ਜਗਰਾਉਂ, 7 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਇਤਿਹਾਸਕ ਪਿੰਡ ਅਖਾੜਾ ਵਿਖੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੇ ਮੁਕੰਮਲ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਅੰਦਰ ਨਿਸ਼ਾਨ ਸਾਹਿਬ ਝੁਲਾਇਆ ਗਿਆ | ਆਲੀਸ਼ਾਨ ਖੰਡਾ ਸਾਹਿਬ ਦੀ ਖੂਬਸੂਰਤ ਦਿੱਖ ਵਾਲੇ ਨਿਸ਼ਾਨ ਸਾਹਿਬ ਨੂੰ ਪੂਰਨ ਗੁਰਮਿਯਾਦਾ ਅਨੁਸਾਰ ਝੁਲਾਇਆ ਗਿਆ | ਇਸ ਮੌਕੇ ਗੁਰਦੁਆਰਾ ਸ੍ਰੀ ਕੈਮਾਂ ਵਾਲੀ ਢਾਬ ਦੇ ਮੁੱਖ ਸੇਵਾਦਾਰ ਮਹੰਤ ਜਰਨੈਲ ਸਿੰਘ ਖ਼ਾਲਸਾ ਨੇ ਅਰਦਾਸ ਕੀਤੀ ਅਤੇ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਗੂੰਜ ਨਾਲ ਸ੍ਰੀ ਨਿਸ਼ਾਨ ਸਾਹਿਬ ਝੁਲਾਉਣ ਅਤੇ ਨਿਸ਼ਾਨ ਸਾਹਿਬ 'ਤੇ ਚੋਲਾ ਪਹਿਨਾਇਆ ਗਿਆ | ਇਸ ਮੌਕੇ 'ਆਪ' ਆਗੂ ਪ੍ਰੋ: ਸੁਖਵਿੰਦਰ ਸਿੰਘ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਬਾਬਾ ਜਰਨੈਲ ਸਿੰਘ ਤੇ ਪ੍ਰੋ: ਸੁਖਵਿੰਦਰ ਸਿੰਘ ਨੇ ਆਖਿਆ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਇਕ ਲਾਮਿਸਾਲ ਕੁਰਬਾਨੀ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਮਈ ਹੈ | ਇਸ ਮੌਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਸੇਵਾ ਕਰਨ ਵਾਲੇ ਐੱਨ.ਆਰ.ਆਈ. ਗੁਰਜੀਤ ਸਿੰਘ ਬਰਾੜ, ਸੁਖਜਿੰਦਰ ਸਿੰਘ ਗਿੱਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਗੁਰਮੀਤ ਸਿੰਘ, ਸੰਤੋਖ ਸਿੰਘ, ਡਾ: ਭੋਲਾ ਸਿੰਘ, ਗਿੱਲ ਅਖਾੜੇ ਵਾਲਾ, ਗੁਰਜੀਤ ਸਿੰਘ ਬਰਿਆਰ, ਸੁਖਜਿੰਦਰ ਸਿੰਘ ਗਿੱਲ, ਹਰਪ੍ਰੀਤ ਸਿੰਘ ਫੌਜੀ, ਬੇਅੰਤ ਸਿੰਘ ਖ਼ਾਲਸਾ, ਗੁਰਸੇਵਕ ਸਿੰਘ ਸੇਬੀ ਆਦਿ ਹਾਜ਼ਰ ਸਨ |