ਸ੍ਰੀ ਅਨੰਦਪੁਰ ਸਾਹਿਬ, 25 ਮਾਰਚ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਅਤੇ ਕੌਮੀ ਤਿਉਹਾਰ ਜੋੜ ਮੇਲਾ ਹੋਲਾ ਮਹੱਲਾ ਮੌਕੇ ਖ਼ਾਲਸਾ ਪੰਥ ਦੀਆਂ ਵਿਰਾਸਤੀ ਖੇਡਾਂ ਨੂੰ ਨੌਜਵਾਨ ਪੀੜੀ 'ਚ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ ਸਿੱਖ ਪੰਥ ਦੀ ਸਮਰਪਿਤ ਜਥੇਬੰਦੀ ਵਿਰਾਸਤੀ ਖੇਡ ਅਖਾੜਾ, ਸ੍ਰੀ ਅਨੰਦਪੁਰ ਸਾਹਿਬ ਵਲੋਂ ਇਸ ਪਵਿੱਤਰ ਮੌਕੇ 'ਤੇ ਖ਼ਾਲਸਾ ਪੰਥ ਦੀਆਂ ਵਿਰਾਸਤੀ ਖੇਡਾਂ ਦੀ ਪ੍ਰਫੁੱਲਤਾ, ਪ੍ਰਚਾਰ, ਪਸਾਰ ਅਤੇ ਸੰਸਥਾਗਤ ਮਜ਼ਬੂਤੀ ਹਿਤ ਤੀਰ-ਅੰਦਾਜ਼ੀ ਮੁਕਾਬਲਾ ਅਤੇ ਘੋੜਸਵਾਰੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਸਾਂਝੀ ਕਰਦਿਆਂ ਜਸਵੀਰ ਸਿੰਘ ਅਤੇ ਬਾਬਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਦਸਮੇਸ਼ ਮਾਰਸ਼ਲ ਆਰਟ ਅਤੇ ਸਪੋਰਟਸ ਅਕੈਡਮੀ ਵਿਖੇ 27 ਫਰਵਰੀ ਨੂੰ ਤੀਰ-ਅੰਦਾਜ਼ੀ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਇਸੇ ਤਰ੍ਹਾਂ ਹੀ ਘੋੜਸਵਾਰੀ ਮੁਕਾਬਲੇ ਸਥਾਨਕ ਮਾਈਟੀ ਖ਼ਾਲਸਾ ਇੰਟਰਨੈਸ਼ਨਲ ਸਕੂਲ ਦੇ ਖੇਡ ਮੈਦਾਨ 'ਚ 2 ਮਾਰਚ ਨੂੰ ਹੋਣਗੇ | ਉਨ੍ਹਾਂ ਦੱਸਿਆ ਕਿ ਉਕਤ ਵਿਰਾਸਤੀ ਖੇਡ ਮੁਕਾਬਲਿਆਂ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਮੌਕੇ ਅਵਤਾਰ ਸਿੰਘ ਜਗਤਪੁਰਾ, ਮਾ. ਜਸਵਿੰਦਰ ਸਿੰਘ ਮੀਰਪੁਰ, ਸਤਵਿੰਦਰ ਸਿੰਘ, ਮੱਖਣ ਸਿੰਘ, ਮਲਕੀਤ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਵੀਰ ਅਤੇ ਮਨਜਿੰਦਰ ਸਿੰਘ ਵੀ ਹਾਜ਼ਰ ਸਨ |