ਰਾਏਕੋਟ, 10 ਮਾਰਚ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਕਿਸੇ ਸਮੇਂ ਟਕਸਾਲੀ ਹਲਕਾ ਮੰਨਿਆਂ ਜਾਂਦਾ ਸੀ, ਜਿੱਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਵੱਖ-ਵੱਖ ਸਮੇਂ ਵਿਧਾਨ ਸਭਾ ਚੋਣਾਂ ਜਿੱਤ ਕੇ ਪੰਜਾਬ ਵਿਚ ਸਰਕਾਰ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾਂਦਾ ਰਿਹਾ ਹੈ | ਦੱਸਣਯੋਗ ਹੈ ਕਿ ਇਸ ਟਕਸਾਲੀ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਸਟਿਸ ਗੁਰਨਾਮ ਸਿੰਘ 1962 ਵਿਚ ਵਿਧਾਇਕ ਚੁਣੇ ਗਏ, ਸੰਨ 1967, 1969 ਤੇ 1972 ਦੌਰਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਲਗਾਤਾਰ ਤਿੰਨ ਵਾਰ ਵਿਧਾਇਕ ਚੁਣੇ ਗਏ ਅਤੇ ਮੰਤਰੀ ਮੰਡਲ ਵਿਚ ਬਤੌਰ ਕੈਬਨਿਟ ਮੰਤਰੀ ਬਣੇ | ਸੰਨ 1977 ਵਿਚ ਮਾ. ਦੇਵਰਾਜ ਸਿੰਘ ਤਲਵੰਡੀ, ਸੰਨ 1985 ਵਿਚ ਤਾਲਿਬ ਸਿੰਘ ਸੰਧੂ ਅਤੇ ਸੰਨ 2002 ਵਿਚ ਰਣਜੀਤ ਸਿੰਘ ਤਲਵੰਡੀ ਵਿਧਾਇਕ ਚੁਣੇ ਗਏ | ਗੌਰਤਲਬ ਹੈ ਕਿ ਵਿਧਾਨ ਸਭਾ ਹਲਕਾ ਰਾਏਕੋਟ ਤੋਂ 7 ਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਣਨ ਦੇ ਬਾਵਜੂਦ ਅੱਜ ਇਸ ਟਕਸਾਲੀ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਹਾਈਕਮਾਂਡ ਦੀ ਅਣਦੇਖੀ ਕਾਰਨ ਇਸ ਹਲਕੇ ਨਾਲ ਸਬੰਧਿਤ ਟਕਸਾਲੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਮੂੰਹ ਮੋੜ੍ਹਨ ਲਈ ਮਜ਼ਬੂਰ ਹੋ ਚੁੱਕੇ ਹਨ, ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ ਦਿਨੀਂ ਦਾਖਾ ਹਲਕੇ ਵਿਚ ਪਾਰਟੀ ਦਫ਼ਤਰ ਦਾ ਉਦਘਾਟਨ ਕਰਨ ਲਈ ਪੁੱਜੇ ਸਨ, ਜਿਸ ਦੌਰਾਨ ਉਨ੍ਹਾਂ ਦਾਖਾ ਹਲਕੇ ਦੇ ਲੋਕਾਂ ਨਾਲ ਵੱਡੀ ਮੀਟਿੰਗ ਕਰਕੇ ਜਸਕਰਨ ਸਿੰਘ ਦਿਉਲ ਨੂੰ ਹਲਕਾ ਦਾਖਾ ਦੇ ਇੰਚਾਰਜ ਵਜੋਂ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ 18 ਮਾਰਚ ਨੂੰ ਰਾਏਕੋਟ ਦੇ ਨਾਲ ਲੱਗਦੇ ਹਲਕੇ ਜਗਰਾਉਂ ਵਿਚ ਸੁਖਬੀਰ ਸਿੰਘ ਬਾਦਲ ਫੇਰੀ ਲਗਾ ਰਹੇ ਹਨ, ਪ੍ਰੰਤੂ ਇਸ ਸਮੇਂ ਦੌਰਾਨ ਵੀ ਉਨ੍ਹਾਂ ਵਲੋਂ ਹਲਕਾ ਰਾਏਕੋਟ ਨੂੰ ਕੋਈ ਸਮਾਂ ਨਾ ਦੇਣਾ ਅਤੇ ਪੱਕੇ ਤੌਰ 'ਤੇ ਕਿਸੇ ਨੂੰ ਹਲਕੇ ਦੀ ਵਾਗਡੋਰ ਨਾਲ ਸੰਭਾਲਣਾ ਬੜਾ ਹੈਰਾਨੀਜਨਕ ਬਣਿਆਂ ਹੋਇਆ ਹੈ | ਜਿਸ ਕਰਕੇ ਬਹੁਤੇ ਪਿੰਡਾਂ ਦੇ ਟਕਸਾਲੀ ਪਰਿਵਾਰਾਂ ਵਿਚ ਅਕਾਲੀ ਦਲ ਹਾਈਕਮਾਂਡ ਪ੍ਰਤੀ ਵਿਧਾਨ ਸਭਾ ਹਲਕਾ ਰਾਏਕੋਟ ਨੂੰ ਨਜ਼ਰਅੰਦਾਜ਼ ਕਰਨ ਦੇ ਰਵੱਈਏ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੀਡੀਆ ਰਾਹੀਂ ਅਪੀਲ ਕੀਤੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੁਝ ਮਹੀਨੇ ਬਾਕੀ ਹਨ, ਇਸ ਲਈ ਹਲਕੇ ਵਿਚ ਕਿਸੇ ਚੰਗੇ ਸੂਝਵਾਨ, ਮਿਹਨਤੀ ਤੇ ਤਜਰਬੇਕਾਰ ਹਲਕਾ ਇੰਚਾਰਜ ਦੀ ਵੱਡੀ ਲੋੜ ਹੈ, ਜਿਸ ਨੂੰ ਹਲਕੇ ਦੀ ਵਾਗਡੋਰ ਸੰਭਾਲੀ ਜਾਵੇ ਤਾਂ ਜੋ ਹਲਕਾ ਰਾਏਕੋਟ ਵਿਚ 'ਪੰਜਾਬ ਬਚਾਓ, ਸੁਖਬੀਰ ਬਾਦਲ ਲਿਆਓ' ਮੁਹਿੰਮ ਨੂੰ ਬੂਰ ਪੈ ਸਕੇ | ਜ਼ਿਕਰਯੋਗ ਹੈ ਕਿ ਹਲਕੇ ਦੇ ਵਰਕਰ ਹਾਈਕਮਾਂਡ ਨੂੰ ਹਲਕੇ ਅੰਦਰ ਹੀ ਦੇਖਣ ਲਈ ਉਤਾਵਲੇ ਹਨ ਪ੍ਰੰਤੂ ਕਈ ਸਾਲ ਬੀਤਣ ਦੇ ਬਾਵਜੂਦ ਵੀ ਪਾਰਟੀ ਪ੍ਰਧਾਨ ਵਲੋਂ ਹਲਕਾ ਰਾਏਕੋਟ ਵਿਚ ਕੋਈ ਦਸਤਕ ਨਹੀਂ ਦਿੱਤੀ | ਇਸ ਲਈ ਵਰਕਰ ਪਾਰਟੀ ਪ੍ਰਧਾਨ ਨੂੰ ਆਪਣੇ ਅੰਦਰ ਦੇ ਵਲਵਲੇ ਸਾਂਝੇ ਕਰਨ ਲਈ ਉਤਸੁਕ ਹਨ |