ਹਠੂਰ, 23 ਫਰਵਰੀ (ਜਸਵਿੰਦਰ ਸਿੰਘ ਛਿੰਦਾ)-ਪੰਜਾਬ ਸਰਕਾਰ ਵਲੋਂ ਨਾਨਕਸਰ ਸੰਪਰਦਾਇ ਦੇ ਮਹਾਪੁਰਸ਼ ਸੰਤ ਬਾਬਾ ਘਾਲਾ ਸਿੰਘ ਦੀ ਸੁਰੱਖਿਆ ਵਾਪਸ ਲੈ ਕੇ ਆਪਣੀ ਮਾੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ | ਜਿਸ ਦੀ ਸ਼ੋ੍ਰਮਣੀ ਅਕਾਲੀ ਦਲ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਾ ਹੈ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਭਾਰਤ ਇਕ ਲੋਕਤੰਤਰ ਦੇਸ਼ ਹੈ, ਇਥੇ ਕੋਈ ਵੀ ਆਪਣੀ ਗੱਲ ਆਜ਼ਾਦ ਤੌਰ 'ਤੇ ਕਹਿ ਸਕਦਾ ਹੈ | ਜੇਕਰ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਪੰਜਾਬ ਅੰਦਰ ਅਗਲੀ ਸਰਕਾਰ ਸ਼ੋ੍ਰਮਣੀ ਅਕਾਲੀ ਦਲ ਦੀ ਬਣਾਉਣ ਬਾਰੇ ਇਕ ਸਮਾਗਮ 'ਚ ਕਹਿ ਦਿੱਤਾ ਤਾਂ ਪੰਜਾਬ ਸਰਕਾਰ ਨੇ ਈਰਖਾ ਦੇ ਸਾੜੇ 'ਚ ਉਨ੍ਹਾਂ ਦੀ ਪਿਛਲੇ ਚਾਰ ਦਹਾਕਿਆਂ ਤੋਂ ਮਿਲੀ ਸੁਰੱਖਿਆ ਨੂੰ ਵਾਪਿਸ ਲੈ ਕੇ ਗਲਤ ਕਦਮ ਚੁੱਕਿਆ ਹੈ | ਅਜਿਹੇ ਵਿਚ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਸੁਰੱਖਿਆ ਵਾਪਿਸ ਲੈਣ ਦਾ ਸਰਕਾਰ ਦਾ ਫ਼ੈਸਲਾ ਬਹੁਤ ਗਲਤ ਹੈ, ਜਿਸ ਦੀ ਉਹ ਪੁਰਜ਼ੋਰ ਨਿਖੇਧੀ ਕਰਦੇ ਹਨ |