ਜਗਰਾਉਂ, 24 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਵਿਖੇ 46ਵਾਂ ਸਾਲਾਨਾ ਖੇਡ ਸਮਾਰੋਹ ਉਤਸ਼ਾਹ ਨਾਲ ਕਰਵਾਇਆ ਗਿਆ | ਇਹ ਸਾਲਾਨਾ ਖੇਡ ਸਮਾਰੋਹ ਕਾਲਜ ਡਾਇਰੈਕਟਰ ਡਾ: ਸੁਮੀਤ ਕੌਰ ਬਰਾੜ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਇਸ ਖੇਡ ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ: ਬਲਵੰਤ ਸਿੰਘ ਸੰਧੂ ਪਿ੍ੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਤਰਨਤਾਰਨ ਨੇ ਹਵਾ 'ਚ ਗੁਬਾਰੇ ਛੱਡ ਕੇ ਕਰਵਾਈ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਡਾ. ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਖੇਡਾਂ ਸਿਹਤਮੰਦ ਜੀਵਨ ਲਈ ਬਹੁਤ ਜ਼ਰੂਰੀ ਹਨ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ | ਖੇਡ ਉਤਸਵ ਵਿਚ ਕਾਲਜ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਵਿਦਿਆਰਥੀਆਂ ਦੀਆਂ 100 ਮੀਟਰ ਰੇਸ, 200 ਮੀਟਰ ਰੇਸ, ਡਿਸਕਸ ਥਰੋ, ਸ਼ਾਟ ਪੁੱਟ, ਲੰਮੀ ਛਾਲ, ਲੈਮਨ ਰੇਸ, ਥਰੀ ਲੈਗ ਰੇਸ, ਰੱਸਾਕਸੀ ਮੁਕਾਬਲਾ, ਜੈਵਲਿਨ ਥਰੋ ਆਦਿ ਖੇਡਾਂ ਲੜਕੇ ਅਤੇ ਲੜਕੀਆਂ ਵਿਚ ਕਰਵਾਈਆਂ ਗਈਆਂ | ਇਸ ਮੌਕੇ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਗਤੀਵਿਧੀਆਂ ਗਰੁੱਪ ਡਾਂਸ, ਸੋਲੋ ਡਾਂਸ ਤੇ ਗਿੱਧਾ ਪਾਇਆ ਗਿਆ | ਵਧੀਆ ਕਾਰਗੁਜ਼ਾਰੀ ਦੇ ਅਧਾਰ 'ਤੇ ਲੜਕਿਆਂ ਵਿਚੋਂ ਸਰਵੋਤਮ ਐਥਲੀਟ ਬਲਪ੍ਰੀਤ ਸਿੰਘ ਬੀ.ਐੱਸ.ਸੀ. ਭਾਗ ਤੀਜਾ ਨਾਨ-ਮੈਡੀਕਲ ਅਤੇ ਲੜਕੀਆਂ ਵਿਚੋਂ ਸਰਵੋਤਮ ਐਥਲੀਟ ਸ਼ਰਮੀਲਾ ਬੀ.ਐੱਸ.ਸੀ.ਭਾਗ ਤੀਜਾ ਨਾਨ-ਮੈਡੀਕਲ ਨੂੰ ਐਲਾਨਿਆ ਗਿਆ | ਡਾਇਰੈਕਟਰ ਡਾ. ਸੁਮੀਤ ਕੌਰ ਬਰਾੜ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ | ਉਨ੍ਹਾਂ ਖੇਡਾਂ ਦੇ ਇੰਚਾਰਜ ਪ੍ਰੋ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਅਥਲੈਟਿਕ ਮੀਟ ਦੀ ਸਫ਼ਲਤਾ ਲਈ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਅੰਤ ਵਿਚ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਾਈਸ ਡਾਇਰੈਕਟਰ ਪ੍ਰੋ. ਨਿਧੀ ਮਹਾਜਨ, ਸਾਬਕਾ ਡਾਇਰੈਕਟਰ ਪ੍ਰੋ: ਮਹਿੰਦਰ ਸਿੰਘ ਜੱਸਲ, ਸਾਬਕਾ ਡਾਇਰੈਕਟਰ ਪ੍ਰੋ: ਸਵਿਤਾ ਸ਼ਰਮਾ, ਸਾਬਕਾ ਡਾਇਰੈਕਟਰ ਪ੍ਰੋ: ਗੁਰਜਿੰਦਰ ਕੌਰ, ਪ੍ਰੋ. ਸ਼ੈਲਜਾ ਵਰਮਾ, ਪ੍ਰੋ: ਸੁਦਰਸ਼ਨ ਕੁਮਾਰ ਵਰਮਾ, ਸ: ਜਗਦੇਵ ਸਿੰਘ, ਬਲਵੀਰ ਸਿੰਘ ਰਾਏਵਾਲ, ਬਲਬੀਰ ਬਰਸਾਲ, ਸੁਖਦੇਵ ਗਰਗ, ਭੁਪਿੰਦਰ ਸਿੰਘ ਮੁਰਲੀ, ਗੁਰਜੰਟ ਸਿੰਘ ਆਦਿ ਹਾਜ਼ਰ ਸਨ | ਮੰਚ ਸੰਚਾਲਨ ਪ੍ਰੋ: ਸਰਬਦੀਪ ਕੌਰ ਸਿੱਧੂ ਦੁਆਰਾ ਬਾਖੂਬੀ ਨਿਭਾਇਆ ਗਿਆ |