ਜਗਰਾਉਂ, 9 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਵਿਧਾਨ ਸਭਾ ਹਲਕੇ ਅੰਦਰ ਸ਼ਹਿਰ ਵਿਚਲੇ ਮੁੱਖ ਰੋਡ ਤੋਂ ਬਾਅਦ ਸੂਆ ਰੋਡ 'ਤੇ ਜ਼ਿਆਦਾ ਆਵਾਜਾਈ ਬਣੀ ਰਹਿੰਦੀ ਹੈ, ਜਿਸ 'ਤੇ ਮੁੱਖ ਹਸਪਤਾਲ, ਕਾਰੋਬਾਰ ਅਤੇ ਬੈਂਕ ਅਦਾਰੇ ਸਥਾਪਿਤ ਹਨ | ਇਸ ਸੜਕ ਨੂੰ ਹੁਣ ਨਵੀਂ ਦਿੱਖ ਮਿਲਣ ਵਾਲੀ ਹੈ | ਇਸ ਸੜਕ ਦੇ ਬਣਨ ਨਾਲ ਸੂਆ ਰੋਡ 'ਤੇ ਪੈਂਦੇ ਤਿੰਨ ਵਾਰਡਾਂ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਉੱਥੇ ਟ੍ਰੈਫ਼ਿਕ ਦੀ ਸਮੱਸਿਆ ਵੀ ਘਟੇਗੀ | ਇਸ ਸੜਕ ਨੂੰ ਨਵੇਂ ਸਿਰੇ ਤੋਂ 18 ਫੁੱਟੀ ਬਣਾਉਣ ਲਈ 'ਆਪ' ਦੇ ਸੀਨੀਅਰ ਆਗੂ ਪ੍ਰੋ: ਸੁਖਵਿੰਦਰ ਸਿੰਘ ਅਤੇ ਕੋਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ ਨੇ ਉਦਘਾਟਨ ਕਰਦਿਆਂ ਕਿਹਾ ਕਿ ਇਸ ਸੜਕ 'ਤੇ 2 ਕਰੋੜ ਦੀ ਲਾਗਤ ਆਵੇਗੀ | ਉਨ੍ਹਾਂ ਕਿਹਾ ਕਿ 3 ਕਿੱਲੋਮੀਟਰ ਬਣਨ ਵਾਲੀ ਇਹ ਸੜਕ ਜੀ.ਟੀ.ਰੋਡ ਸੇਮ ਤੋਂ ਲੈ ਕੇ ਜੀ.ਐੱਚ.ਜੀ. ਅਕੈਡਮੀ ਤੱਕ ਬਣੇਗੀ | ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਦਾਣਾ ਮੰਡੀ ਅਤੇ ਵੱਖ-ਵੱਖ ਅਦਾਰਿਆਂ 'ਤੇ ਸੁਖਾਲਾ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਸੜਕ ਟੁੱਟੀ ਹੋਣ ਕਾਰਨ ਟੈ੍ਰਫ਼ਿਕ ਦੀ ਗੰਭੀਰ ਸਮੱਸਿਆ ਬਣੀ ਰਹਿੰਦੀ ਸੀ ਤੇ ਹੁਣ ਸੜਕ ਨੂੰ 18 ਫੁੱਟ ਚੌੜੀ ਕਰਕੇ ਬਣਾਇਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਆਵਾਜਾਈ ਵੀ ਸੁਖਾਲੀ ਹੋਵੇਗੀ | ਇਸ ਮੌਕੇ ਕੁਲਵੰਤ ਸਿੰਘ ਜਗਦੇ, ਭੁਪਿੰਦਰ ਸਿੰਘ ਕਲਸੀ, ਦਰਸ਼ਨ ਸਿੰਘ ਸਿੱਧੂ, ਜਰਨੈਲ ਸਿੰਘ ਰਾਏ, ਸਾਜਨ ਮਲਹੋਤਰਾ, ਜੇ.ਈ. ਪਰਮਿੰਦਰ ਸਿੰਘ, ਅਜਮੇਰ ਸਿੰਘ, ਜਗਦੇਵ ਸਿੰਘ ਕੋਕਰੀ, ਕਰਮ ਸਿੰਘ ਸਿੱਧੂ ਆਦਿ ਹਾਜ਼ਰ ਸਨ |