ਸਿੱਧਵਾਂ ਬੇਟ, 6 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀਆਂ ਅਤੇ ਪੁੜੈਣ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਮਾਰਕਿਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਵਾਈਸ ਚੇਅਰਮੈਨ ਮਨਜਿੰਦਰ ਸਿੰਘ ਬਿੰਦਾ ਭੁਮਾਲ ਅਤੇ ਲੈਂਡ ਮਾਰਗਟੇਜ਼ ਬੈਂਕ ਜਗਰਾਉਂ ਦੇ ਸਾਬਕਾ ਵਾਈਸ ਚੇਅਰਮੈਨ ਵਰਦੀਪ ਸਿੰਘ ਥਿੰਦ ਸਾਬਕਾ ਸਰਪੰਚ ਸਲੇਮਪੁਰਾ ਨੇ ਆਖਿਆ ਕਿ ਸਾਡੇ ਹਰਮਨ ਪਿਆਰੇ ਨੇਤਾ ਮਨਪ੍ਰੀਤ ਸਿੰਘ ਇਯਾਲੀ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਨੂੰ ਸਦੀਆਂ ਤੱਕ ਨਹੀਂ ਭੁਲਾਇਆ ਜਾ ਸਕਦਾ ਹੈ ਅਤੇ ਨਾ ਹੀ ਝੁਠਲਾਇਆ ਜਾ ਸਕਦਾ | ਉਨ੍ਹਾਂ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਪ੍ਰਤੀ ਬੋਲੀ ਗਈ ਸ਼ਬਦਾਵਲੀ ਅਤੇ ਉਨ੍ਹਾਂ ਵਲੋਂ ਕੀਤੇ ਗਏ ਕੰਮਾਂ ਨੂੰ ਸਿਰਫ਼ ਆਪਣੀ ਸਰਕਾਰ ਦੀ ਦੇਣ ਦੱਸਣ ਦੀ ਸਖ਼ਤ ਨਿੰਦਾ ਕਰਦਿਆਂ ਆਖਿਆ ਕਿ ਜਦੋਂ ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮਨਪ੍ਰੀਤ ਸਿੰਘ ਇਯਾਲੀ ਨੂੰ ਬਤੌਰ ਜ਼ਿਲ੍ਹਾ ਪ੍ਰੀਸ਼ਦ ਕੀਤੇ ਗਏ ਕੰਮਾਂ ਨੂੰ ਵੇਖਦੇ ਹੋਏ ਇਕ ਵਧੀਆ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਾ ਐਵਾਰਡ ਦਿੱਤਾ ਸੀ ਤਾਂ ਉਸ ਸਮੇਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਕਈ ਵਾਰ ਛਪਾਰ ਮੇਲੇ ਦੀਆਂ ਕਾਨਫ਼ਰੰਸਾਂ ਵਿਚ ਆਖਦੇ ਹੁੰਦੇ ਸਨ ਕਿ ਜੇਕਰ ਬਾਕੀ ਵਿਧਾਇਕਾਂ ਨੇ ਆਪਣੇ ਇਲਾਕਿਆਂ ਵਿਚ ਵਿਕਾਸ ਕਰਨਾ ਹੈ ਤਾਂ ਉਹ ਦਾਖਾ ਹਲਕੇ ਵਿਚ ਆ ਕੇ ਵੇਖਣ | ਉਕਤ ਆਗੂਆਂ ਨੇ ਆਖਿਆ ਕਿ ਸੁਖਬੀਰ ਸਿੰਘ ਬਾਦਲ ਵੀ ਕਈ ਵਾਰ ਇਯਾਲੀ ਦੀ ਪਿੱਠ ਥਾਪੜ ਕੇ ਆਖ ਚੁੱਕੇ ਹਨ ਕਿ ਸਾਨੂੰ ਸਾਰਿਆਂ ਨੂੰ ਇਯਾਲੀ ਵਲੋਂ ਕੀਤੇ ਵਿਕਾਸ ਕੰਮਾਂ ਦੀ ਬਦੌਲਤ ਦਾਖਾ ਮਾਡਲ ਤੋਂ ਸੇਧ ਲੈਣੀ ਚਾਹੀਦੀ ਹੈ, ਪਰ ਹੁਣ ਜਦੋਂ ਉਨ੍ਹਾਂ ਨਾਲ ਪੰਥਕ ਏਜੰਡੇ ਨੂੰ ਲੈ ਕੇ ਕੁਝ ਮੱਤਭੇਦ ਹੋ ਗਏ ਹਨ ਤਾਂ ਵਿਧਾਇਕ ਇਯਾਲੀ ਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ, ਪਰ ਇਲਾਕੇ ਦੇ ਲੋਕ ਸਭ ਜਾਣਦੇ ਹਨ ਕਿ ਪੂਰੇ ਪੰਜਾਬ ਅੰਦਰ ਸਿਰਫ਼ ਇਯਾਲੀ ਨੇ ਹੀ ਦਿਨ ਰਾਤ ਮਿਹਨਤ ਕਰਕੇ ਵਿਦੇਸ਼ੀ ਤਰਜ਼ 'ਤੇ ਆਪਣੇ ਹਲਕੇ ਅੰਦਰ 70 ਦੇ ਕਰੀਬ ਖੇਡ ਪਾਰਕ ਬਣਾਏ ਹਨ ਅਤੇ 9 ਸਾਲ ਬੀਤ ਜਾਣ 'ਤੇ ਵੀ ਉਨ੍ਹਾਂ ਵਲੋਂ ਕੀਤੇ ਕੰਮ ਬੋਲਦੇ ਹਨ | ਉਕਤ ਆਗੂਆਂ ਨੇ ਦਾਅਵਾ ਕੀਤਾ ਕਿ ਪੰਥਕ ਸੋਚ ਨੂੰ ਲੈ ਕੇ ਤੁਰੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੀ ਸ਼ਾਨਦਾਰ ਜਿੱਤ ਦਰਜ ਕਰ ਕੇ ਜੇਤੂ ਹੈਟਿ੍ਕ ਲਗਾਉਣਗੇ |