 'ਤੇ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਗ੍ਰਾਮ ਪੰਚਾਇਤ ਗੋਂਦਵਾਲ ਵਲੋਂ ਡਾ. ਗੁਰਪ੍ਰੀਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਪਿਤਾ ਦਾਰਾ ਸਿੰਘ ਸਿੱਧੂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਨੇ ਆਖਿਆ ਕਿ ਡਾ. ਗੁਰਪ੍ਰੀਤ ਸਿੰਘ ਸਿੱਧੂ ਵਲੋਂ ਲਗਾਤਾਰ ਪਸ਼ੂ ਮੇਲਿਆਂ ਵਿਚੋਂ ਸ਼ਾਨਦਾਰ ਪ੍ਰਾਪਤੀਆਂ ਕਰਕੇ ਨਗਰ ਗੋਂਦਵਾਲ ਤੇ ਰਾਏਕੋਟ ਇਲਾਕੇ ਦੇ ਨਾਂਅ ਰੌਸ਼ਨ ਕੀਤਾ ਹੈ | ਜਿਸ ਬਦਲੇ ਅੱਜ ਗ੍ਰਾਮ ਪੰਚਾਇਤ ਗੋਂਦਵਾਲ ਵਲੋਂ ਸਰਪੰਚ ਬਲਦੇਵ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਡਾ. ਗੁਰਪ੍ਰੀਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਪਿਤਾ ਦਾਰਾ ਸਿੰਘ ਸਿੱਧੂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਪਸੰਦੀਦੇ ਕਿੱਤੇ ਵਿਚ ਆਪਣਾ ਨਾਮ ਚਮਕਾਉਣ ਅਤੇ ਮੱਲਾਂ ਮਾਰਕੇ ਆਪਣੇ ਮਾਪਿਆਂ ਤੇ ਪਿੰਡ ਦਾ ਨਾਂਅ ਦੁਨੀਆਂ ਭਰ 'ਚ ਰੌਸ਼ਨ ਕਰਨ | ਜ਼ਿਕਰਯੋਗ ਹੈ ਕਿ ਡਾ. ਗੁਰਪ੍ਰੀਤ ਸਿੰਘ ਸਿੱਧੂ ਵਲੋਂ ਆਪਣੇ ਡੇਅਰੀ ਫਾਰਮ ਵਿਚ ਚੰਗੀ ਨਸਲ ਤੇ ਕੁਆਲਿਟੀ ਦੇ ਦੁਧਾਰੂ ਪਸ਼ੂ ਸ਼ਾਮਿਲ ਕੀਤੇ ਗਏ ਹਨ, ਜਿੰਨ੍ਹਾਂ ਉੱਚ ਕੋਟੀ ਨਸਲਾਂ ਦੇ ਦੁਧਾਰੂ ਪਸ਼ੂਆਂ ਨੂੰ ਉਨ੍ਹਾਂ ਵਲੋਂ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ 'ਤੇ ਲਗਾਏ ਜਾਂਦੇ ਪਸ਼ੂ ਧਨ ਮੇਲਿਆਂ ਵਿਚ ਲਿਜਾਇਆ ਜਾਂਦਾ ਹੈ, ਜਿੱਥੇ ਉਨ੍ਹਾਂ ਦੇ ਪਸ਼ੂ ਮੇਲਿਆਂ ਦਾ ਸ਼ਿੰਗਾਰ ਬਣਦੇ ਹਨ | ਇਸੇ ਤਰ੍ਹਾਂ ਡੀ.ਐੱਫ.ਏ ਇੰਟਰਨੈਸ਼ਨਲ ਡੇਅਰੀ ਅਤੇ ਐਗਰੋ ਵਲੋਂ ਆਪਣਾ 7ਵਾਂ ਤਿੰਨ ਦਿਨਾਂ ਪਸ਼ੂ ਧਨ ਮੇਲਾ ਕੁਰਕੂਸ਼ੇਤਰ (ਹਰਿਆਣਾ) ਵਿਖੇ ਲਗਾਇਆ ਗਿਆ ਸੀ, ਜਿੱਥੇ ਡਾ. ਗੁਰਪ੍ਰੀਤ ਸਿੰਘ ਸਿੱਧੂ ਵਲੋਂ ਆਪਣੀ ਗਾਂ 'ਉਮੀਦ' ਸਮੇਤ ਇਸ ਮੇਲੇ ਵਿਚ ਭਾਗ ਲਿਆ ਗਿਆ, ਜਿੱਥੇ ਗਾਂ 'ਉਮੀਦ' ਵਲੋਂ ਚੰਗੀ ਨਸਲ ਤੇ ਕੁਆਲਿਟੀ ਵਰਗ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਇੰਟਰਨੈਸ਼ਨਲ ਪੱਧਰ ਦੀਆਂ ਨਿਰੀਖਕ ਟੀਮਾਂ ਅੱਗੇ ਆਪਣਾ ਪ੍ਰਭਾਵ ਦਿਖਾਇਆ | ਜਿਸ ਬਦਲੇ ਇੰਟਰਨੈਸ਼ਨਲ ਪਸ਼ੂ-ਧਨ ਮੇਲੇ ਵਿਚ ਗਾਂ 'ਉਮੀਦ' ਨੇ ਤੀਜਾ ਸਥਾਨ ਪ੍ਰਾਪਤ ਕਰਕੇ ਪ੍ਰਸਿੱਧੀ ਖੱਟੀ ਅਤੇ ਨਗਦ ਇਨਾਮ ਸਮੇਤ ਸਨਮਾਨ ਚਿੰਨ੍ਹ ਪ੍ਰਾਪਤ ਕੀਤੇ | ਇਸ ਤੋਂ ਬਾਅਦ ਪਿਛਲੇ ਦਿਨੀਂ ਪੀ.ਡੀ.ਐੱਫ.ਏ ਪਸ਼ੂ ਮੇਲਾ ਜਗਰਾਉਂ ਵਿਚ ਉਨ੍ਹਾਂ ਦੀ ਗਾਂ ਵੱਲੋਂ ਚੰਗੀ ਨਸਲ ਕੁਆਲਿਟੀ ਵਰਗ ਵਿਚ ਪਹਿਲਾਂ ਸਥਾਨ ਹਾਸਲ ਕਰਕੇ ਨਾਮਣਾ ਖੱਟਿਆ ਹੈ | ਇਸ ਮੌਕੇ ਸੂਬੇਦਾਰ ਗੁਰਨਾਮ ਸਿੰਘ ਨਾਹਰ, ਕੈਪਟਨ ਅਮਰ ਸਿੰਘ, ਸੁਖਦਰਸ਼ਨ ਸਿੰਘ, ਦਵਿੰਦਰ ਸਿੰਘ ਪੰਚ, ਸਤਨਾਮ ਸਿੰਘ ਆਦਿ ਹਾਜ਼ਰ ਸਨ |