ਮੁੱਲਾਂਪੁਰ-ਦਾਖਾ, 11 ਮਾਰਚ (ਨਿਰਮਲ ਸਿੰਘ ਧਾਲੀਵਾਲ)-ਮਨਪ੍ਰੀਤ ਸਿੰਘ ਇਯਾਲੀ ਨੇ ਵਿਧਾਨ ਸਭਾ 'ਚ ਸਿੱਖਾਂ ਦੇ ਗੁੰਝਲਦਾਰ ਮਾਮਲਿਆਂ ਦੀ ਤਰਜ਼ਮਾਨੀ ਕਰਕੇ ਸੱਚਾ ਸਿੱਖ, ਇਮਾਨਦਾਰ ਵਿਧਾਇਕ ਹੋਣ ਦਾ ਫਰਜ਼ ਅਦਾ ਕੀਤਾ | ਇਹ ਪ੍ਰਗਟਾਵਾ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਵਲੋਂ ਇਯਾਲੀ ਦੁਆਰਾ ਵਿਧਾਨ ਸਭਾ 'ਚ ਸਿੱਖ ਮਾਮਲਿਆਂ ਨੂੰ ਲੈ ਕੇ ਉਠਾਈ ਆਵਾਜ਼ ਬਾਅਦ ਕੀਤਾ | ਮੁੱਲਾਂਪੁਰ ਨੇ ਕਿਹਾ ਕਿ ਸਾਲ 1995 ਤੋਂ ਬਾਅਦ ਲੰਮਾ ਸਮਾਂ ਪੰਜਾਬ ਦੀ ਸੱਤ੍ਹਾ 'ਤੇ ਕਾਬਜ਼ ਰਹੇ ਅਕਾਲੀ ਦਲ ਦੀ ਕੇਂਦਰ ਸਰਕਾਰ ਵਿਚ ਵੀ ਭਾਈਵਾਲੀ ਰਹੀ, ਪਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਭਵ ਯਤਨ ਨਹੀਂ ਹੋਏੇ, ਅਜਿਹਾ ਹੁੰਦਾ ਤਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖ ਆਪਣੇ ਪਰਿਵਾਰਾਂ 'ਚ ਹੁੰਦੇ ਜਾਂ ਘੱਟੋ-ਘੱਟ ਉਨ੍ਹਾਂ ਨੂੰ ਪਰਿਵਾਰ ਦੀ ਖੁਸ਼ੀ-ਗ਼ਮੀ 'ਚ ਸ਼ਾਮਿਲ ਹੋਣ ਲਈ ਪੈਰੋਲ ਤਾਂ ਮਿਲਦੀ | ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਨਾ ਕਰਕੇ ਅਕਾਲੀ ਦਲ ਨੇ ਸ਼੍ਰੋਮਣੀ ਸ਼ਬਦ ਦਾ ਵੀ ਅਪਮਾਨ ਕੀਤਾ | ਵਿਧਾਨ ਸਭਾ 'ਚ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਹਲਕਾ ਦਾਖਾ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਸਬੰਧੀ ਕਾਨੂੰਨ ਲਈ ਆਵਾਜ਼ ਬੁਲੰਦ ਕਰਕੇ ਇਕ ਚਿੰਤਤ ਸਿੱਖ ਹੋਣ ਦਾ ਫ਼ਰਜ਼ ਪੂਰਾ ਕੀਤਾ | ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਨੇ ਸਵਾਲ ਕੀਤਾ ਕਿ ਐੱਨ.ਐੱਸ.ਏ. ਕੀ ਕੇਵਲ ਸਿੱਖਾਂ ਲਈ ਬਣੀ ਹੈ, ਜਦ ਕਿ ਹੋਰ ਮਜ਼੍ਹਬਾਂ ਦੇ ਲੋਕ ਵੀ ਅਕਸਰ ਕਾਨੂੰਨ ਤੋੜਦੇ ਰਹਿੰਦੇ ਹਨ, ਉਨ੍ਹਾਂ ਲਈ ਅਜਿਹਾ ਨਹੀਂ! ਚੇਅਰਮੈਨ ਮੁੱਲਾਂਪੁਰ ਨੇ ਕਿਹਾ ਕਿ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਵਿਧਾਨ ਸਭਾ 'ਚ ਸਿੱਖਾਂ ਲਈ ਪੇਚੀਦਾ ਮਾਮਲਿਆਂ ਨੂੰ ਲੈ ਕੇ ਬੁਲੰਦ ਆਵਾਜ਼ ਦਾ ਮੁੱਲ ਲੋਕ ਆਗਾਮੀ ਵਿਧਾਨ ਸਭਾ ਚੋਣ 'ਚ ਵੋਟ ਰਾਹੀਂ ਪੂਰਾ ਕਰਨਗੇਂ, ਜਿਸ ਲਈ ਰਿਹਸਲ ਪਹਿਲਾਂ ਬਲਾਕ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹੋ ਚੁੱਕੀ ਹੈ |