ਸਿੱਧਵਾਂ ਬੇਟ, 11 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਅਤੇ ਜ਼ੋਨ ਪੁੜੈਣ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ ਨੇ ਬਦਲਾਅ ਵਾਲੀ ਮਾਨ ਸਰਕਾਰ ਵਲੋਂ ਹੁਣ ਵੋਟਾਂ ਲੁਭਾਉਣ ਦੇ ਮੱਦੇਨਜਰ ਪੰਜ ਸਾਲਾਂ ਵਿਚ 60 ਹਜ਼ਾਰ ਦੇਣ ਦੀ ਬਜਾਏ ਹੁਣ ਰਹਿੰਦੇ ਮਹੀਨਿਆਂ ਵਿਚ ਸਿਰਫ਼ 1000 ਹਜ਼ਾਰ ਪ੍ਰਤੀ ਮਹੀਨਾ ਦੇਣ ਦੀ ਗੱਲ ਕਰਕੇ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਹੈ | ਮਾਨ ਸਰਕਾਰ ਨੂੰ ਆਪਣੇ ਨਿਸ਼ਾਨੇ 'ਤੇ ਲੈਂਦੇ ਹੋਏ ਆਖਿਆ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਔਰਤ ਵਰਗ ਨਾਲ ਵੱਡਾ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਬਣ ਗਈ ਤਾਂ ਤੁਹਾਨੂੰ ਪਹਿਲੇ ਮਹੀਨੇ ਤੋਂ ਹੀ 1000 ਪ੍ਰਤੀ ਮਹੀਨਾ ਦਿੱਤਾ ਜਾਵੇਗਾ ਜੋ ਤੁਹਾਡੇ ਖਾਤਿਆਂ ਵਿਚ ਆਵੇਗਾ | ਜਿਸ ਨੂੰ ਲੈ ਕੇ ਬੀਬੀਆਂ ਪਿਛਲੇ ਚਾਰ ਸਾਲਾਂ ਤੋਂ ਉਡੀਕ ਕਰ ਰਹੀਆਂ ਸਨ ਕਿ ਚਲੋਂ ਮਾਨ ਸਰਕਾਰ ਇਹ ਸਾਰੀ ਰਕਮ ਇਕੱਠੀ ਹੀ ਸਾਡੇ ਖਾਤਿਆਂ ਵਿਚ ਪਾ ਦੇਵੇਗੀ | ਪਰ ਹੁਣ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਸਰਕਾਰ ਬੀਬੀਆਂ ਨੂੰ ਖੁਸ਼ ਕਰਨ ਲਈ ਉਨਾਂ ਦੇ ਖਾਤਿਆਂ ਵਿਚ ਹਰ ਮਹੀਨੇ 1000 ਹਜ਼ਾਰ ਰੁਪਏ ਪਾਉਣ ਦੀ ਗੱਲ ਕਰ ਰਹੀ ਹੈ ਪਰ ਇਹ ਵੀ ਨਹੀਂ ਪਤਾ ਕਿ ਇਹ ਰਕਮ ਆਵੇਗੀ ਕਿ ਨਹੀਂ | ਹਾਂਸ ਨੇ ਮਾਨ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਭਿ੍ਸ਼ਟ ਅਤੇ ਫੇਲ੍ਹ ਸਰਕਾਰ ਆਖਦੇ ਹੋਏ ਆਖਿਆ ਕਿ ਹਰ ਮਹਿਕਮੇ ਵਿਚ ਰਿਸ਼ਵਤ ਦਾ ਪੂਰਾ ਬੋਲਬਾਲਾ ਹੈ ਕਿਸੇ ਦਾ ਕੋਈ ਵੀ ਕੰਮ ਬਿਨਾਂ ਪੈਸੇ ਤੋਂ ਨਹੀਂ ਹੋ ਰਿਹਾ | ਸਰਕਾਰ ਵਿਰੋਧੀਆਂ ਨੂੰ ਬੇਵਜ੍ਹਾ ਨਿਸ਼ਾਨਾ ਬਣਾ ਰਹੀ ਹੈ ਅਤੇ ਪੁਲਿਸ ਲੋਕਾਂ ਨੂੰ ਸੁਰੱਖਿਆ ਦੇਣ ਦੀ ਬਜਾਏ ਸਿਆਸੀ ਸ਼ਹਿ 'ਤੇ ਉਨ੍ਹਾਂ ਦੇ ਖ਼ਿਲਾਫ਼ ਝੂਠੇ ਮਾਮਲੇ ਦਰਜ ਕਰ ਰਹੀ ਹੈ | ਹਾਂਸ ਨੇ ਆਖਿਆ ਕਿ ਬੇਟ ਇਲਾਕੇ ਵਿਚ ਨਿੱਤ-ਦਿਨ ਹੋ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਲੈ ਕੇ ਲੋਕ ਪ੍ਰੇਸ਼ਾਨ ਹਨ ਅਤੇ ਮਾਨ ਸਰਕਾਰ ਨੂੰ 2027 ਦੀਆਂ ਚੋਣਾਂ ਵਿਚ ਚੱਲਦਾ ਕਰਨ ਲਈ ਤਿਆਰ ਬੈਠੇ ਹਨ |