ਜਗਰਾਉਂ, 22 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)- ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਫ਼ੁੱਲਿਤ ਕਰਨ ਦੇ ਮਨੋਰਥ ਨਾਲ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਸਬੰਧ ਵਿਚ ਵੱਖ ਵੱਖ ਉਮਾਰ ਦੇ ਬੱਚਿਆਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | ਜਿਸ ਵਿਚ 111 ਬੱਚੇ-ਬੱਚੀਆਂ ਤੇ ਨੌਜਵਾਨਾਂ ਨੇ ਭਾਗ ਲਿਆ | ਇਸ ਮੌਕੇ ਸਿੱਖ ਬੁੱਧੀਜੀਵੀ ਪ੍ਰੋਫ਼ੈਸਰ ਮਹਿੰਦਰ ਸਿੰਘ ਜੱਸਲ ਨੇ ਆਖਿਆ ਕਿ ਭਾਵੇਂ ਸਰਕਾਰਾਂ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਿਤ ਲਈ ਯਤਨ ਕਰਦੀਆਂ ਰਹਿੰਦੀਆਂ ਹਨ, ਪਰ ਜਦੋਂ ਤੱਕ ਸਾਡੇ ਅੰਦਰ ਆਪਣੀ ਮਾਂ ਬੋਲੀ ਨਾਲ ਪਿਆਰ ਨਹੀਂ, ਉਨਾ ਚਿਰ ਮਾਂ ਬੋਲੀ ਦੀ ਚੜ੍ਹਦੀ ਕਲਾ ਵਿਚ ਰੁਕਾਵਟ ਰਹੇਗੀ | ਇਸ ਮੌਕੇ ਮਾ. ਅਵਤਾਰ ਸਿੰਘ ਨੇ ਆਖਿਆ ਕਿ ਭਾਵੇਂ ਸਾਰੀਆਂ ਭਾਸ਼ਾਵਾਂ ਆਪਣੀਆਂ ਜਗ੍ਹਾਂ 'ਤੇ ਠੀਕ ਹਨ, ਸਾਨੂੰ ਪੜ੍ਹਨੀਆਂ, ਲਿਖਣੀਆਂ ਚਾਹੀਦੀਆਂ ਹਨ, ਪਰ 'ਮਾਸੀ' ਕਦੇ ਮਾਂ ਨਹੀਂ ਬਣ ਸਕਦੀ | ਇਸ ਮੌਕੇ ਕੋਆਰਡੀਨੇਟਰ ਪ੍ਰਤਾਪ ਸਿੰਘ ਨੇ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਜੇ ਸਾਡੀ ਨਵੀਂ ਪੀੜੀ ਦਾ ਮਾਂ ਬੋਲੀ ਪੰਜਾਬੀ ਨਾਲ ਪਿਆਰ ਨਾ ਰਿਹਾ ਤਾਂ ਉਹ ਆਪਣੇ ਵਿਰਸੇ ਤੋਂ ਵੀ ਅਣਜਾਣ ਹੋ ਜਾਵੇਗੀ ਤੇ ਗੁਰਬਾਣੀ ਪੜ੍ਹਨ ਤੋਂ ਵੀ ਵਾਂਝੇ ਹੋ ਜਾਣਗੇ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਨੇ ਪੰਜਾਬ ਬੋਲੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਸਮਾਗਮ ਦੌਰਾਨ ਗੁਰਪ੍ਰੀਤ ਕੌਰ, ਇੰਦਰਦੀਪ ਸਿੰਘ, ਸਤਨਾਮ ਸਿੰਘ, ਭੁਪਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਹੋਏ ਸੁੰਦਰ ਲਿਖਾਈ ਮੁਕਾਬਲੇ 'ਚ ਕਰਮਵਾਰ ਪਹਿਲਾ, ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਕੁਲਦੀਪ ਕੌਰ, ਮੁਸਕਾਨ ਸ਼ਰਮਾ ਤੇ ਅਗਮਬੀਰ ਸਿੰਘ ਨੂੰ ਨਗਦ ਇਨਾਮਾਂ ਅਤੇ ਲੋਈ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਸਪਾਲ ਸਿੰਘ ਛਾਬੜਾ, ਪਿ੍ੰਸੀਪਲ ਮੈਡਮ ਅਮਰਜੀਤ ਕੌਰ, ਇੰਦਰਪ੍ਰੀਤ ਕੌਰ, ਸਤਨਾਮ ਸਿੰਘ ਆਦਿ ਮੌਜੂਦ ਸਨ |