ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੁਰਮਤਿ ਭਵਨ ਮੁੱਲਾਂਪੁਰ 'ਚ ਸੀਨੀਅਰ ਸਿਟੀਜ਼ਨਾਂ ਲਈ ਸਿਹਤ ਤੇ ਜਾਗਰੂਕਤਾ ਕੈਂਪ
ਅਜੀਤ ਡੈਸਕ
26-02-2026
ਮੁੱਲਾਂਪੁਰ-ਦਾਖਾ, 25 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਭਲਾਈ ਲਈ ਸ਼ੁਰੂ 'ਸਾਡੇ ਬਜ਼ੁਰਗ, ਸਾਡਾ ਮਾਣ' ਮੁਹਿੰਮ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੁਰਮਤਿ ਭਵਨ ਅੱਡਾ ਦਾਖਾ ਮੰਡੀ ਮੁੱਲਾਂਪੁਰ ਵਿਖੇ ਸਿਹਤ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੰਵਲ ਨੈਨ ਸਿੰਘ ਕੰਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲੁਧਿਆਣਾ ਵਰਿੰਦਰ ਸਿੰਘ ਟਿਵਾਣਾ, ਸੁਪਰਡੈਂਟ ਸੁਹਰਾਬ ਸਿੰਘ, ਅਮਨਦੀਪ ਸਿੰਘ ਬੱਲ (ਸੁਪਰਡੈਂਟ ਨੇਤਰਹੀਣ ਸਰਕਾਰੀ ਸੰਸਥਾ), ਰਣਜੋਧ ਕੌਰ ਸੁਪਰਡੈਂਟ ਵੋਕੇਸ਼ਨਲ ਰਿਹੈਬ ਸੈਂਟਰ, ਮੈਡੀਕਲ ਅਫ਼ਸਰ ਡਾ: ਦਮਨ ਅਗਰਵਾਲ, ਸਿਹਤ ਇੰਸਪੈਕਟਰ ਡਾ: ਕਰਮਜੀਤ ਸਿੰਘ, 'ਆਪ' ਪਾਰਟੀ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਧਾਲੀਵਾਲ, ਟਹਿਲ ਸਿੰਘ ਜਾਂਗਪੁਰ, ਹੋਰਨਾਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਸਕੂਲੀ ਵਿਦਿਆਰਥੀਆਂ ਵਲੋਂ ਧਾਰਮਿਕ ਸ਼ਬਦ ਗਾਇਨ ਨਾਲ ਸ਼ੁਰੂ ਸਮਾਗਮ ਦੌਰਾਨ ਗਰੁੱਪ ਡਾਂਸ, ਗਿੱਧਾ, ਹੋਰ ਪੇਸ਼ਕਾਰੀਆਂ ਹੋਈਆਂ | ਇਕੱਤਰਤਾ ਨੂੰ ਸੰਬੋਧਨ ਸਮੇਂ ਡਾ: ਕੇ.ਐੱਨ.ਐੱਸ. ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਮਕਸਦ ਬਜ਼ੁਰਗਾਂ ਨੂੰ ਸੌਖੀਆਂ ਸਿਹਤ ਸਹੂਲਤਾਂ, ਸਮਾਜਿਕ ਸੁਰੱਖਿਆ ਦੇਣਾ ਹੈ | ਇਹ ਮੁਹਿੰਮ ਬਜ਼ੁਰਗਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਅਤੇ ਉਨ੍ਹਾਂ ਨੂੰ ਸਮਾਜ ਵਿਚ ਮਾਣ-ਸਨਮਾਨ ਦੇਣ ਦਾ ਸ਼ਲਾਘਾਯੋਗ ਉਪਰਾਲਾ ਹੈ | ਡਾ: ਕੰਗ ਨੇ ਕਿਹਾ ਕਿ ਅੱਜ ਦੇ ਕੈਂਪ ਦੌਰਾਨ ਬਜ਼ੁਰਗਾਂ ਨੂੰ ਮੈਡੀਕਲ ਚੈੱਕਅੱਪ, ਪੈਨਸ਼ਨ ਫਾਰਮ, ਮੁਫ਼ਤ ਕਾਨੂੰਨੀ ਸੇਵਾਵਾਂ, ਡਿਜੀਟਲ ਤੇ ਵਿੱਤੀ ਸਾਖਰਤਾ ਤੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਦੀ ਸਹੂਲਤ ਇਕੋ ਛੱਤ ਹੇਠ ਪ੍ਰਦਾਨ ਕੀਤੀ ਗਈ ਹੈ | ਕੈਂਪ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਵਲੋਂ ਬਜ਼ੁਰਗਾਂ ਦੇ ਕਾਨੂੰਨੀ ਅਧਿਕਾਰਾਂ ਤੇ ਮੁਫ਼ਤ ਕਾਨੂੰਨੀ ਸਹਾਇਤਾ ਦੇ ਨਾਲ ਡਿਜ਼ੀਟਲ ਧੋਖਾਧੜੀ ਤੋਂ ਬਚਣ ਲਈ ਬਜ਼ੁਰਗਾਂ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ |
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਇਸ ਮੁਹਿੰਮ ਹੇਠ ਇਹ ਚੌਥਾ ਕੈਂਪ ਹੈ, ਜਿਥੇ ਸੀਨੀਅਰ ਸਿਟੀਜ਼ਨ ਦਾ ਸਿਹਤ ਚੈੱਕਅੱਪ, ਮਾਨਸਿਕ ਕਾਊਾਸਲਿੰਗ, ਸੀਨੀਅਰ ਸਿਟੀਜ਼ਨ ਐਕਟ ਦੀ ਜਾਣਕਾਰੀ, ਯੋਗਾ ਮੈਡੀਟੇਸ਼ਨ ਦੇ ਲਾਭ, ਸੈਲਫ ਹੈਲਪ ਗਰੁੱਪਾਂ ਦੁਆਰਾ ਉੱਨ (ਪੱਛਮੀ) ਬੁਣਾਈ, ਕਰੋਸ਼ੀਆ ਸਬੰਧੀ ਜਾਣਕਾਰੀ ਦੇ ਨਾਲ ਬੱਚਿਆਂ ਅਤੇ ਬਜ਼ੁਰਗਾਂ ਦਾ ਆਪਸੀ ਤਾਲਮੇਲ ਵਧਾਉਣ ਉੱਪਰ ਜ਼ੋਰ ਦਿੱਤਾ ਗਿਆ | ਕੈਂਪ ਦੌਰਾਨ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵਲੋਂ ਬਜ਼ੁਰਗਾਂ ਦੀ ਬੁਢਾਪੇ ਨਾਲ ਸਬੰਧਿਤ ਬਿਮਾਰੀਆਂ, ਕੰਨਾਂ, ਅੱਖਾਂ ਦੀ ਜਾਂਚ ਕੀਤੀ ਗਈ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਕੈਂਪ 'ਚ ਵੱਡੀ ਗਿਣਤੀ ਬਜ਼ੁਰਗਾਂ ਦੇ ਬੁਢਾਪਾ ਪੈਨਸ਼ਨ ਦੇ ਫਾਰਮ ਭਰਨ ਦੇ ਨਾਲ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਵੀ ਕੀਤੀ ਗਈ |