ਮੁੱਲਾਂਪੁਰ-ਦਾਖਾ, 9 ਮਾਰਚ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਦੇ ਵਿੱਤ ਮੰਤਰੀ ਵਲੋਂ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ 'ਆਪ' ਪਾਰਟੀ ਦੇ ਚੋਣ ਵਾਅਦੇ ਅਨੁਸਾਰ ਮਹਿਲਾਵਾਂ ਨੂੰ 1000 ਮਹੀਨਾ ਵਿੱਤੀ ਸਹਾਇਤਾ ਦੇਣ ਬਾਰੇ ਐਲਾਨ ਕੀਤਾ, ਪਰ ਇਹ ਨਹੀਂ ਸਪੱਸ਼ਟ ਹੋਇਆ ਕਿ ਮਹਿਲਾਵਾਂ ਨੂੰ ਸਹਾਇਤਾ ਰਾਸ਼ੀ ਸਰਕਾਰ ਬਣਨ ਵਾਲੇ ਸਾਲ 2022 ਤੋਂ ਦਿੱਤੀ ਜਾਵੇਗੀ, ਨਾ ਹੀ ਇਹ ਦੱਸਿਆ ਕਿ ਔਰਤਾਂ ਨੂੰ ਹਰ ਮਹੀਨੇ ਦੇਣ ਵਾਲੀ ਰਕਮ ਦੇ ਪੈਸੇ ਲਈ ਸਰਕਾਰ ਵਲੋਂ ਆਮਦਨ ਦਾ ਕੋਈ ਯਤਨ ਜੁਟਾਇਆ ਜਾਵੇਗਾ ਜਾਂ ਫਿਰ ਸਰਕਾਰ ਕਰਜ਼ਾ ਚੁੱਕ ਕੇ ਵਾਅਦਾ ਪੂਰਾ ਕਰੇਗੀ, ਇਹ ਪ੍ਰਤੀਕਿਰਿਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਪੰਜਵੇਂ ਬਜਟ 'ਤੇ ਨਾਖੁਸ਼ੀ ਜ਼ਾਹਿਰ ਕਰਦਿਆਂ ਕੀਤੀ | ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਸਪੱਸ਼ਟ ਕਰਨਾ ਪਵੇਗਾ ਕਿ ਰੁਪਇਆ ਆਵੇਗਾ ਕਿੱਥੋਂ! ਉਨ੍ਹਾਂ ਕਿਹਾ ਕਿ ਬਜਟ ਦੌਰਾਨ ਕਿਸਾਨ, ਨੌਜਵਾਨ, ਸਰਕਾਰੀ ਮੁਲਾਜ਼ਮਾਂ, ਵਪਾਰ ਅਤੇ ਉਦਯੋਗ ਲਈ ਕੁਝ ਵੀ ਨਹੀਂ | ਦਿਓਲ ਨੇ ਕਿਹਾ ਕਿ ਪਹਿਲਾਂ ਤਾਂ ਔਰਤਾਂ ਨੂੰ ਪਿਛਲੇ ਚਾਰ ਵਰਿ੍ਹਆਂ ਦਾ ਬਕਾਇਆ ਪ੍ਰਤੀ ਮਹਿਲਾ 48000 ਅਦਾ ਕੀਤਾ ਜਾਵੇ, ਫਿਰ ਚੋਣ ਵਾਅਦੇ ਅਨੁਸਾਰ ਨੌਜਵਾਨਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ | ਜਸਕਰਨ ਸਿੰਘ ਦਿਓਲ ਨੇ ਕਿਹਾ ਕਿ 4.17 ਲੱਖ ਕਰੋੜ ਰੁਪਏ ਤੱਕ ਕਰਜ਼ਾ ਪਹੁੰਚਾਉਣ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਜਨਵਰੀ 2027 ਤੱਕ ਕਰਜ਼ੇ ਦੀ ਇਹ ਪੰਡ ਡੇਢ ਗੁਣਾ ਕਰ ਦੇਣੀ ਹੈ |