ਜਗਰਾਉਂ, 25 ਫਰਵਰੀ (ਗੁਰਦੀਪ ਸਿੰਘ ਮਲਕ)-ਪੰਜਾਬ ਦਾ ਪ੍ਰਸਿੱਧ ਇਤਿਹਾਸਕ ਜਗਰਾਉਂ ਦੇ ਰੋਸ਼ਨੀ ਮੇਲੇ ਦੇ ਦੂਜੇ ਦਿਨ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ 'ਤੇ ਅੱਜ ਬਾਬੇ ਦੇ ਸ਼ਰਧਾਲੂਆਂ ਵਲੋਂ ਚੌਕੀ ਭਰੀ ਗਈ | ਜਿੱਥੇ ਵੱਡੀ ਗਿਣਤੀ ਵਿਚ ਨੱਚਦੇ ਗਾਉਂਦੇ ਸ਼ਰਧਾਲੂ ਆਪਣੀਆਂ ਮਨ ਦੀਆਂ ਮੁਰਾਦਾਂ ਲੈ ਕੇ ਜਗਰਾਉਂ ਦਰਗਾਹ ਉਪਰ ਪਹੁੰਚੇ | ਇਹ ਸ਼ਰਧਾਲੂ ਜਿਆਦਾਤਰ ਦੁਬਾਬਾ ਖੇਤਰ ਵਿਚੋਂ ਪਹੁੰਚੇ | ਜਿਨ੍ਹਾਂ ਵਲੋਂ ਪੀਰ ਦੀ ਦਰਗਾਹ ਤੇ ਝੰਡੇ ਅਤੇ ਪ੍ਰਸ਼ਾਦ ਭੇਟ ਕੀਤਾ | ਇਸ ਮੌਕੇ ਦੇਸ਼ ਭਰ ਵਿਚੋਂ ਪਹੁੰਚੇ ਕੁਵਾਲਾਂ ਵਲੋਂ ਕੁਵਾਲੀਆਂ ਅਤੇ ਭੇਟਾ ਦਾ ਗਾਇਨ ਪੇਸ਼ ਕਰਕੇ ਸ਼ਰਧਾਲੂਆਂ ਨੂੰ ਨੱਚਣ ਲਾਈ ਰੱਖਿਆ | ਜਗਰਾਉਂ ਦਾ ਰੋਸ਼ਨੀ ਮੇਲਾ ਦਿਨੋਂ-ਦਿਨ ਆਪਣੀ ਹੋਂਦ ਗਵਾਉਂਦਾ ਜਾ ਰਿਹਾ ਹੈ | ਇਸ ਵਾਰ ਪਿਛਲੇ ਸਾਲਾਂ ਦੇ ਵਾਂਗੂ ਮੇਲੇ ਵਿਚ ਭੀੜ ਬਹੁਤ ਘੱਟ ਨਜ਼ਰ ਆਈ ਅਤੇ ਮੇਲੇ ਦੀ ਸੋਭਾ ਵਾਧਾ ਰਹੇ ਝੂਲੇ, ਮੌਤ ਦੇ ਖੂਹ ਅਤੇ ਹੋਰ ਮਨੋਰੰਜਨ ਦੇ ਲੱਗੇ ਸਾਧਨ ਖ਼ਾਲੀ ਰਹੇ | ਜਿਸ ਕਾਰਨ ਦੁਕਾਨਦਾਰਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਸੀ | ਬੀਤੇ ਕੱਲ੍ਹ ਕੁਝ ਲੋਕਾਂ ਦੇ ਵਿਰੋਧ ਕਾਰਨ ਝਡੋਲਾ ਨੂੰ ਪੁਲਿਸ ਨੇ ਬੰਦ ਕਰਵਾ ਦਿੱਤਾ ਸੀ | ਮੇਲੇ ਦੌਰਾਨ ਵੱਡੀ ਗਿਣਤੀ ਵਿਚ ਸੜਕਾਂ ਕਿਨਾਰੇ ਦੁਕਾਨਾਂ ਲੱਗੀਆਂ ਹਨ, ਜੋ ਦੂਜੇ ਦਿਨ ਵੀ ਬੇਰੌਣਕ ਦਾ ਰਹੀਆਂ | ਅੱਜ ਰੋਸ਼ਨੀ ਮੇਲੇ ਦੌਰਾਨ ਪੁਰਾਤਣ ਪੰਜਾਬੀ ਵਿਰਸੇ ਦੀਆਂ ਯਾਦਾਂ ਤਾਜੀਆਂ ਕਰਦੇ ਅਲਗੋਜੀਆਂ ਵਾਲੇ ਕਲਾਕਾਰਾਂ ਵਲੋਂ ਖੂਬ ਰੰਗ ਬੰਨਿਆ | ਕੱਲ੍ਹ ਵੀਰਵਾਰ ਆਖ਼ਰੀ ਦਿਨ ਨੂੰ ਰੋਸ਼ਨੀ ਮੇਲੇ ਦੌਰਾਨ ਕੁਸ਼ਤੀਆਂ ਕਰਵਾਈਆਂ ਜਾ ਰਹੀਆਂ ਹਨ | ਜਿਨ੍ਹਾਂ ਵਿਚ ਭਾਗ ਲੈਣ ਲਈ ਪੰਜਾਬ ਅਤੇ ਹਰਿਆਣਾ ਦੇ ਪਹਿਲਵਾਨ ਪਹੁੰਚਣਗੇ |