ਚੌਂਕੀਮਾਨ, 23 ਫਰਵਰੀ (ਤੇਜਿੰਦਰ ਸਿੰਘ ਚੱਢਾ)-ਇਲਾਕੇ ਦੀ ਪ੍ਰਸਿੱਧ ਅਤੇ ਸਰਵਉੱਤਮ ਸਿੱਖਿਆ ਸੰਸਥਾ ਖ਼ਾਲਸਾ ਕਾਲਜ ਫਾਰ ਵਿਮੈਨ ਸਿੱਧਵਾਂ ਖੁਰਦ ਸਿੱਖਿਆ ਦੇ ਨਾਲ-ਨਾਲ ਨੈਤਿਕ, ਸੰਸਕਿ੍ਤਿਕ ਅਤੇ ਬੌਧਿਕ ਗਤੀਵਿਧੀਆਂ ਵਿਚ ਵੀ ਲਗਾਤਾਰ ਉੱਚ ਦਰਜੇ ਦੀਆਂ ਪ੍ਰਾਪਤੀਆਂ ਹਾਸਲ ਕਰ ਰਹੀ ਹੈ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵਲੋਂ ਨੈਤਿਕ ਸਿੱਖਿਆ (ਕਾਲਜ ਪੱਧਰ) ਦੇ ਇਮਤਿਹਾਨ ਕਰਵਾਏ ਗਏ | ਇਸ ਇਮਤਿਹਾਨ ਵਿਚ ਵਿਦਿਆਰਥਣ ਹਰਮਨਦੀਪ ਕੌਰ (ਬੀ.ਏ. ਭਾਗ ਦੂਜਾ) ਨੇ ਜ਼ੋਨਲ ਪੱਧਰ 'ਤੇ ਚੌਥਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਇਸ ਉਪਲੱਬਧੀ ਲਈ ਉਸ ਨੂੰ ਸਰਟੀਫਿਕੇਟ, ਟਰਾਫ਼ੀ ਅਤੇ ਮੁੱਲਵਾਨ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ 17 ਫ਼ਰਵਰੀ 2026 ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਵਲੋਂ ਕਰਵਾਏ ਗਏ ਯੁਵਕ ਮੇਲੇ ਵਿਚ ਵੀ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸ਼ਬਦ ਗਾਇਨ ਮੁਕਾਬਲੇ ਵਿਚ ਕਾਲਜ ਦੀ ਟੀਮ ਨੂੰ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ | ਕਵਿਤਾ ਉਚਾਰਨ ਮੁਕਾਬਲੇ ਵਿਚ ਮਨਪ੍ਰੀਤ ਕੌਰ (ਬੀ.ਏ. ਭਾਗ ਤੀਜਾ) ਨੇ ਹੌਂਸਲਾ ਅਫ਼ਜਾਈ ਇਨਾਮ ਪ੍ਰਾਪਤ ਕੀਤਾ, ਜਦਕਿ ਭਾਸ਼ਣ ਮੁਕਾਬਲੇ ਵਿਚ ਮਨਮੀਤ ਕੌਰ (ਬੀ.ਏ. ਭਾਗ ਪਹਿਲਾ) ਨੂੰ ਭਾਗੀਦਾਰੀ ਸਰਟੀਫ਼ਿਕੇਟ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਕਿਹਾ ਸਾਡੀਆਂ ਵਿਦਿਆਰਥਣਾਂ ਦੀਆਂ ਇਹ ਉਪਲੱਬਧੀਆਂ ਸਾਡੇ ਲਈ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹਨ | ਇਸ ਮੌਕੇ ਸ਼੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੇ ਸੀਨੀਅਰ ਮੈਂਬਰ ਹਰਮੇਲ ਸਿੰਘ ਸਿੱਧੂ ਅਤੇ ਮੁੱਖ ਮਹਿਮਾਨ ਪ੍ਰਸਿੱਧ ਲੇਖਕ ਅਤੇ ਕਵੀ ਸਹਿਜਪ੍ਰੀਤ ਸਿੰਘ ਮਾਂਗਟ (ਮੀਤ ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ) ਵਿਸ਼ੇਸ਼ ਰੂਪ ਵਿਚ ਮੌਜੂਦ ਸਨ |